ਜਾਅਲੀ ਸਿੱਖਿਆ ਸੰਸਥਾਵਾਂ ਵਿਰੁੱਧ ਹੋਵੇ ਸਖਤ ਕਾਰਵਾਈ

ਸਾਡੇ ਦੇਸ਼ ਵਿੱਚ ਭਾਵੇਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਤਰੱਕੀ ਹੋਈ ਹੈ ਅਤੇ ਸ਼ਹਿਰੀ ਖੇਤਰਾਂ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਵੀ ਵੱਡੇ ਵੱਡੇ ਕਾਲਜ ਅਤੇ ਸਿੱਖਿਆ ਸੰਸਥਾਵਾਂ ਖੁਲ ਗਈਆਂ ਹਨ| ਇਸਦੇ ਨਾਲ ਹੀ ਦੇਸ਼ ਭਰ ਵਿੱਚ ਨਿੱਜੀ ਯੂਨੀਵਰਸਿਟੀਆਂ ਦੀ ਵੀ ਭਰਮਾਰ ਹੋ ਗਈ ਹੈ| ਦੂਜੇ ਪਾਸੇ ਇਹ ਵੀ ਹਕੀਕਤ ਹੈ ਕਿ ਭਾਰਤ ਦੇ ਹਰ ਸੂਬੇ ਵਿੱਚ ਜਾਅਲੀ ਸਿੱਖਿਆ ਸੰਸਥਾਵਾਂ ਦਾ ਵੀ ਜਿਵੇਂ ਹੜ ਆਇਆ ਹੋਇਆ ਹੈ| ਇਹ ਸਿੱਖਿਆ ਸੰਸਥਾਵਾਂ ਕਿਸੇ ਸਰਕਾਰ, ਕਿਸੇ ਸਿੱਖਿਆ ਬੋਰਡ, ਕਿਸੇ ਯੂਨੀਵਰਸਿਟੀ ਨਾਲ ਰਜਿਸਟਰਡ ਹੀ ਨਹੀਂ ਹੁੰਦੀਆਂ ਬਲਕਿ ਸਿਰਫ ਦਿਖਾਵੇ ਦੇ ਤੌਰ ਤੇ ਮਨਮੋਹਨੇ ਨਾਵਾਂ ਹੇਠ ਆਪਣਾ ਤੋਰੀ ਫੁਲਕਾ ਚਲਾਉਂਦੀਆਂ ਹਨ|
ਅਜਿਹੀਆਂ ਸਿੱਖਿਆ ਸੰਸਥਾਵਾਂ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੋਂ ਮੋਟੀ ਫੀਸ ਵਸੂਲੀ ਜਾਂਦੀ ਹੈ, ਕਈ ਵਾਰ ਤਾਂ ਕਿਤਾਬਾਂ ਅਤੇ ਵਰਦੀਆਂ ਵੀ ਇਹਨਾਂ ਸਿੱਖਿਆ ਸੰਸਥਾਵਾਂ ਵਲੋਂ ਹੀ ਦਿੱਤੀਆਂ ਜਾਂਦੀਆਂ ਹਨ| ਇਹਨਾਂ ਸਿੱਖਿਆ ਸੰਸਥਾਵਾਂ ਦੇ ਜਾਅਲੀ ਹੋਣ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਵਿਦਿਆਰਥੀਆਂ ਦੇ ਪੇਪਰ ਹੁੰਦੇ ਹਨ ਜਾਂ ਉਹਨਾਂ ਨੂੰ ਨਕਲੀ ਸਰਟੀਫਿਕੇਟ ਫੜਾ ਦਿੱਤੇ ਜਾਂਦੇ ਹਨ| ਇਹਨਾਂ ਸੰਸਥਾਵਾਂ ਵਲੋਂ ਜੋ ਸਰਟੀਫਿਕੇਟ ਦਿੱਤੇ ਜਾਂਦੇ ਹਨ ਉਹਨਾਂ ਉਪਰ ਕੋਈ ਰਜਿਸਟਰੇਸ਼ਨ ਨੰਬਰ ਹੀ ਨਹੀਂ ਹੁੰਦਾ ਅਤੇ ਰਜਿਸਟਰੇਸ਼ਨ ਨੰਬਰ ਅਤੇ ਹੋਰ ਜਰੂਰੀ ਅੰਕੜੇ ਭਰਨ ਵਾਲਾ ਖਾਨਾ ਖਾਲੀ ਹੀ ਰਖਿਆ ਹੁੰਦਾ ਹੈ| ਇਸ ਤਰ੍ਹਾਂ ਵਿਦਿਆਰਥੀ ਨਾਲ ਆਰਥਿਕ ਠੱਗੀ ਤਾਂ ਵੱਜਦੀ ਹੀ ਹੈ, ਸਗੋਂ ਉਹਨਾਂ ਦੀ ਕੀਮਤੀ ਸਮਾਂ ਵੀ ਬਰਬਾਦ ਹੋ ਜਾਂਦਾ ਹੈ| ਕਈ ਵਾਰ ਤਾਂ ਵਿਦਿਆਰਥੀ ਨੂੰ ਤਿੰਨ ਸਾਲ ਦੀ ਡਿਗਰੀ ਕਰਨ ਤੋਂ ਬਾਅਦ ਪਤਾ ਚਲਦਾ ਹੈ ਕਿ ਉਸ ਵਲੋਂ ਪਾਸ ਕੀਤੀ ਡਿਗਰੀ ਦੀ ਕੋਈ ਵੁੱਕਤ ਹੀ ਨਹੀਂ ਹੈ|
ਜਾਅਲੀ ਸਿੱਖਿਆ ਸੰਸਥਾਵਾਂ ਦਾ ਕਾਰੋਬਾਰ ਅੱਜ ਕੱਲ੍ਹ ਵਿਚ ਸ਼ੁਰੂ ਨਹੀਂ ਹੋਇਆ ਬਲਕਿ ਇਹ ਬਹੁਤ ਪੁਰਾਣੇ ਸਮੇਂ ਤੋਂ ਚਲਦਾ ਆ ਰਿਹਾ ਹੈ| 30 ਕੁ ਸਾਲ ਪਹਿਲਾਂ ਭੋਪਾਲ ਵਿੱਚ ਇਕ ਅਜਿਹੀ ਸਿੱਖਿਆ ਸੰਸਥਾ ਪੂਰੇ ਭਾਰਤ ਵਿਚ ਮਸ਼ਹੂਰ ਸੀ ਜੋ ਕਿ 12 ਵੀਂ ਫੇਲ ਵਿਦਿਆਰਥੀਆਂ ਨੂੰ ਪਾਸ ਵੀ ਕਰਵਾਉਂਦੀ ਸੀ ਅਤੇ ਬੀ ਏ ਵੀ ਗਾਰੰਟੀ ਨਾਲ ਕਰਵਾ ਦਿੰਦੀ ਸੀ| ਇਸ ਸੰਸਥਾ ਵਲੋਂ ਵਿਦਿਆਰਥੀਆਂ ਕੋਲੋਂ ਮੋਟੀਆਂ ਫੀਸਾਂ ਲਈਆਂ ਜਾਂਦੀਆਂ ਸਨ| ਬਹੁਤ ਸਾਲਾਂ ਬਾਅਦ ਪਤਾ ਚਲਿਆ ਕਿ ਇਹ ਸਿਖਿਆ ਸੰਸਥਾ ਜਾਅਲੀ ਡਿਗਰੀਆਂ ਹੀ ਦਿੰਦੀ ਰਹੀ ਸੀ| ਇਸੇ ਤਰ੍ਹਾਂ 20 ਕੁ ਸਾਲ ਪਹਿਲਾਂ ਪੰਜਾਬ ਦੇ ਹਰ ਸ਼ਹਿਰ ਵਿੱਚ ਹੀ ਟੈਲੀਵਿਜ਼ਨ ਟ੍ਰੈਨਿੰਗ ਕੇਂਦਰ ਖੁਲ ਗਏ ਸਨ, ਜਿਹਨਾਂ ਵਿਚੋਂ ਵੱਡੀ ਗਿਣਤੀ ਟ੍ਰੈਨਿੰਗ ਸੈਂਟਰ ਕਿਸੇ ਵੀ ਥਾਂ ਰਜਿਸਟਰਡ ਨਹੀਂ ਸਨ ਅਤੇ ਕਈ ਟ੍ਰੈਨਿੰਗ ਸੈਂਟਰ ਤਾਂ ਟੈਲੀਵਿਜ਼ਨ ਰਿਪੇਅਰ ਕਰਨ ਵਾਲੀਆਂ ਨਿੱਕੀਆਂ ਮੋਟੀਆਂ ਦੁਕਾਨਾਂ ਵਿਚ ਹੀ ਖੁਲੇ ਹੋਏ ਸਨ| ਉਸ ਸਮੇਂ ਹਰ ਨੌਜਵਾਨ ਅੰਦਰ ਟੈਲੀਵਿਜ਼ਨਾਂ ਦਾ ਕੰਮ ਸਿੱਖਣ ਦੀ ਭੇਡਚਾਲ ਪੈ ਗਈ ਸੀ ਤੇ ਇਹਨਾਂ ਜਾਅਲੀ ਟੀ ਵੀ ਟ੍ਰੈਨਿੰਗ ਸਂੈਂਟਰਾਂ ਦਾ ਧੰਦਾ ਕਾਫੀ ਫਲ ਫੁੱਲ ਗਿਆ ਸੀ|
ਅੱਜ ਕੱਲ੍ਹ ਵੀ ਕੰਪਿਊਟਰ ਸਿਖਲਾਈ ਕੇਂਦਰ ਅਤੇ ਹੋਰ ਕਈ ਤਰ੍ਹਾਂ ਦੇ ਸਿਖਲਾਈ ਕੇਂਦਰ ਦੇ ਨਾਮ ਉਪਰ ਵੱਡੀ ਗਿਣਤੀ ਅਜਿਹੀਆਂ ਸੰਸਥਾਵਾਂ ਖੁੱਲੀਆਂ ਹੋਈਆਂ ਹਨ, ਜਿਹਨਾਂ ਵਿੱਚੋਂ ਵੱਡੀ ਗਿਣਤੀ ਸੰਸਥਾਵਾਂ ਜਾਅਲੀ ਹੁੰਦੀਆਂ ਹਨ ਅਤੇ ਦੇਸ਼ ਭਰ ਵਿੱਚ ਜਾਅਲੀ ਸਿੱਖਿਆ ਸੰਸਥਾਵਾਂ ਦਾ ਧੰਦਾ ਪੂਰੇ ਜੋਰਾਂ ਸ਼ੋਰਾਂ ਉਪਰ ਚੱਲ ਰਿਹਾ ਹੈ| ਇਹਨਾਂ ਸੰਸਥਾਵਾਂ ਵਲੋਂ ਰੈਗੂਲਰ ਵਿਦਿਆਰਥੀਆਂ ਨੂੰ ਭਰਤੀ ਕਰ ਲਿਆ ਜਾਂਦਾ ਹੈ ਅਤੇ ਕੋਚਿੰਗ ਦਿੱਤੀ ਜਾਂਦੀ ਹੈ| ਇਹ ਸੰਸਥਾਵਾਂ ਭਾਰੀ ਫੀਸਾਂ ਵਸੂਲੀਆਂ ਜਾਂਦੀਆਂ ਹਨ ਪਰ ਉਹਨਾਂ ਵਲੋਂ ਵਿਦਿਆਰਥੀਆਂ ਤੋਂ ਪ੍ਰਾਈਵੇਟ ਤੌਰ ਤੇ ਪ੍ਰੀਖਿਆ ਦਿਵਾਈ ਜਾਂਦੀ ਹੈ ਕਿਉਂਕਿ ਅਜਿਹੀਆਂ ਸੰਸਥਾਵਾਂ ਕਿਸੇ ਥਾਂ ਮਾਨਤਾ ਪ੍ਰਾਪਤ ਹੀ ਨਹੀਂ ਹੁੰਦੀਆਂ ਅਤੇ ਇਹਨਾਂ ਸੰਸਥਾਵਾਂ ਵਿਚ ਪੜਨ ਵਾਲੇ ਵਿਦਿਆਰਥੀ ਬਾਅਦ ਵਿੱਚ ਖੁਦ ਨੂੰ ਠਗਿਆ ਗਿਆ ਮਹਿਸੂਸ ਕਰਦੇ ਹਨ|
