ਜਾਅਲੀ ਪੈਰਾਮੈਡੀਕਲ ਕੌਂਸਲ ਬਣਾ ਕੇ ਡਿਗਰੀਆਂ ਵੇਚਣ ਵਾਲਾ ਰਿਆਸਤ ਅਲੀ ਸਟੇਟ ਆਪਰੇਸ਼ਨ ਸੈਲ ਵਲੋਂ ਕਾਬੂ

ਐਸ. ਏ. ਐਸ. ਨਗਰ, 13 ਜੂਨ (ਸ.ਬ.)ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੁਹਾਲੀ ਵਲੋਂ ਜਾਅਲੀ ਪੈਰਾਮੈਡੀਕਲ ਕੌਂਸਲ ਦਾ ਜਨਰਲ ਸਕੱਤਰ ਬਣ ਕੇ ਅਤੇ ਜਾਅਲੀ ਕੰਪਨੀ ਇਨਫਰਮੇਸ਼ਨ ਟੈਕਨਾਲੌਜੀ ਅਤੇ ਮੈਨੇਜਮੈਂਟ ਦਾ ਚੇਅਰਮੈਨ ਬਣ ਕੇ ਲੋਕਾਂ ਨੂੰ ਜਾਅਲੀ ਡਿਗਰੀਆਂ ਵੇਚਣ ਵਾਲੇ ਗਿਰੋਹ ਦੇ ਮੁੱਖ ਮੁਲਜਿਮ ਰਿਆਸਤ ਅਲੀ ਵਸਨੀਕ ਝੰਜੇੜੀ, ਥਾਣਾ ਖਰੜ ਨੂੰ ਇਸ ਸਬੰਧੀ ਦਰਜ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ| ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਡੀ. ਐਸ. ਪੀ. ਸ੍ਰ.ਤੇਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ 41 ਤਰ੍ਹਾਂ ਦੀਆਂ ਜਾਅਲੀ ਡਿਗਰੀਆਂ ਵੰਡੀਆਂ ਗਈਆਂ ਹਨ ਅਤੇ ਜਾਅਲੀ ਪੈਰਾਮੈਡੀਕਲ ਕੌਂਸਲ ਬਣਾ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਾਲੇਜ ਬਣਾ ਕੇ ਉਹਨਾਂ ਨੂੰ ਮਾਨਤਾ ਤੱਕ ਦਿੱਤੀ ਗਈ ਸੀ| ਇਸ ਸਬੰਧੀ ਜਨਵਰੀ ਮਹੀਨੇ ਵਿੱਚ ਆਈ. ਪੀ. ਸੀ ਦੀ ਧਾਰਾ 420, 467, 468, 470, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ| ਉਹਨਾਂ ਦਸਿਆ ਕਿ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵੱਲੋਂ ਮੁਲਜਿਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਉਸਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ|

Leave a Reply

Your email address will not be published. Required fields are marked *