ਜਹਿਰੀਲੀ ਸ਼ਰਾਬ ਕਾਂਡ ਦੀ ਸੀ. ਬੀ. ਆਈ. ਜਾਂਚ ਕਰਾਉਣ ਦੀ ਮੰਗ

ਐਸ ਏ ਅਸ ਨਗਰ, 21 ਅਗਸਤ (ਸ.ਬ.) ਭਾਜਪਾ ਆਗੂਆਂ ਦੇ ਇੱਕ ਵਫਦ ਨੇ ਪਾਰਟੀ ਦੀ ਜਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਰੁਣ ਸ਼ਰਮਾ ਦੀ ਅਗਵਾਈ ਵਿੱਚ ਏ ਡੀ ਸੀ ਅਸ਼ਿਕਾ ਜੈਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਵਿੱਚ ਹੋਏ ਜਹਿਰੀਲੀ ਸ਼ਰਾਬ ਕਾਂਡ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ| 
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਵਲੋਂ ਪਿੱਛਲੇ ਲੰਬੇ ਸਮੇਂ ਤੋਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਮਾਫੀਆ ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ| 
ਪੱਤਰ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਮਹਾਮਾਰੀ ਦੌਰਾਨ ਨਸ਼ਾ ਮਾਫੀਆਂ ਨੇ ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦੀ ਨਕਲੀ ਸ਼ਰਾਬ ਬਣਾਈ ਅਤੇ ਵੇਚੀ ਅਤੇ ਇਹ ਸਭ ਰਾਜਨੀਤਿਕ ਅਤੇ ਪੁਲੀਸ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਸੀ|  ਪੱਤਰ ਵਿੱਚ ਕਿਹਾ ਗਿਆ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਸਾਂਸਦਾਂ ਨੇ ਇਸ ਨਾਪਾਕ ਗਠਜੋੜ ਬਾਰੇ ਅਹਿਮ ਖੁਲਾਸੇ ਕੀਤੇ ਹਨ| ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਤੀਜਾ ਇਹ ਨਿਕਲਿਆ ਕਿ ਲਗਭਗ 128  ਪੰਜਾਬੀਆਂ ਨੂੰ ਆਪਣੀ ਜਾਨ ਗੁਆਣੀ ਪਈ| 
ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ 20 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਹਜ਼ਾਰਾਂ ਵਰਕਰ ਸੜਕਾਂ ਤੇ ਆ ਕੇ ਇਨਸਾਫ ਦੀ ਮੰਗ ਕਰ ਰਹੇ ਹਨ ਪ੍ਰੰਤੂ ਸਰਕਾਰ ਸ਼ਰਾਬ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਭਾਜਪਾ ਵਰਕਰਾਂ ਤੇ ਪਰਚੇ ਦਰਜ ਕਰ ਰਹੀ ਹੈ| 
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਜਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਦੀ ਜਿੰਮੇਵਾਰੀ ਸੀ. ਬੀ. ਆਈ ਨੂੰ ਸੌਂਪੀ ਜਾਵੇ ਕਿਉਂਕਿ ਕਾਂਗਰਸ ਸਰਕਾਰ ਅਤੇ ਪੰਜਾਬ ਪੁਲੀਸ ਨੇ ਜਨਤਾ ਨੂੰ ਇਨਸਾਫ ਨਹੀਂ ਦਿੱਤਾ| ਪੰਜਾਬ ਵਿੱਚ ਪਿੱਛਲੇ ਮਹੀਨਿਆਂ ਦੌਰਾਨ 10 ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ ਜਿੰਨਾ ਬਾਰੇ ਅੱਜ ਤੱਕ ਪੰਜਾਬ ਪੁਲੀਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਬਲਕਿ ਮਾਮਲੇ ਦੀ ਲੀਪਾਪੋਤੀ ਕਰਣ ਦੀਆਂ ਕੋਸ਼ਿਸ਼ਾਂ ਜਾਰੀ ਹਨ| ਇਸ ਹਾਲਤ ਵਿੱਚ ਪੰਜਾਬ ਪੁਲੀਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਇਸ ਲਈ ਇਸ ਕਾਂਡ ਸਮੇਤ ਨਕਲੀ ਸ਼ਰਾਬ ਦੇ ਬਾਕੀ ਸਾਡੇ ਕੇਸਾਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਕੜੀ ਸਜਾ ਦਿੱਤਾ ਜਾ ਸਕੇ| 
ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ੋਕ ਝਾ, ਸ੍ਰੀਮਤੀ ਪ੍ਰ੍ਰਵੇਸ਼ ਸ਼ਰਮਾ, ਸ੍ਰੀ ਉਮਾ ਕਾਂਤ ਤਿਵਾੜੀ, ਸ੍ਰੀ ਅਨਿਲ ਕੁਮਾਰ ਗੁੱਡੂ, ਸ੍ਰੀ ਮਦਨ ਗੋਇਲ, ਮਨੀਸ਼ ਭਾਰਦਵਾਜ, ਹੋਸ਼ਿਆਰ ਚੰਦ ਸਿੰਗਲਾ ਵੀ ਹਾਜਿਰ ਸਨ|

Leave a Reply

Your email address will not be published. Required fields are marked *