ਜਾਤੀਵਾਦ ਦੀਆਂ ਡੂੰਘੀਆਂ ਜੜ੍ਹਾਂ ਕਾਰਨ ਹੁੰਦਾ ਹੈ ਸਮਾਜ ਦੇ ਪਿਛੜੇ ਵਰਗਾਂ ਤੇ ਜ਼ੁਲਮ

ਗੁਜਰਾਤ ਦੇ ਭਾਵਨਗਰ ਜਿਲ੍ਹੇ ਵਿੱਚ ਪਿਛਲੇ ਹਫਤੇ ਇੱਕ ਦਲਿਤ ਜਵਾਨ ਦੀ ਹੱਤਿਆ ਆਮ ਕਾਨੂੰਨ – ਵਿਵਸਥਾ ਦਾ ਮਾਮਲਾ ਨਹੀਂ ਹੈ| ਇਹ ਹੱਤਿਆ ਦੱਸਦੀ ਹੈ ਕਿ ਭਾਰਤੀ ਸਮਾਜ ਵਿੱਚ ਵਰਣ ਜਾਂ ਜਾਤੀਪ੍ਰਥਾ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ| ਕਈ ਲੋਕਾਂ ਤੇ ਉਚ ਜਾਤੀ ਦਾ ਹੰਕਾਰ ਉਨਮਾਦ ਦੀ ਹੱਦ ਤੱਕ ਚੜ੍ਹਿਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਜ਼ੁਲਮ ਜਾਂ ਅਪਰਾਧ ਕਰਨ ਵਿੱਚ ਵੀ ਹਿਚਕ ਨਹੀਂ ਹੁੰਦੀ| ਭਾਵਨਗਰ ਦੇ ਉਮਰਾਲਾ ਤਾਲੁਕਾ ਦੇ ਟਿੰਬੀ ਪਿੰਡ ਵਿੱਚ ਪ੍ਰਦੀਪ ਨਾਮ ਦੇ 21ਸਾਲਾ ਦਲਿਤ ਨੌਜਵਾਨ ਦੀ ਹੱਤਿਆ ਸਿਰਫ ਇਸ ਲਈ ਕਰ ਦਿੱਤੀ ਗਈ ਕਿ ਉਸਨੂੰ ਘੁੜਸਵਾਰੀ ਦਾ ਸ਼ੌਕ ਸੀ| ਉਸਦੇ ਵਾਰ – ਵਾਰ ਜਿਦ ਕਰਨ ਤੇ ਉਸਦੇ ਕਿਸਾਨ ਪਿਤਾ ਨੇ ਕੋਈ ਅੱਠ ਮਹੀਨੇ ਪਹਿਲਾਂ ਉਸਨੂੰ ਘੋੜਾ ਖਰੀਦ ਦਿੱਤਾ ਸੀ| ਉਹ ਉਸ ਉੱਤੇ ਸਵਾਰੀ ਕਰਦਾ, ਘੁੰਮਦਾ-ਫਿਰਦਾ| ਪਰ ਘੋਰ ਸਾਮੰਤੀ ਮਿਜਾਜ ਦੇ ਕੁੱਝ ਸਵਰਣਾਂ ਨੂੰ ਇਹ ਸਹਿਨ ਨਹੀਂ ਹੋਇਆ| ਪ੍ਰਦੀਪ ਅਤੇ ਉਸਦੇ ਪਰਿਵਾਰ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਗਈਆਂ| ਘੋੜਾ ਵੇਚ ਦੇਣ ਦੀ ਸਲਾਹ ਦਿੱਤੀ ਗਈ ਅਤੇ ਇਸ ਨੂੰ ਨਾ ਮੰਨਣ ਤੇ ਨਤੀਜਾ ਭੁਗਤਣ ਦੀ ਚਿਤਾਵਨੀ| ਆਖ਼ਿਰਕਾਰ ਪ੍ਰਦੀਪ ਨੂੰ ਘੋੜਾ ਰੱਖਣ ਅਤੇ ਘੋੜੇ ਉੱਤੇ ਘੁੰਮਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ| ਇਹ ਹੈਰਾਨ ਕਰ ਦੇਣ ਵਾਲੀ ਘਟਨਾ ਜਰੂਰ ਹੈ, ਪਰ ਆਪਣੀ ਤਰ੍ਹਾਂ ਦੀ ਪਹਿਲੀ ਜਾਂ ਇਕੱਲੀ ਨਹੀਂ| ਅਜਿਹੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਗਿਣਾਈਆਂ ਜਾ ਸਕਦੀਆਂ ਹਨ, ਜੋ ਦੱਸਦੀਆਂ ਹਨ ਕਿ ਸਾਡੀ ਸੰਵਿਧਾਨਕ ਅਤੇ ਸਮਾਜਿਕ ਤਸਵੀਰ ਦੇ ਵਿਚਾਲੇ ਕਿੰਨਾ ਲੰਮਾ ਫਾਸਲਾ ਹੈ|
ਸੰਵਿਧਾਨ ਵਿੱਚ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ| ਪਰ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਨਿਯਮ ਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਦਲਿਤਾਂ ਦੇ ਸੋਸ਼ਣ ਅਤੇ ਬੇਇੱਜ਼ਤੀ ਦੀਆਂ ਘਟਨਾਵਾਂ ਰੋਜ ਹੁੰਦੀਆਂ ਹਨ| ਕਦੇ ਕਿਸੇ ਦਲਿਤਲਾੜੇ ਨੂੰ ਘੋੜੇ ਤੋਂ ਉਤਾਰ ਦੇਣ ਦੀ ਖਬਰ ਆਉਂਦੀ ਹੈ ਤੇ ਕਦੇ ਮਿਡ – ਡੇ ਮੀਲ ਦੇ ਸਮੇਂ ਦਲਿਤ ਬੱਚਿਆਂ ਨੂੰ ਵੱਖ ਬਿਠਾਏ ਜਾਣ ਤੇ ਕਦੇ ਕਿਸੇ ਦਲਿਤ ਸਰਪੰਚ ਨੂੰ ਤਿਰੰਗਾ ਨਾ ਫਹਿਰਾਉਣ ਦੇਣ ਦੀ| ਜ਼ਿਆਦਾ ਵਕਤ ਨਹੀਂ ਹੋਇਆ, ਜਦੋਂ ਗੁਜਰਾਤ ਵਿੱਚ ਕੁੱਝ ਦਲਿਤਾਂ ਤੇ ਰਾਜਪੂਤਾਂ ਵਰਗੀਆਂ ਮੁੱਛਾਂ ਰੱਖਣ ਲਈ ਹਮਲੇ ਹੋਏ ਸਨ| ਉਸਤੋਂ ਪਹਿਲਾਂ ਗੁਜਰਾਤ ਦਾ ਉਨਾ ਕਾਂਡ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ|
ਅੰਕੜੇ ਦੱਸਦੇ ਹਨ ਕਿ ਗੁਜਰਾਤ ਦੇਸ਼ ਦੇ ਉਨ੍ਹਾਂ ਰਾਜਾਂ ਵਿੱਚ ਹੈ ਜਿੱਥੇ ਦਲਿਤਾਂ ਉੱਤੇ ਜ਼ੁਲਮ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਹੁੰਦੀਆਂ ਹਨ| ਸਾਲ 2016 ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਗੁਜਰਾਤ ਵਿੱਚ ਦਲਿਤਾਂ ਉੱਤੇ ਜ਼ੁਲਮ ਦੀਆਂ ਘਟਨਾਵਾਂ 32. 5 ਫੀਸਦੀ ਦਰਜ ਹੋਈਆਂ, ਜੋ ਕਿ ਰਾਸ਼ਟਰੀ ਔਸਤ 20.4 ਫੀਸਦੀ ਤੋਂ ਬਹੁਤ ਜ਼ਿਆਦਾ ਸੀ| ਇਹੀ ਹਾਲ ਉੱਤਰ ਪ੍ਰਦੇਸ਼, ਬਿਹਾਰ, ਮਧੱਪ੍ਰਦੇਸ਼, ਰਾਜਸਥਾਨ ਅਤੇ ਆਂਧ੍ਰ ਪ੍ਰਦੇਸ਼ ਦਾ ਵੀ ਹੈ|
ਦੂਜੇ ਪਾਸੇ ਦਲਿਤਾਂ ਉੱਤੇ ਜ਼ੁਲਮ ਦੇ ਮਾਮਲਿਆਂ ਵਿੱਚ ਦੋਸ਼ ਸਾਬਿਤ ਹੋਣ ਦੀ ਦਰ ਕਾਫ਼ੀ ਘੱਟ ਹੈ| ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਨੂੰ ਸੋਸ਼ਣ ਤੋਂ ਬਚਾਉਣ ਲਈ ਹਾਲਾਂਕਿ ਵਿਸ਼ੇਸ਼ ਕਾਨੂੰਨ ਹੈ, ਪਰ ਪੁਲੀਸ ਅਤੇ ਪ੍ਰਸ਼ਾਸਨ ਦੇ ਪੱਧਰ ਤੇ ਪੀੜਿਤ ਪੱਖ ਨੂੰ ਲੋੜੀਂਦਾ ਸਹਿਯੋਗ ਮਿਲਦਾ| ਅਕਸਰ ਜਾਂਚ ਦੇ ਪੱਧਰ ਤੇ ਹੀ ਮਾਮਲੇ ਨੂੰ ਕਮਜੋਰ ਕਰ ਦਿੱਤਾ ਜਾਂਦਾ ਹੈ| ਇਹ ਕਿਹੋ ਜਿਹਾ ਭਾਰਤ ਬਣ ਰਿਹਾ ਹੈ? ਕੀ ਭਾਰਤ ਆਪਣੀ ਇਸ ਤਸਵੀਰ ਦੇ ਬਲ ਤੇ ਦੁਨੀਆ ਨੂੰ ਆਪਣੀ ਮਹਾਨ ਸਭਿਅਤਾ ਅਤੇ ਸੰਸਕ੍ਰਿਤੀ ਦੀ ਸਿੱਖਿਆ ਦੇਵੇਗਾ? ਗੁਜਰਾਤ ਦੀ ਗਿਣਤੀ ਦੇਸ਼ ਦੇ ਸੰਪੰਨ ਰਾਜਾਂ ਵਿੱਚ ਹੁੰਦੀ ਹੈ| ਪਰ ਕੀ ਵਿਕਾਸ ਦਾ ਮਤਲਬ ਫਲਾਈਓਵਰ, ਵੱਡੇ ਬੰਨ੍ਹ ਅਤੇ ਐਫਡੀਆਈ ਆਦਿ ਹੀ ਹੁੰਦਾ ਹੈ? ਕੀ ਸਮਾਜਿਕ ਸਮਰਥਾ ਅਤੇ ਸਮਾਜਿਕ ਸੌਹਾਰਦ ਵੀ ਵਿਕਾਸ ਦੀ ਇੱਕ ਕਸੌਟੀ ਨਹੀਂ ਹੋਣਾ ਚਾਹੀਦਾ?
ਦਲੀਪ ਕੁਮਾਰ

Leave a Reply

Your email address will not be published. Required fields are marked *