ਜਾਇਦਾਦ ਦੇ ਕਲੈਕਟਰ ਰੇਟ ਘੱਟ ਕਰੇ ਸਰਕਾਰ : ਪੂਨੀਆਂ

ਐਸ. ਏ. ਐਸ. ਨਗਰ, 5 ਅਪ੍ਰੈਲ (ਸ.ਬ.) ਪੰਜਾਬ ਸਰਕਾਰ ਨੂੰ ਪ੍ਰਾਪਰਟੀ ਦੇ ਕਲੈਕਟਰ ਰੇਟਾਂ ਵਿੱਚ ਘਟੋਂ ਘੱਟ 20 ਫੀਸਦੀ ਦੀ ਕਟੌਤੀ ਕਰਨੀ ਚਾਹੀਦੀ ਹੈ ਕਿਉਂਕਿ ਬਾਜ਼ਾਰ  ਵਿੱਚ ਬਹੁਤ ਜਿਆਦਾ ਮੰਦਾ ਹੈ ਅਤੇ ਜਾਇਦਾਦ ਦੀ ਕੀਮਤ ਬਹੁਤ ਘੱਟ ਚੁੱਕੀ ਹੈ| ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਤੇਜਿੰਦਰ ਸਿੰਘ ਪੂਨੀਆਂ ਅਤੇ ਜਰਨਲ ਸੱਕਤਰ ਸ੍ਰ. ਹਰਪ੍ਰੀਤ ਸਿੰਘ ਡਡਵਾਲ ਦਾ ਕਹਿਣਾ ਹੈ ਕਿ ਬਾਜ਼ਾਰ ਦੀ ਹਾਲਤ ਇਹ ਹੈ ਕਿ ਜਾਇਦਾਦ ਦੀ ਅਸਲ ਕੀਮਤ ਕਲੈਕਟਰ ਰੇਟ ਤੋਂ ਘੱਟ ਹੋਣ ਕਾਰਨ ਖਰੀਦਕਾਰ ਵਲੋਂ ਜਾਇਦਾਦ ਦੀ ਖਰੀਦ ਤੇ ਲੋੜ ਤੋਂ ਵੱਧ ਸਟਾਂਪ ਡਿਊਟੀ ਅਦਾ ਕਰਨੀ ਪੈਂਦੀ ਹੈ ਅਤੇ ਇਸਦਾ ਪ੍ਰਾਪਰਟੀ ਬਾਜ਼ਾਰ ਤੇ ਬਹੁਤ ਨਾਂਹ ਪੱਖੀ ਅਸਰ ਪੈਂਦਾ ਹੈ|
ਉਕਤ ਆਗੂਆਂ ਨੇ ਕਿਹਾ ਕਿ ਇਸ ਸੰਬੰਧੀ ਸੰਸਥਾ ਦੇ ਇੱਕ ਵਫਦ ਵਲੋਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਕਲੈਕਟਰ ਰੇਟ ਘਟਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ|
ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਉਹਨਾਂ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਸੰਸੰਥਾ ਦਾ ਵਫਦ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਮਿਲੇਗਾ ਅਤੇ ਲੋੜੀਂਦੀ ਕਾਰਵਾਈ ਦੀ ਮੰਗ ਕਰਣਗੇ|
ਉਹਨਾਂ ਕਿਹਾ ਕਿ ਇਸ ਸੰਸਥਾ ਦਾ ਇੱਕ ਵਫਦ ਅਗਲੇ ਦਿਨਾਂ ਦੌਰਾਨ ਗਮਾਡਾ ਦੇ ਮੁੱਖ ਪ੍ਰਸ਼ਾਸ਼ਨ ਨੂੰ ਮਿਲ ਕੇ ਮੰਗ ਕਰੇਗਾ ਕਿ ਗਮਾਡਾ ਵਲੋਂ ਪ੍ਰਾਪਰਟੀ ਦੀ ਟ੍ਰਾਂਸਫਰ ਫੀਸ ਘੱਟ ਕੀਤੀ ਜਾਵੇ| ਇਸ ਦੇ ਨਾਲ ਨਾਲ ਗਮਾਡਾ ਦਫਤਰ ਵਿੱਚ ਪ੍ਰਾਪਰਟੀ ਸਲਾਹਕਾਰਾਂ ਨੂੰ          ਦਰਪੇਸ਼ ਮੁਸ਼ਕਿਲਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਦੀ ਵੀ ਮੰਗ ਕੀਤੀ ਜਾਵੇਗੀ|
ਉਕਤ ਆਗੂਆਂ ਨੇ ਕਿਹਾ ਕਿ ਮੁੱਖ ਪ੍ਰਸ਼ਾਸ਼ਕ ਨਾਲ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਜਮੀਨਾਂ ਅਕਵਾਇਰ ਕਰਨ ਤੋਂ ਬਾਅਦ ਉਹਨਾਂ ਨੂੰ ਮੁਆਵਜੇ ਦੀ ਅਦਾਇਗੀ ਵਿੱਚ ਦੇਰੀ ਅਤੇ ਹੋਰ ਪਰੇਸ਼ਾਨੀਆਂ ਦਾ ਮੁੱਦਾ ਵੀ ਚੁੱਕਿਆ ਜਾਵੇਗਾ| ਉਹਨਾਂ ਕਿਹਾ ਕਿ ਗਮਾਡਾ ਵਲੋਂ ਆਈ ਟੀ ਸਿਟੀ ਵਿੱਚ ਜਿਹਨਾਂ ਲੋਕਾਂ ਦੀਆਂ ਜਮੀਨਾਂ ਅਕਵਾਇਰ ਕੀਤੀਆਂ ਗਈਆਂ ਹਨ ਉਹਨਾਂ ਨੂੰ ਹੁਣ ਤਕ ਆਸਟੀ ਦੇ ਪਲਾਟ ਦੇਣੇ ਤਾਂ ਦੂਰ ਹੁਣ ਤਕ ਆਸਟੀ ਕੋਟੇ ਦੀਆਂ ਅਰਜੀਆਂ ਤਕ ਨਹੀਂ ਮੰਗੀਆਂ|
ਉਹਨਾਂ ਕਿਹਾ ਕਿ ਪਹਿਲਾਂ ਵੀ ਗਮਾਡਾ ਅਧਿਕਾਰੀਆਂ ਦੀ ਟਾਲਮਟੌਲ ਦੀ ਨੀਤੀ ਕਾਰਣ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਿਆ  ਹੈ ਅਤੇ ਸੰਸਥਾ ਦੇ ਵਫਦ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨਾਲ ਹੋਣ ਵਾਲੀ ਮੀਟਿੰਗ ਦੌਰਾਨ ਇਸ ਮੁੱਦੇ ਨੂੰ ਵੀ ਪੂਰੇ ਜ਼ੋਰ ਨਾਲ ਚੁੱਕਿਆ  ਜਾਵੇਗਾ|

Leave a Reply

Your email address will not be published. Required fields are marked *