ਅਸਲੀਅਤ ਇਹ ਹੈ ਕਿ ਸਿੱਖਿਆ ਖੇਤਰ ਵਿਚ ਵੀ ਪੂਰਾ ਮਾਫੀਆ ਸਰਗਰਮ ਹੈ ਅਤੇ ਇਹੋ ਕਾਰਨ ਹੈ ਕਿ ਹਰ ਗਲੀ ਮੁਹੱਲੇ ਵਿਚ ਹੀ ਅਜਿਹੇ ਵੱਡੀ ਗਿਣਤੀ ਅਸਲੀ-ਨਕਲੀ ਅਦਾਰੇ ਖੁੱਲੇ ਹੋਏ ਹਨ| ਕਈ ਸਰਕਾਰੀ ਅਧਿਆਪਕਾਂ ਨੇ ਵੀ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਸਿੱਖਿਆ ਦੀਆਂ ਅਜਿਹੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ ਅਤੇ ਇਹ ਅਧਿਆਪਕ ਸਕੂਲ ਵਿਚ ਹੋਣ ਦੀ ਥਾਂ ਆਪਣੀ ਨਿੱਜੀ ਸੰਸਥਾ ਵਿੱਚ ਹੀ ਵਧੇਰੇ ਦਿਖਾਈ ਦਿੰਦੇ ਹਨ| ਇਹਨਾਂ ਜਾਅਲੀ ਸਿੱਖਿਆ ਸੰਸਥਾਵਾਂ ਦਾ ਕੰਮ ਕਾਜ ਵੱਡੇ ਪੱਧਰ ਤੇ ਚੱਲ ਰਿਹਾ ਹੈ ਅਤੇ ਇਹਨਾਂ ਦੀ ਉੱਚੀ ਪਹੁੰਚ ਕਾਰਨ ਅਜਿਹੀਆਂ ਸੰਸਥਾਵਾਂ ਵਿਰੁੱਧ ਕਾਰਵਾਈ ਘੱਟ ਹੀ ਹੁੰਦੀ ਹੈ| ਚਾਹੀਦਾ ਤਾਂ ਇਹ ਹੈ ਕਿ ਸਿੱਖਿਆ ਦੇ ਨਾਮ ਉਪਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਜਾਅਲੀ ਸਿੱਖਿਆ ਸੰਸਥਾਵਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਹਰ ਸਿੱਖਿਆ ਸੰਸਥਾ ਵਲੋਂ ਦਿੱਤੇ ਜਾਂਦੇ ਇਸ਼ਤਿਹਾਰ ਵਿੱਚ ਉਸਦਾ ਰਜਿਸਟ੍ਰੇਸ਼ਨ ਨੰਬਰ ਦਰਜ ਹੋਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਇਹਨਾਂ ਜਾਅਲੀ ਸਿੱਖਿਆ ਸੰਸਥਾਵਾਂ ਨੂੰ ਨੱਥ ਪਾਈ ਜਾ ਸਕੇ|

Leave a Reply

Your email address will not be published. Required fields are marked *