ਜਾਨਲੇਵਾ ਹਮਲਾ ਕਰਨ ਵਾਲਿਆਂ ਤੇ ਕਾਰਵਾਈ ਨਾ ਕਰਨ ਦਾ ਦੋਸ਼, ਪੁਲੀਸ ਨੇ ਦੋਸ਼ ਨਕਾਰੇ

ਪਟਿਆਲਾ, 7 ਸਤੰਬਰ (ਜਸਵਿੰਦਰ ਸੈਂਡੀ) ਇੱਕ ਮਹੀਨਾ ਪਹਿਲਾ ਸਮਾਣਾ ਵਿੱਚ ਇੱਕ ਯੁਵਕ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੀੜਿਤ ਨੌਜਵਾਨ ਨੇ ਇਲਜਾਮ ਲਗਾਇਆ ਹੈ ਕਿ ਉਸਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲੀਸ ਵਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ ਪਰੰਤੂ ਪੁਲੀਸ ਵਲੋਂ ਹਮਲਾਵਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ| ਦੂਜੇ ਪਾਸੇ ਪੁਲੀਸ ਵਲੋਂ ਇਸ ਇਲਜਾਮ ਬੇਬੁਨਿਆਦ ਦੱਸਿਆ ਗਿਆ ਹੈ| 
ਪਟਿਆਲਾ ਵਿਖੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੀੜਿਤ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਸ੍ਰ. ਕਾਬਲ ਸਿੰਘ ਨੇ ਕਿਹਾ ਕਿ ਪੁਲੀਸ ਵਲੋਂ ਹਮਲਾਵਰਾਂ ਦੇ ਖਿਲਾਫ ਕਾਰਵਾਈ ਨਾ ਕੀਤੇ ਜਾਣ ਕਾਰਨ ਹਮਲਾਵਰ ਆਜਾਦ ਘੁੰਮ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ| 
ਘਟਨਾਂ ਬਾਰੇ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 13 ਅਗਸਤ ਨੂੰ ਰਾਤ ਲੱਗਭਗ 8:30 ਵਜੇ ਉਹ ਆਪਣੇ ਜਿੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ| ਇਸ ਦੌਰਾਨ ਉਸਨੂੰ ਉਸਦੇ ਦੋਸਤ ਰਾਜਵਿੰਦਰ ਸਿੰਘ ਅਤੇ ਸਹਿਜਪਾਲ ਸਿੰਘ ਮਿਲੇ ਤਾਂ ਉਹ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਿਆ| ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਉਸ ਕੋਲ ਦੋ ਚਿੱਟੇ ਰੰਗ ਦੀਆਂ ਦੋ ਗੱਡੀਆਂ ਆ ਕੇ ਰੁਕੀਆਂ ਜਿਹਨਾਂ ਵਿੱਚੋਂ ਇੱਕ ਵਿੱਚੋਂ ਉਤਰੇ ਗੁਰਵਿਜੈ ਸਿੰਘ ਨਾਮ ਦੇ ਨੌਜਵਾਨ (ਜਿਸਦੇ ਹੱਥ ਵਿੱਚ ਪਿਸਟਲ ਸੀ) ਨੇ ਪਿਸਟਲ ਦਾ ਫਾਇਰ ਉਸ ਵੱਲ ਕਰਕੇ ਮਾਰਿਆ ਪਰ ਉਹ ਨੀਚੇ ਬੈਠ ਗਿਆ| ਹਮਲਾਵਰ ਨੇ ਦੂਜਾ ਫਾਇਰ ਉਸਦੇ ਨਾਲ ਖੜ੍ਹੇ ਦੋਸਤਾਂ ਵੱਲ ਮਾਰਿਆ ਜੋ ਕਿ ਅੱਗੇ ਭੱਜ            ਗਏ|
ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਗੁਰਵਿਜੈ ਸਿੰਘ ਅਤੇ ਉਸਦੇ ਸਾਥੀਆਂ ਨੇ ਡੰਡੇ ਲੈ ਕੇ ਉਸਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਗੁਰਵਿਜੈ ਦੇ ਸਾਥੀ ਗੁਰਦੀਪ ਸਿੰਘ ਨੇ ਖੰਡਾ ਲੈ ਕੇ ਉਸਦੇ ਸਿਰ ਤੇ ਮਾਰਿਆ| ਉਸਨੇ ਬਚਾਅ ਲਈ ਆਪਣਾ ਸੱਜਾ ਹੱਥ ਕੀਤਾ ਜਿਸ ਕਾਰਨ ਉਸਦੇ ਹੱਥ ਦੀ ਉਂਗਲੀ ਜਖਮੀ ਹੋ ਗਈ| ਇਸ ਤੋਂ ਬਾਅਦ ਇਹਨਾਂ ਸਾਰਿਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ| ਸ਼ਿਕਾਇਤਕਰਤਾ ਅਨੁਸਾਰ ਫਿਰ ਉਸਦਾ ਦੋਸਤ ਰਾਜਵਿੰਦਰ ਮੌਕੇ ਤੇ ਆ ਗਿਆ ਜੋ ਕਿ ਉਸਨੂੰ ਇਲਾਜ ਲਈ ਹਸਪਤਾਲ ਲੈ ਗਿਆ| 
ਉਹਨਾਂ ਦੱਸਿਆ ਿਕ ਇਸ ਮਾਮਲੇ ਵਿੱਚ ਪੁਲੀਸ ਵਲੋਂ ਉਕਤ ਵਿਅਕਤੀਆਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 323, 324,307,506,148,149 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਪਰਤੂੰ ਪੁਲੀਸ ਵਲੋਂ ਇਨਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ| 
ਇਸ ਸੰਬੰਧੀ ਸੰਪਰਕ ਕਰਨ ਤੇ ਡੀ ਐਸ ਪੀ ਸਮਾਣਾ ਸ੍ਰ. ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਉਹਨਾਂ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਗੁਰਪ੍ਰੀਤ ਸਿੰਘ ਵਲੋਂ ਉਹਨਾਂ ਦਾ ਝੂਠਾ ਨਾਮ ਲਿਖਵਾਇਆ ਗਿਆ ਹੈ ਜਿਸਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਜਾਂਚ ਉਪੰਰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ| 

Leave a Reply

Your email address will not be published. Required fields are marked *