ਜਾਂਚ ਏਜੰਸੀਆਂ ਦੀ ਕਾਰਜਸ਼ੈਲੀ ਤੇ ਸਵਾਲੀਆ ਨਿਸ਼ਾਨ?

ਸੀਬੀਆਈ ਹਾਲ ਦੇ ਸਾਲਾਂ ਵਿੱਚ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਿਤ ਅਤੇ ਵਿਵਾਦਾਂ ਵਿੱਚ ਰਹੀ ਹੈ| ਕੇਂਦਰ ਵਿੱਚ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਜਾਂ ਵਰਤਮਾਨ ਵਿੱਚ ਭਾਜਪਾ ਦੀ, ਇਸ ਉੱਤੇ ਆਪਣੇ ਰਾਜਨੀਤਿਕ ਨਫੇ-ਨੁਕਸਾਨ ਦੇ ਆਧਾਰ ਤੇ ਸੀਬੀਆਈ ਦੇ ਇਸਤੇਮਾਲ ਦੇ ਇਲਜ਼ਾਮ ਲੱਗਦੇ ਰਹੇ ਹਨ| ਸਿਖਰ ਅਦਾਲਤ ਵੀ ਸੀਬੀਆਈ ਨੂੰ ਪਿੰਜਰੇ ਵਿੱਚ ਬੰਦ ਤੋਤਾ ਕਹਿ ਚੁੱਕੀ ਹੈ| ਤਾਜ਼ਾ ਮਾਮਲਾ ਆਈ ਸੀ ਆਈ ਸੀ ਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ , ਉਨ੍ਹਾਂ ਦੇ ਪਤੀ ਦੀਪਕ ਕੋਚਰ ਅਤੇ ਵੀਡੀਓਕਾਨ ਗਰੁੱਪ ਦੇ ਐਮਡੀ ਵੇਣੁਗੋਪਾਲ ਧੂਤ ਨਾਲ ਜੁੜਿਆ ਹੈ| ਆਈਸੀਆਈਸੀਆਈ ਬੈਂਕ ਤੋਂ ਵੀਡੀਓਕਾਨ ਦੇ ਐਮਡੀ ਧੂਤ ਨੂੰ 3 , 250 ਕਰੋੜ ਦਾ ਕਰਜ ਦੇਣ ਅਤੇ ਬਦਲੇ ਵਿੱਚ ਚੰਦਾ ਕੋਚਰ ਦੇ ਪਤੀ ਦੀਪਕ ਨੂੰ ਫਾਇਦਾ ਪਹੁੰਚਾਉਣ ਦੀ ਕਥਿਤ ਬੇਨਿਯਮੀ ਦੇ ਇਲਜ਼ਾਮ ਦੀ ਜਾਂਚ ਸੀਬੀਆਈ ਕਰ ਰਹੀ ਸੀ| ਇਸ ਮਾਮਲੇ ਵਿੱਚ ਮੋੜ ਉਦੋਂ ਆਇਆ ਜਦੋਂ ਵਿੱਤ ਮੰਤਰੀ ਅਰੁਣ ਜੇਟਲੀ ਨੇ ਇਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਨੂੰ ਲੈ ਕੇ ਬਲਾਗ ਤੇ ਚਿੰਤਾ ਜਾਹਿਰ ਕੀਤੀ| ਦਰਅਸਲ, ਅਜਿਹਾ ਦੇਖਣ ਵਿੱਚ ਘੱਟ ਹੀ ਆਇਆ ਹੈ ਕਿ ਵਿੱਤੀ ਬੇਨਿਯਮੀ ਦੇ ਕਿਸੇ ਮਾਮਲੇ ਦੀ ਜਾਂਚ ਦੇ ਵਿਚਾਲੇ ਕਿਸੇ ਵਿੱਤ ਮੰਤਰੀ ਨੇ ਜਨਤਕ ਤੌਰ ਤੇ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਹੋਵੇ| ਉਨ੍ਹਾਂ ਦਾ ਇਹ ਕਹਿਣਾ ਕਿ ਪੇਸ਼ੇਵਰ ਜਾਂਚ ਅਤੇ ਜਾਂਚ ਦੀ ਹਿੰਮਤ ਵਿੱਚ ਅੰਤਰ ਹੁੰਦਾ ਹੈ, ਅਤੇ ਅਰਜੁਨ ਦੀ ਤਰ੍ਹਾਂ ਅੱਖ ਉੱਤੇ ਨਿਸ਼ਾਨੇ ਦੀ ਬਜਾਏ ਅੰਤਹੀਨ ਰਸਤਾ ਕਿਉਂ ਚੁਣਿਆ ਜਾ ਰਿਹਾ ਹੈ? ਇਸ ਤੋਂ ਬਾਅਦ ਚੰਦਾ ਕੋਚਰ ਉੱਤੇ ਕੇਸ ਦਰਜ ਕਰਨ ਵਾਲੇ ਅਧਿਕਾਰੀ ਸੁਧਾਂਸ਼ੁਧਰ ਮਿਸ਼ਰਾ ਦਾ ਤਬਾਦਲਾ ਕਰ ਦਿੱਤਾ ਗਿਆ| ਰਾਜਨੀਤਿਕ ਖੇਤਰ ਵਿੱਚ ਵਿੱਤ ਮੰਤਰੀ ਦੇ ਬਿਆਨ ਨੂੰ ਸੀਬੀਆਈ ਅਗਵਾਈ ਲਈ ਨਿਰਦੇਸ਼ ਮੰਨਿਆ ਜਾ ਰਿਹਾ ਹੈ| ਹੁਣ ਇਸਦੇ ਪਿੱਛੇ ਦੀ ਸਚਾਈ ਦੱਸਣਾ ਤਾਂ ਮੁਸ਼ਕਿਲ ਹੈ, ਪਰ ਇਹ ਇੱਕ ਵੱਖ ਤਰ੍ਹਾਂ ਦਾ ਹੀ ਮਾਮਲਾ ਹੈ ਜਿਸ ਵਿੱਚ ਸੀਬੀਆਈ ਦੀ ਜਾਂਚ-ਪੜਤਾਲ ਦਾ ਜਨਤਕ ਤੌਰ ਤੇ ਨੋਟਿਸ ਲਿਆ ਗਿਆ| ਹਾਲਾਂਕਿ ਸੀਬੀਆਈ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਸੁਧਾਂਸ਼ੁਧਰ ਦੀ ਭੂਮਿਕਾ ਸ਼ੱਕੀ ਹੈ| ਉਨ੍ਹਾਂ ਉੱਤੇ ਹੌਲੀ ਜਾਂਚ ਅਤੇ ਇਸ ਨੂੰ ਬੇਲੋੜੇ ਰੂਪ ਨਾਲ ਪੈਂਡਿੰਗ ਰੱਖਣ ਅਤੇ ਛਾਪੇਮਾਰੀ ਨਾਲ ਜੁੜੀਆਂ ਸੂਚਨਾਵਾਂ ਲੀਕ ਕਰਨ ਦੇ ਇਲਜ਼ਾਮ ਹਨ| ਬਹਿਰਹਾਲ, ਜਦੋਂ ਸਾਡੀ ਲੋਕਤਾਂਤਰਿਕ ਸੰਸਥਾਵਾਂ ਹੀ ਹੌਲੀ – ਹੌਲੀ ਕਮਜੋਰ ਪੈਂਦੀਆਂ ਜਾ ਰਹੀਆਂ ਹਨ, ਤਾਂ ਜਾਂਚ ਏਜੰਸੀਆਂ ਦੀ ਸੁੱਧ ਲੈਣ ਵਾਲਾ ਕੌਣ ਹੈ! ਫਿਰ ਵੀ ਵਿੱਤ ਮੰਤਰੀ ਕਹਿੰਦੇ ਹਨ ਕਿ ਭਾਰਤ ਵਿੱਚ ਦੋਸ਼ੀਆਂ ਨੂੰ ਸਜਾ ਮਿਲਣ ਦੀ ਬੇਹੱਦ ਖ਼ਰਾਬ ਦਰ ਹੈ ਤਾਂ ਸਰਕਾਰ ਵਿੱਚ ਇੱਕ ਵੱਡੇ ਅਹੁਦੇ ਤੇ ਬੈਠੇ ਹੋਣ ਦੇ ਕਾਰਨ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸੀਬੀਆਈ ਅਤੇ ਹੋਰ ਜਾਂਚ ਏਜੰਸੀਆਂ ਦੀ ਕਾਰਜਸ਼ੈਲੀ ਵਿੱਚ ਸੁਧਾਰ ਲਈ ਕੋਈ ਸਾਰਥਕ ਪਹਿਲ ਕਰਨ|
ਲਖਨਪਾਲ

Leave a Reply

Your email address will not be published. Required fields are marked *