ਜਸਟਿਸ ਬੀ.ਐਚ. ਲੋਇਆ ਮੌਤ ਕੇਸ: ਸੁਪਰੀਮ ਕੋਰਟ ਨੇ ਖਾਰਿਜ ਕੀਤੀ ਸੁਤੰਤਰ ਜਾਂਚ ਦੀ ਮੰਗ

ਨਵੀਂ ਦਿੱਲੀ, 19 ਅਪ੍ਰੈਲ (ਸ.ਬ.) ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਬੀ. ਐਚ. ਲੋਇਆ ਦੀ ਮੌਤ ਦੀ ਐਸ. ਆਈ. ਟੀ. ਤੋਂ ਜਾਂਚ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ| ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਡੀ.ਵਾਈ. ਚੰਦਰਚੂੜ ਅਤੇ ਏ. ਐਮ. ਖਾਨਵਿਲਕਰ ਦੀ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨਾਂ ਸਿਆਸੀ ਹਿੱਤ ਸਾਧਨ ਅਤੇ ਚਰਚਾ ਬਟੋਰਨ ਲਈ ਜਾਰੀ ਕੀਤੀਆਂ ਗਈਆਂ ਲੱਗਦੀਆਂ ਹਨ ਪਰ ਇਨ੍ਹਾਂ ਦਾ ਕੋਈ ਠੋਸ ਆਧਾਰ ਨਹੀਂ ਹੈ| ਸੂਤਰਾਂ ਅਨੁਸਾਰ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਵਿੱਚ 4 ਜੱਜਾਂ ਦੇ ਬਿਆਨਾਂ ਤੇ ਸ਼ੱਕ ਦਾ ਕੋਈ ਕਾਰਨ ਨਹੀਂ ਬਣਦਾ| ਇਹੀ ਨਹੀਂ ਸੁਪਰੀਮ ਕੋਰਟ ਨੇ ਪਟੀਸ਼ਨਾਂ ਨੂੰ ਲੈ ਕੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਪਟੀਸ਼ਨਾਂ ਅਦਾਲਤ ਦੀ ਅਕਸ ਨੂੰ ਖਰਾਬ ਕਰਨ ਦੀ ਇਕ ਕੋਸ਼ਿਸ਼ ਹੈ|
ਸੋਹਰਾਬੁਦੀਨ ਸ਼ੇਖ ਦੇ ਕਥਿਤ ਫਰਜ਼ੀ ਐਨਕਾਊਂਟਰ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਬੀ.ਐਚ. ਲੋਇਆ ਦੀ ਮੌਤ ਦੀ ਸੁਤੰਤਰ ਜਾਂਚ ਦਲ ਤੋਂ ਜਾਂਚ ਦੀ ਮੰਗ ਨੂੰ ਲੈ ਕੇ ਕਈ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਦਾਖਲ ਕੀਤੀਆਂ ਗਈਆਂ ਸਨ| ਇਨ੍ਹਾਂ ਪਟੀਸ਼ਨਾਂ ਤੇ 16 ਮਾਰਚ ਨੂੰ ਸੁਣਵਾਈ ਪੂਰੀ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ 19 ਅਪ੍ਰੈਲ ਤੱਕ ਲਈ ਫੈਸਲਾ ਸੁਰੱਖਿਅਤ ਰੱਖ ਲਿਆ ਸੀ| ਇਕ ਦਸੰਬਰ 2014 ਨੂੰ ਨਾਗਪੁਰ ਵਿੱਚ ਜੱਜ ਲੋਇਆ ਦੀ ਮੌਤ ਹੋ ਗਈ ਸੀ, ਜਦੋਂ ਉਹ ਆਪਣੇ ਇਕ ਸਹਿ ਕਰਮਚਾਰੀ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ| ਕਿਹਾ ਜਾਂਦਾ ਹੈ ਕਿ ਜੱਜ ਲੋਇਆ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਨਵੰਬਰ 2017 ਵਿੱਚ ਜੱਜ ਲੋਇਆ ਦੀ ਮੌਤ ਨੂੰ ਉਨ੍ਹਾਂ ਦੀ ਭੈਣ ਨੇ ਸ਼ੱਕੀ ਦੱਸਿਆ ਸੀ| ਇਸ ਤੋਂ ਬਾਅਦ ਇਹ ਮਾਮਲਾ ਉਠਿਆ ਅਤੇ ਉਸ ਦੇ ਤਾਰ ਸੋਹਰਾਬੁਦੀਨ ਸ਼ੇਖ ਐਨਕਾਊਂਟਰ ਨਾਲ ਜੋੜਦੇ ਹੋਏ ਉਨ੍ਹਾਂ ਦੀ ਮੌਤ ਦੀ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਕਈ ਪਟੀਸ਼ਨਾਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀਆਂ ਗਈਆਂ|

Leave a Reply

Your email address will not be published. Required fields are marked *