ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ 19 ਦੀ ਜਾਂਚ ਲਈ ਤਿੰਨ ਵਿਸ਼ੇਸ਼ ਓਪਨ ਏਅਰ ਜਾਂਚ ਕੇਂਦਰ ਕਾਇਮ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿਚ ਡਰਾਈਵ-ਥਰੂ ਟੈਸਟਿੰਗ ਦੀ ਸਹੂਲੀਅਤ ਵੀ ਸਥਾਪਤ ਕੀਤੀ

ਐਸ.ਏ.ਐਸ.ਨਗਰ, 7 ਅਕਤੂਬਰ (ਸ.ਬ.) ਕੋਵਿਡ 19 ਦੇ ਸੰਭੀਵੀ ਮਰੀਜਾਂ ਦੀ ਜਾਂਚ ਲਈ ਕੀਤੀ ਜਾਣ ਵਾਲੀ ਟੈਸਟਿੰਗ ਦੀ ਪ੍ਰਕਿਆ ਨੂੰ ਤੇਜ ਕਰਨ ਲਈ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਕਟਰ 78 ਦੇ ਸਟੇਡੀਅਮ ਵਿੱਚ ਡਰਾਈਵ ਥਰੂ ਟੈਸਟਿੰਗ ਦੀ ਸਹੂਲੀਅਤ ਆਰੰਭ ਕੀਤੀ ਗਈ ਹੈ ਜਿਸਦੇ ਤਹਿਤ ਕੋਵਿਡ ਦੀ ਜਾਂਚ ਕਰਵਾਉਣ ਲਈ ਆਪਣੇ ਨਿੱਜੀ ਵਾਹਨ ਵਿੱਚ ਆਉਣ ਵਾਲੇ ਲੋਕਾਂ ਦਾ ਸੈਂਪਲ ਉਹਨਾਂ ਦੀ ਗੱਡੀ ਵਿੱਚ ਬੈਠੇ ਬਿਠਾਏ ਹੀ ਲੈ ਲਿਆ ਜਾਂਦਾ ਹੈ| 
ਪੰਜਾਬ ਯੁਵਕ ਸੇਵਾਵਾਂ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਸੁਖਜਿੰਦਰ ਬਿੰਦਰਾ ਵਲੋਂ ਅੱਜ ਇਸ ਸਹੂਲੀਅਤ ਦਾ ਰਸਮੀ ਉਦਘਾਟਨ ਕਰਨ ਮੌਕੇ ਖੁਦ ਕੋਵਿਡ ਟੈਸਟ ਕਰਵਾਇਆ ਗਿਆ| ਇਸ ਮੌਕੇ ਉਹਨਾਂ ਕਿਹਾ ਕਿ ਇਥੇ ਕੋਈ ਵਿਅਕਤੀ ਆਪਣੇ ਵਾਹਨ ਰਾਹੀਂ ਟੈਸਟਿੰਗ ਸਥਾਨ ਤੇ ਪਹੁੰਚ ਸਕਦਾ ਹੈ| ਉਹ ਐਂਟਰੀ ਗੇਟ ਦੇ ਨਜ਼ਦੀਕ ਇੱਕ ਕਾਊਂਟਰ ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਆਪਣੇ ਵਾਹਨ ਤੋਂ ਉਤਰੇ ਬਿਨ੍ਹਾਂ ਨੱਕ ਜਾਂ ਗਲੇ ਤੋਂ ਸੈਂਪਲ ਦੇਣ ਲਈ ਸੈਂਪਲਿੰਗ ਕਾਊਂਟਰ ਤੇ ਜਾ ਸਕਦਾ ਹੈ| ਟੈਸਟਿੰਗ ਦੀ ਇਸ ਪ੍ਰਕਿਰਿਆ ਨੂੰ ਲਗਭਗ ਪੰਜ ਮਿੰਟ ਲਗਦੇ ਹਨ ਅਤੇ ਟੈਸਟ ਦਾ ਨਤੀਜਾ ਫੋਨ ਤੇ ਇਕ ਸੰਦੇਸ਼ ਰਾਹੀਂ ਦਿੱਤਾ ਜਾਂਦਾ ਹੈ|
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਤਿੰਨ ਵਿਸ਼ੇਸ਼ ਓਪਨ ਏਅਰ ਟੈਸਟਿੰਗ ਸੈਂਟਰਾਂ ਅਤੇ ਡਰਾਈਵ-ਥਰੂ ਟੈਸਟਿੰਗ ਸਹੂਲੀਅਤ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲੇ ਵਿਚ ਟੈਸਟਿੰਗ ਸੈਂਟਰਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਟੈਸਟਿੰਗ ਸਹੂਲਤ ਦਿੱਤੀ ਜਾ              ਸਕੇ| ਉਹਨਾਂ ਕਿਹਾ ਕਿ ਕੋਵਿਡ-19 ਦੇ ਵੱਧ ਤੋਂ ਵੱਧ ਨਮੂਨੇ ਲੈਣ ਲਈ ਵਿਸਤ੍ਰਤ ਟੈਸਟਿੰਗ ਸਹੂਲਤਾਂ ਦੀ ਜ਼ਰੂਰਤ ਹੈ, ਇਸ ਲਈ ਜਾਂਚ ਕੇਂਦਰਾਂ ਵਿੱਚ ਵਾਧਾ ਕੀਤਾ ਗਿਆ ਹੈ| ਹਸਪਤਾਲਾਂ ਵਿੱਚ ਜਾਣ ਸਬੰਧੀ ਲੋਕਾਂ ਦੇ ਡਰ ਨੂੰ ਦੂਰ ਕਰਨ ਲਈ ਨਵੇਂ ਟੈਸਟਿੰਗ ਸੈਂਟਰ ਖੁੱਲੀ ਹਵਾਦਾਰ ਥਾਂਵਾਂ, ਮੈਦਾਨਾਂ ਅਤੇ ਸਟੇਡੀਅਮਾਂ ਵਿੱਚ ਸਥਾਪਤ ਕੀਤੇ ਗਏ ਹਨ| 
ਉਹਨਾਂ ਕਿਹਾ ਕਿ ਹਰੇਕ ਸਬ-ਡਵੀਜ਼ਨ ਵਿਚ ਇਕ-ਇਕ ਓਪਨ            ਏਅਰ ਟੈਸਟਿੰਗ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਹਨਾਂ ਵਿੱਚ ਸ਼ਹੀਦ                   ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼ 6, ਮੁਹਾਲੀ, ਰਾਮ ਭਵਨ, ਦੁਸਹਿਰਾ ਗਰਾਊਂਡ ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ ਸ਼ਾਮਿਲ ਹਨ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਕੋਵਿਡ-19 ਦੇ ਸਰਕਾਰੀ ਟੈਸਟਿੰਗ ਸੈਂਟਰਾਂ ਦੀ ਕੁੱਲ ਗਿਣਤੀ 13 ਹੋ ਗਈ ਹੈ ਜਿਹਨਾਂ ਨੂੰ 16 ਪ੍ਰਾਇਵੇਟ ਟੈਸਟਿੰਗ ਕੇਂਦਰਾਂ ਅਤੇ 6 ਅਧਿਕਾਰਤ ਲੈਬਾਂ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ|
ਜ਼ਿਕਰਯੋਗ ਹੈ ਕਿ ਸਰਕਾਰੀ ਟੈਸਟਿੰਗ ਸੈਂਟਰਾਂ ਵਿੱਚ ਇਹ ਟੈਸਟ ਮੁਫਤ ਕੀਤੇ ਜਾਂਦੇ ਹਨ| ਇਹ ਸੈਟਰ ਜ਼ਿਲ੍ਹਾ ਹਸਪਤਾਲ ਮੁਹਾਲੀ, ਪ੍ਰਾਈਮਰੀ ਹੈਲਥ ਸੈਂਟਰ ਘੜੂੰਆਂ, ਸਬ ਡਵੀਜ਼ਨਲ ਹਸਪਤਾਲ ਡੇਰਾਬਸੀ, ਕਮਿਊਨਿਟੀ ਹੈਲਥ ਸੈਂਟਰ ਕੁਰਾਲੀ, ਸਬ ਡਵੀਜ਼ਨਲ ਹਸਪਤਾਲ ਖਰੜ, ਪ੍ਰਾਈਮਰੀ ਹੈਲਥ ਸੈਂਟਰ ਲਾਲੜੂ, ਪ੍ਰਾਈਮਰੀ ਹੈਲਥ ਸੈਂਟਰ ਢਕੋਲੀ, ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ, ਪ੍ਰਾਈਮਰੀ ਹੈਲਥ ਸੈਂਟਰ ਬਨੂੜ, ਸਪੋਰਟਸ ਕੰਪਲੈਕਸ ਗਮਾਡਾ, ਸੈਕਟਰ 78 ਮੁਹਾਲੀ, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼ 6 ਐਸ.ਏ.ਐਸ. ਨਗਰ, ਰਾਮ ਭਵਨ ਦੁਸ਼ਹਿਰਾ ਗਰਾਊਂਡ, ਖਰੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ ਵਿਖੇ ਸਥਿਤ ਹਨ|

Leave a Reply

Your email address will not be published. Required fields are marked *