ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਇਟਲੀ ਰਾਹੀਂ ਭਾਰਤ ਆਉਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਪੰਜਾਬੀ ਨੂੰ 15 ਮਹੀਨੇ ਜੇਲ੍ਹ ਦੀ ਸਜ਼ਾ

ਲੰਡਨ, 22 ਦਸੰਬਰ (ਸ.ਬ.) ਬਰਤਾਨੀਆ ਵਿੱਚ ਪਿਛਲੇ ਦਿਨੀਂ ਇੱਕ ਗੈਰ-ਕਾਨੂੰਨੀ ਪੰਜਾਬੀ ਨੂੰ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਇਟਲੀ ਰਾਹੀਂ ਭਾਰਤ ਵਿੱਚ ਵਿਆਹ ਕਰਵਾਉਣ ਲਈ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ 15 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ| ਕੇਟਰਬਰੀ ਕਰਾਊਨ ਕੋਰਟ ਵਿੱਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ 26 ਸਾਲਾ ਤਜਿੰਦਰ ਸਿੰਘ ਜੋ ਕਿ ਸੱਤ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਤੇ ਯੂ.ਕੇ ਆਇਆ ਸੀ, ਨੇ ਦਾਅਵਾ ਕੀਤਾ ਕਿ ਉਸ ਨੇ ਜਾਅਲੀ ਬਲਗਾਰੀਅਨ ਪਾਸਪੋਰਟ ਹਾਸਲ ਕਰਨ ਲਈ 7,500 ਪੌਂਡ ਖਰਚੇ ਸਨ| ਉਸ ਨੂੰ ਡੋਵਰ ਰਾਹੀਂ ਇਟਲੀ ਅਤੇ ਉਥੋਂ ਭਾਰਤ ਜਾਣ ਲਈ ਰਵਾਨਾ ਹੋਣ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ|
ਤਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਇਲਫੋਰਡ ਵਿਚ ਰਹਿੰਦਾ ਰਿਹਾ ਸੀ ਅਤੇ ਬਿਲਡਰ ਵਜੋਂ ਕੰਮ ਕਰਦਾ ਸੀ| ਉਸ ਦੇ ਕੋਲੋਂ 1,000 ਪੌਂਡ ਨਕਦੀ ਵੀ ਮਿਲੀ ਸੀ, ਜੋ ਕਿ ਉਸ ਨੇ ਆਪਣੇ ਦੋਸਤਾਂ ਵਲੋਂ ਵਿਆਹ ਲਈ ਤੋਹਫੇ ਵਜੋਂ ਦਿੱਤੇ ਹੋਣ ਦਾ ਦਾਅਵਾ ਕੀਤਾ ਸੀ| ਅਦਾਲਤ ਵਿੱਚ ਤਜਿੰਦਰ ਸਿੰਘ ਨੇ ਦੋ ਜਾਅਲੀ ਦਸਤਾਵੇਜ਼ ਰੱਖਣ ਦਾ ਦੋਸ਼ ਮੰਨ ਲਿਆ| ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਉਹ ਉਸ ਦੇ ਵਿਆਹ ਕਰਵਾਉਣ ਲਈ ਭਾਰਤ ਜਾਣ ਦੀ ਕਹਾਣੀ ਨਾਲ ਸਹਿਮਤ ਨਹੀਂ ਹਨ| ਉਹ ਯੂ .ਕੇ ਵਿੱਚ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਰਹਿੰਦਾ ਰਿਹਾ ਹੈ| ਉਹ ਭਾਰਤ ਜਾਣ ਲਈ ਆਪਣਾ ਭਾਰਤੀ ਪਾਸਪੋਰਟ ਅਧਿਕਾਰੀਆਂ ਨੂੰ ਵਿਖਾ ਸਕਦਾ ਸੀ, ਜਿਨ੍ਹਾਂ ਵਲੋਂ ਉਸ ਨੂੰ ਸਿੱਧਾ ਭਾਰਤ ਭੇਜ ਦਿੱਤਾ ਜਾਣਾ ਸੀ| ਉਸ ਨੂੰ ਭਾਰਤ ਜਾਣ ਲਈ ਜਾਅਲੀ ਦਸਤਾਵੇਜ਼ ਹਾਸਲ ਕਰਨ ਦੀ ਕੋਈ ਲੋੜ ਨਹੀਂ ਸੀ| ਅਦਾਲਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਤਜਰਬੇ ਮੁਤਾਬਕ ਕੋਈ ਪੂਰੀ ਤਰ੍ਹਾਂ ਇਮਾਨਦਾਰ ਨਹੀਂ ਹੁੰਦਾ ਅਤੇ ਇਹ ਕੇਸ ਵੀ ਉਨ੍ਹਾਂ ਤੋਂ ਵੱਖਰਾ ਨਹੀਂ| ਇਸ ਕੇਸ ਵਿੱਚ ਬਿਆਨ ਕੀਤੀ ਗਈ ਕਹਾਣੀ ਦੀ ਕੋਈ ਤੁੱਕ ਨਹੀਂ ਬਣਦੀ| ਅਦਾਲਤ ਨੇ ਇਸ ਮਾਮਲੇ ਵਿਚ ਤਜਿੰਦਰ ਸਿੰਘ ਨੂੰ 15 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ|

Leave a Reply

Your email address will not be published. Required fields are marked *