ਜਸਟਿਨ ਟਰੂਡੋ ਨੇ ਜਰਮਨ ਯਹੂਦੀ ਸ਼ਰਨਾਰਥੀਆਂ ਤੋਂ ਮੰਗੀ ਮੁਆਫੀ

ਓਟਾਵਾ, 9 ਨਵੰਬਰ (ਸ.ਬ.) ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਯਹੂਦੀ ਸ਼ਰਨਾਰਥੀਆਂ ਤੋਂ ਮੁਆਫੀ ਮੰਗੀ| ਇਹ ਉਹੀ ਯਹੂਦੀ ਸ਼ਰਨਾਰਥੀ ਸਨ ਜਿਹੜੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਦੇ ਕੁਝ ਮਹੀਨੇ ਪਹਿਲਾਂ ਨਾਜ਼ੀ ਜਰਮਨੀ ਵਿਚੋਂ ਦੌੜ ਕੇ ਆਏ ਸਨ| ਐਮ.ਐਸ. ਸੇਂਟ ਲੁਈਸ ਜਹਾਜ਼ 15 ਮਈ 1939 ਨੂੰ ਜਰਮਨੀ ਤੋਂ ਰਵਾਨਾ ਹੋਇਆ ਸੀ, ਜਿਸ ਵਿਚ 907 ਜਰਮਨੀ ਯਹੂਦੀ ਸ਼ਰਨਾਰਥੀ ਸਵਾਰ ਸਨ| ਇਸ ਜਹਾਜ਼ ਨੇ ਅੰਧ ਮਹਾਸਾਗਰ ਪਾਰ ਕੀਤਾ ਹੀ ਸੀ ਕਿ ਉਸੇ ਵੇਲੇ ਅੰਗਰੇਜ਼ ਸਰਕਾਰ ਦੀਆਂ ਆਵਾਸ ਵਿਰੋਧੀ ਨੀਤੀਆਂ ਕਰ ਕੇ ਯਾਤਰੀਆਂ ਨੂੰ ਨਾ ਤਾਂ ਕਿਊਬਾ ਵਿਚ ਅਤੇ ਨਾ ਹੀ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਤੇ ਉਤਰਨ ਦਿੱਤਾ ਗਿਆ|
ਜਹਾਜ਼ ਨੂੰ ਵਾਪਸ ਯੂਰਪ ਮੁੜਨਾ ਪਿਆ ਤੇ ਬਹੁਤ ਸਾਰੇ ਯਾਤਰੀਆਂ ਨੂੰ ਨਾਜ਼ੀਆਂ ਦੇ ਤਸੀਹੇ ਕੈਂਪਾਂ ਵਿਚ ਸੁੱਟ ਦਿੱਤਾ ਗਿਆ| ਇਨ੍ਹਾਂ ਵਿਚੋਂ 254 ਯਹੂਦੀ ਕਤਲੇਆਮ ਵਿਚ ਮਾਰੇ ਗਏ ਸਨ| ਟਰੂਡੋ ਨੇ ਕੱਲ ਸੰਸਦ ਵਿਚ ਇਸ ਵਤੀਰੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ,”ਅੱਜ ਮੈਂ ਇਸ ਸਦਨ ਵਿਚ ਖੜ੍ਹਾ ਹੋ ਕੇ ਕੈਨੇਡਾ ਤੋਂ ਵਾਪਸ ਮੋੜੇ ਗਏ ਸ਼ਰਨਾਰਥੀਆਂ ਤੋਂ ਮੁਆਫੀ ਮੰਗਦਾਂ ਹਾਂ ਜੋ ਕਿ ਬਹੁਤ ਸਮਾਂ ਪਹਿਲਾਂ ਹੀ ਮੰਗ ਲਈ ਜਾਣੀ ਚਾਹੀਦੀ ਸੀ|” ਦੂਜੇ ਪਾਸੇ ਟਰੂਡੋ ਦੀ ਪਾਰਟੀ ਨੇ ਵੀ ਇਸ ਮੁਆਫੀਨਾਮੇ ਦੀ ਹਿਮਾਇਤ ਕੀਤੀ ਹੈ|

Leave a Reply

Your email address will not be published. Required fields are marked *