ਜਸਟਿਨ ਟਰੂਡੋ ਬੀ. ਸੀ. ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਖੁਦ ਕਰਨਗੇ ਮੁਆਇਨਾ

ਬ੍ਰਿਟਿਸ਼ ਕੋਲੰਬੀਆ, 31 ਜੁਲਾਈ (ਸ.ਬ.) ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲ ਦੀ ਅੱਗ ਕਾਰਨ ਹੋਏ ਨੁਕਸਾਨ ਦਾ ਮੁਆਇਨਾ ਕਰਨ ਲਈ ਖੁਦ ਜਾਣਗੇ| ਇੱਥੇ ਹਾਲਾਤ ਵਿੱਚ ਬਦਲਾਅ ਜਾਰੀ ਹੈ| ਜਸਟਿਨ ਟਰੂਡੋ, ਪ੍ਰੀਮੀਅਰ ਜੌਹਨ ਹੌਰਗਨ ਅਤੇ ਕੈਬਨਿਟ ਮੰਤਰੀਆਂ ਨੇ ਵਿਲੀਅਮਜ਼ ਲੇਕ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ| ਦੱਸਣ ਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਬੀ. ਸੀ. ਦੇ ਅੰਦਰੂਨੀ ਇਲਾਕੇ ਵਿੱਚ ਰਹਿਣ ਵਾਲੇ ਲਗਭਗ 10,000 ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਸੀ| ਅੱਗ ਇੰਨੀ ਜ਼ਬਰਦਸਤ ਸੀ ਕਿ ਕਈ ਇਲਾਕਿਆਂ ਦਾ ਹਾਈਵੇਅ ਨਾਲੋਂ ਸੰਪਰਕ ਹੀ ਟੁੱਟ ਗਿਆ|
ਉਚ ਅਧਿਕਾਰੀਆਂ ਦਾ ਇਹ ਗਰੁੱਪ ਵਿਲੀਅਮਜ਼ ਲੇਕ ਵਿਖੇ ਫਾਇਰ ਸੈਂਟਰ ਅਤੇ ਅੱਗ ਨਾਲ ਤਬਾਹ ਹੋਏ ਇਲਾਕੇ ਦਾ ਹਵਾਈ ਮੁਆਇਨਾ ਕਰਨ ਤੋਂ ਪਹਿਲਾਂ ਫੌਜ ਅਤੇ ਕੈਨੇਡਾ ਪੁਲੀਸ ਦੇ ਮੈਂਬਰਾਂ ਨਾਲ ਮੁਲਾਕਾਤ ਕਰੇਗਾ|
ਪਿਛਲੇ ਕੁਝ ਦਿਨਾਂ ਤੋਂ ਵਿਲੀਅਮਜ਼ ਲੇਕ ਵਾਸੀ ਘਰ ਪਰਤਣ ਲੱਗੇ ਹਨ ਪਰ ਹੋਰਨਾਂ ਇਲਾਕਿਆਂ ਦੇ ਲੋਕਾਂ ਨੂੰ ਅਜੇ ਵੀ ਘਰ ਪਰਤਣ ਦੀ ਇਜਾਜ਼ਤ ਨਹੀਂ ਮਿਲੀ ਹੈ| ਐਮਰਜੈਂਸੀ ਮੈਨੇਜਮੈਂਟ ਬੀ.ਸੀ. ਦੇ ਰੌਬਰਟ ਟਰਨਰ ਨੇ ਦੱਸਿਆ ਕਿ ਬੀਤੇ ਦਿਨੀਂ 6000 ਦੇ ਕਰੀਬ ਲੋਕ ਅਜੇ ਵੀ ਬੇਘਰਾਂ ਦੀ ਸੂਚੀ ਵਿਚ ਸ਼ਾਮਲ ਹਨ| ਟਰੂਡੋ ਬੀ. ਸੀ. ਦੇ ਸ਼ਹਿਰ ਰੇਵੇਲਸਟੋਕ ਵਿਚ ਸਨ, ਜਿਥੇ ਉਨ੍ਹਾਂ ਅੱਗ ਨਾਲ ਤਬਾਹੀ ਹੋਈ ਬੀ.ਸੀ. ਕਮਿਊਨਿਟੀਜ਼ ਲਈ ਰਾਹਤ ਕਾਰਜ ਚਲਾਉਣ ਲਈ ਰੈਡ ਕਰਾਸ ਨੂੰ ਵਧ ਤੋਂ ਵਧ ਦਾਨ ਦੇਣ ਲਈ ਆਖਿਆ| ਟਰੂਡੋ ਨੇ ਆਖਿਆ ਕਿ ਜਦੋਂ ਵੀ ਸਾਡੇ ਉਤੇ ਕੋਈ ਮੁਸੀਬਤ ਆਈ ਹੈ ਤਾਂ  ਕੈਨੇਡੀਅਨਜ਼ ਨੇ ਇੱਕਜੁੱਟ ਹੋ ਕੇ ਮੁਸੀਬਤ ਦਾ ਸਾਹਮਣਾ ਕੀਤਾ ਹੈ ਅਤੇ ਲੋੜਵੰਦਾਂ ਦੀ ਹਰ ਸੰਭਵ ਮਦਦ ਕੀਤੀ ਹੈ| ਇਸ ਵਾਰੀ ਵੀ ਅਸੀਂ ਕੈਨੇਡੀਅਨਾਂ ਤੋਂ ਇਹੋ ਉਮੀਦ ਕਰਦੇ ਹਾਂ|
ਬੀਤੇ ਕੱਲ੍ਹ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੂਬੇ ਵਿੱਚ 150 ਥਾਂਵਾਂ ਉਤੇ ਅੱਗ ਅਜੇ ਵੀ ਲੱਗੀ ਹੋਈ ਹੈ ਅਤੇ ਫਾਇਰ ਫਾਈਟਰਾਂ ਦਾ ਕਹਿਣਾ ਹੈ ਕਿ ਗਰਮ ਅਤੇ ਤੇਜ਼ ਹਵਾਵਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਅੱਗ ਹੋਰ ਫੈਲ ਸਕਦੀ ਹੈ| ਬੀਸੀ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਜੰਗਲ ਆਮ ਨਾਲੋਂ ਕਿਤੇ ਜ਼ਿਆਦਾ ਖੁਸ਼ਕ ਹਨ|

Leave a Reply

Your email address will not be published. Required fields are marked *