ਜਾਇਦਾਦ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਨਾ ਕਰੇ ਸਰਕਾਰ : ਮਰਵਾਹਾ

ਜਾਇਦਾਦ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਨਾ ਕਰੇ ਸਰਕਾਰ : ਮਰਵਾਹਾ
ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਰੇਟ ਘਟਾਉਣ ਦੀ ਮੰਗ ਕੀਤੀ
ਐਸ.ਏ.ਐਸ ਨਗਰ, 11 ਜੁਲਾਈ (ਸ.ਬ.) ਸਾਬਕਾ ਸੀਨੀਅਰ ਮੀਤ ਪ੍ਰਧਾਨ ਮਿਉਂਸਪਲ ਕੌਂਸਲ ਸ੍ਰੀ ਐਨ. ਕੇ. ਮਰਵਾਹਾ ਵਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਹੈ ਕਿ ਮੁਹਾਲੀ ਜਿਲ੍ਹੇ ਵਿੱਚ ਪੈਂਦੀਆਂ ਪੇਂਡੂ ਅਤੇ ਸ਼ਹਿਰੀ ਜਾਇਦਾਦਾਂ ਦੀ ਰਜਿਸਟ੍ਰ੍ਰੀ ਕਰਵਾਉਣ ਲਈ ਤੈਅ ਕੀਤੇ ਗਏ ਕਲੈਕਟਰ ਰੇਟ ਵਿੱਚ ਵਾਧਾ ਨਾ ਕੀਤਾ ਜਾਵੇ|
ਉਹਨਾਂ ਲਿਖਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਮੁਹਾਲੀ ਜਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਜਮੀਨ ਦੀ ਖਰੀਦ-ਵੇਚ ਸੰਬਧੀ ਤੈਅ ਕੀਤੇ ਗਏ ਕਲੈਕਟਰ ਰੇਟ ਵਿੱਚ ਵਾਧਾ ਕਰਨ ਲਈ ਛੇਤੀ ਹੀ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਾਣੀ ਹੈ| ਉਹਨਾਂ ਲਿਖਿਆ ਹੈ ਕਿ ਪਿਛਲੇ ਲਗਭਗ 3-4 ਸਾਲਾਂ ਤੋਂ ਮੁਹਾਲੀ ਜਿਲ੍ਹੇ ਵਿੱਚ ਜਮੀਨ ਜਾਇਦਾਦ ਦੀ ਕੀਮਤ ਲਗਾਤਾਰ ਹੇਠਾਂ ਆਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਖੇਤਰ ਵਿੱਚ ਜਮੀਨ ਜਾਇਦਾਦ ਦੀ ਕੀਮਤ ਵਿੱਚ ਵਾਧਾ ਹੋਣ ਦੇ ਕੋਈ ਆਸਾਰ ਨਹੀਂ ਹਨ|
ਉਹਨਾਂ ਲਿਖਿਆ ਹੈ ਕਿ ਜੇਕਰ ਸਰਕਾਰ ਵਲੋਂ ਕਲੈਕਟਰ ਰੇਟ ਵਿੱਚ ਵਾਧਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਜਾਇਦਾਦ ਦੀ ਖਰੀਦੋ ਫਰੋਖਤ ਦੇ ਕੰਮ ਵਿੱਚ ਹੋਰ ਖੜੌਂਤ ਆਏਗੀ ਅਤੇ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਿਹਾ ਪ੍ਰਾਪਰਟੀ ਬਾਜਾਰ ਹੋਰ ਵੀ ਪ੍ਰਭਾਵਿਤ ਹੋਵੇਗਾ| ਉਹਨਾਂ ਕਿਹਾ ਕਿ ਇਸ ਨਾਲ ਜਾਇਦਾਦ ਦੇ ਖਰੀਦਦਾਰਾਂ ਨੂੰ ਜਾਇਦਾਦ ਦੀ ਮਾਰਕੀਟ ਕੀਮਤ ਤੋਂ ਕਿਤੇ ਵੱਧ ਤੇ ਸਟਾਂਪ ਡਿਊਟੀ ਅਦਾ ਕਰਨੀ ਪਵੇਗੀ ਅਤੇ ਇਹ ਕੰਮ ਘੱਟ ਜਾਣ ਨਾਲ ਸਰਕਾਰ ਦੇ ਮਾਲੀਏ ਦਾ ਵੀ ਨੁਕਸਾਨ ਹੋਵੇਗਾ|
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮੌਜੂਦਾ ਹਾਲਾਤ ਨੂੰ ਧਿਆਨ ਵਿੱਚ ਰੱਖਕੇ ਜਾਇਦਾਦ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਨਾ ਕੀਤਾ ਜਾਵੇ| ਉਹਨਾਂ ਲਿਖਿਆ ਹੈ ਕਿ ਇੱਥੇ ਵਪਾਰਕ ਜਾਇਦਾਦ ਦੇ ਕਲੈਕਟਰ ਰੇਟ ਬਹੁਤ ਜਿਆਦਾ ਹਨ ਜਿਸ ਵਿੱਚ ਕਮੀ ਕੀਤੀ ਜਾਣੀ ਬਣਦੀ ਹੈ ਅਤੇ ਸਰਕਾਰ ਨੂੰ ਵਪਾਰਕ ਜਾਇਦਾਦ ਦੇ ਕਲਕਟਰ ਰੇਟ ਘੱਟ ਕਰਨੇ ਚਾਹੀਦੇ ਹਨ|

Leave a Reply

Your email address will not be published. Required fields are marked *