ਜ਼ਿਲ੍ਹੇ ਵਿੱਚ ਕੋਵਿਡ-19 ਦੇ ਨਮੂਨੇ ਲੈਣ ਦੀ ਦਰ ਵਧਾ ਕੇ ਦੁਗਣੀ ਕੀਤੀ : ਗਿਰੀਸ਼ ਦਿਆਲਨ

ਐਸ.ਏ.ਐਸ.ਨਗਰ, 7 ਸਤੰਬਰ (ਸ.ਬ.) ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਵਿਰੁੱਧ ਆਪਣੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਨੇ ਕੋਵਿਡ -19 ਦੇ ਨਮੂਨੇ ਲੈਣ ਦੀ ਦਰ ਨੂੰ ਦੋ ਗੁਣਾ ਤੱਕ ਵਧਾ ਦਿੱਤਾ ਹੈ| ਉਹਨਾਂ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਲਈ ਪਹਿਲਾਂ ਪ੍ਰਤੀ ਦਿਨ ਲਗਭਗ 350 ਨਮੂਨੇ ਲਏ ਜਾ ਰਹੇ ਸਨ ਜਿਸ ਵਿੱਚ ਵਾਧਾ ਕਰਦਿਆਂ ਹੁਣ ਰੋਜ਼ਾਨਾ ਤਕਰੀਬਨ 850 ਤੋਂ 1100 ਨਮੂਨੇ ਲਏ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦਾ ਜਲਦੀ ਪਤਾ ਲਗਾਉਣਾ ਹੈ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਹੋਰਨਾਂ ਤੱਕ ਵੀ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ|
ਸ੍ਰੀ ਦਿਆਲਨ ਨੇ ਕਿਹਾ ਕਿ ਨਮੂਨੇ ਲੈਣ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ-ਨਾਲ ਟੈਸਟਿੰਗ ਨੂੰ ਵੀ ਵਧਾ ਕੇ ਦੁਗਣਾ ਕਰ ਦਿੱਤਾ ਗਿਆ ਹੈ| ਪਹਿਲਾਂ ਔਸਤਨ 400 ਟੈਸਟ ਪ੍ਰਤੀ ਦਿਨ ਦੇ ਮੁਕਾਬਲੇ ਹੁਣ ਔਸਤਨ ਤਕਰੀਬਨ 850 ਟੈਸਟ ਕੀਤੇ ਜਾ ਰਹੇ ਹਨ| ਉਹਨਾਂ ਦੱਸਿਆ ਕਿ 4 ਸਤੰਬਰ ਨੂੰ ਜ਼ਿਲ੍ਹੇ ਵਿੱਚ ਕੁੱਲ 946 ਨਮੂਨੇ ਲਏ ਗਏ ਸਨ ਜਿਨ੍ਹਾਂ ਵਿੱਚ 669 ਆਰ.ਟੀ.ਪੀ.ਸੀ.ਆਰ. ਟੈਸਟ, 19 ਟਰੂਨਾਟ ਅਤੇ 258 ਐਂਟੀਜੇਨ ਟੈਸਟ ਸ਼ਾਮਲ ਹਨ| ਇਸੇ ਤਰ੍ਹਾਂ, 5 ਸਤੰਬਰ ਨੂੰ ਸਿਹਤ ਟੀਮਾਂ ਵੱਲੋਂ 855 ਨਮੂਨੇ ਲਏ ਗਏ ਜਿਨ੍ਹਾਂ ਵਿੱਚ 554 ਆਰ.ਟੀ.ਪੀ.ਸੀ.ਆਰ. ਟੈਸਟ, 23 ਟਰੂਨਾਟ ਅਤੇ 278 ਐਂਟੀਜਨ ਟੈਸਟ ਸ਼ਾਮਲ ਹਨ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵਾਕ-ਇਨ ਟੈਸਟਿੰਗ ਅਤੇ ਘਰੇਲੂ ਇਕਾਂਤਵਾਸ ਕਰਨ ਦਾ ਨਿਵੇਕਲਾ ਢੰਗ ਅਪਣਾਇਆ ਹੈ| ਉਹਨਾਂ ਕਿਹਾ ਕਿ ਹੁਣ ਵਾਇਰਸ ਬਾਰੇ ਸ਼ੱਕ ਹੋਣ ਤੇ ਕੋਈ ਵੀ  ਵਿਅਕਤੀ ਜ਼ਿਲ੍ਹੇ ਦੇ 9 ਫਲੂ ਕਾਰਨਰਾਂ ਵਿੱਚੋਂ ਕਿਸੇ ਵਿੱਚ ਵੀ ਜਾ ਸਕਦਾ ਹੈ ਅਤੇ ਜੇ ਉਹ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ             ਘਰੇਲੂ ਇਕਾਂਤਵਾਸ ਲਈ ਸਵੈ-ਘੋਸ਼ਣਾ ਫਾਰਮ ਜਮ੍ਹਾਂ ਕਰ ਸਕਦਾ ਹੈ| ਸ੍ਰੀ ਦਿਆਲਨ ਨੇ ਕਿਹਾ ਅਜਿਹੇ ਮਾਮਲਿਆਂ ਵਿੱਚ, ਆਪਣੀ ਘੋਸ਼ਣਾ ਦੇ ਅਧਾਰ ਤੇ ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਦੀ ਆਗਿਆ ਦਿੱਤੀ ਜਾਵੇਗੀ ਅਤੇ ਸਿਹਤ ਟੀਮਾਂ ਰੋਜ਼ਾਨਾ ਮਰੀਜ਼ਾਂ ਦੀ ਸਿਹਤ ਦੀ ਨਿਗਰਾਨੀ ਕਰਨਗੀਆਂ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਨੀਤੀ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਘਰਾਂ ਦੇ ਬਾਹਰ ਕੋਈ ਵੀ ਇਕਾਂਤਵਾਸ ਸਟਿੱਕਰ ਨਹੀਂ ਲਗਾਇਆ ਜਾਵੇਗਾ|

Leave a Reply

Your email address will not be published. Required fields are marked *