ਜ਼ਿਲ੍ਹਾ ਸਿਹਤ ਵਿਭਾਗ ਨੂੰ ਮਿਲੀਆਂ ਦੋ ਹੋਰ ਨਵੀਆਂ ਐਂਬੂਲੈਂਸਾਂ

ਐਸ ਏ ਐਸ ਨਗਰ,  22 ਸਤੰਬਰ  (ਸ.ਬ.) ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਮਿਲੀਆਂ ਦੋ ਨਵੀਆਂ-ਨਕੋਰ ਐਂਬੂਲੈਂਸਾਂ ਨੂੰ ਅੱਜ ਅਪਣੇ ਦਫ਼ਤਰ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ| ਡਾ. ਮਨਜੀਤ ਸਿੰਘ ਨੇ ਦਸਿਆ ਕਿ ਇਹ ਬੇਸਿਕ ਬੀ.ਐਸ. 6 ਐਂਬੂਲੈਂਸਾਂ ਨਵੀਂ ਤਕਨੀਕ ਵਾਲੀਆਂ ਹਨ ਜਿਨ੍ਹਾਂ ਅੰਦਰ ਦੂਜੀਆਂ ਐਂਬੂਲੈਂਸਾਂ ਮੁਕਾਬਲੇ ਵਧੇਰੇ ਥਾਂ ਹੈ| 
ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚ ਅਤਿ-ਆਧੁਨਿਕ ਉਪਕਰਨ ਲੱਗੇ ਹੋਏ ਹਨ ਤਾਂ ਕਿ ਇਨ੍ਹਾਂ ਦੀ ਮਦਦ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਸਬੰਧਤ ਹਸਪਤਾਲ ਪਹੁੰਚਾਇਆ ਜਾ ਸਕੇ| ਉਨ੍ਹਾਂ ਦਸਿਆ ਕਿ ਇਹ ਦੋਵੇਂ ਐਂਬੂਲੈਂਸਾਂ ਨਵਾਂ ਗਰਾਉਂ ਅਤੇ ਸਿੰਘਪੁਰਾ ਨੇੜੇ ਜ਼ੀਰਕੁਪਰ ਵਿਖੇ ਤੈਨਾਤ ਕੀਤੀਆਂ ਜਾਣਗੀਆਂ ਅਤੇ ਸੜਕ ਹਾਦਸਗ੍ਰਸਤ ਪੀੜਤਾਂ ਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਕਾਫ਼ੀ ਮੱਦਦਗਾਰ ਸਾਬਤ ਹੋਣਗੀਆਂ| 
ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਨਿੱਜੀ ਦਿਲਚਸਪੀ ਸਦਕਾ ਪੰਜਾਬ ਸਰਕਾਰ ਵਲੋਂ ਇਹ ਨਵੀਆਂ ਗੱਡੀਆਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਹਨ ਅਤੇ ਨੇੜ ਭਵਿੱਖ ਵਿਚ ਅਜਿਹੀਆਂ ਹੋਰ ਗੱਡੀਆਂ ਮਿਲਣ ਦਾ ਭਰੋਸਾ ਵੀ ਮਿਲਿਆ ਹੈ|
ਇਸੇ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਡੀ.ਐਫ਼.ਪੀ. ਓ. ਡਾ. ਨਿਧੀ, ਡੀ.ਡੀ.ਐਚ.ਓ. ਡਾ. ਗੁਰਜੋਤ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ, ਜ਼ਿਲ੍ਹਾ ਫ਼ਾਰਮੇਸੀ ਅਫ਼ਸਰ ਜਗਦੇਵ ਸਿੰਘ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਸੁਪਰਵਾਇਜ਼ਰ ਕੰਵਲਜੀਤ ਸਿੰਘ ਆਦਿ ਮੌਜੂਦ ਸਨ|

Leave a Reply

Your email address will not be published. Required fields are marked *