ਜਾਪਾਨ : ਬੌਧ ਭਿਕਸ਼ੂ ਨੇ ਮੰਦਰ ਤੇ ਕੇਸ ਕਰਕੇ ਮੰਗਿਆ ਮੁਆਵਜ਼ਾ

ਟੋਕਿਓ, 18 ਮਈ (ਸ.ਬ.) ਅਕਸਰ ਭਿਕਸ਼ੂ ਆਪਣੇ ਸੇਵਾ ਭਾਵ ਕਾਰਨ ਜਾਣੇ ਜਾਂਦੇ ਹਨ| ਪਰ ਜਾਪਾਨ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ| ਇੱਥੇ ਇਕ ਪ੍ਰਾਚੀਨ ਬੌਧ ਮੰਦਰ ਮਾਊਂਟ ਕੋਯਾ ਵਿਚ ਰਹਿਣ ਵਾਲੇ ਭਿਕਸ਼ੂ ਨੇ ਮੰਦਰ ਪ੍ਰਸ਼ਾਸਨ ਤੇ ਕੇਸ ਕਰ ਦਿੱਤਾ ਹੈ| ਭਿਕਸ਼ੂ ਦਾ ਦੋਸ਼ ਹੈ ਕਿ ਉਸ ਨੂੰ ਬਿਨਾਂ ਆਰਾਮ ਦਿੱਤੇ ਲਗਾਤਾਰ ਬਹੁਤ ਸਾਰਾ ਕੰਮ ਕਰਵਾਇਆ ਜਾਂਦਾ ਹੈ| ਭਿਕਸ਼ੂ ਮੁਤਾਬਕ ਇੰਨਾ ਸਾਰਾ ਕੰਮ ਕਰਨ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਗਿਆ ਸੀ| ਉਧਰ ਭਿਕਸ਼ੂ ਦੇ ਵਕੀਲ ਨੇ ਕੇਸ ਨਾਲ ਜੁੜੀਆਂ ਬਾਕੀ ਜਾਣਕਾਰੀਆਂ ਦਿੱਤੀਆਂ| ਇਹ ਭਿਕਸ਼ੂ ਜਾਪਾਨ ਵਿਚ ਮੌਜੂਦ ਗਲੋਬਲ ਵਿਰਾਸਤੀ ਸਥਾਨ ਵਿਚ ਸ਼ਾਮਲ ਮਾਊਂਟ ਕੋਯਾ ਵਿਚ ਕੰਮ ਕਰਦਾ ਹੈ| ਇਹ ਮੰਦਰ ਬੌਧ ਲੋਕਾਂ ਵਿਚ ਕਾਫੀ ਮਾਨਤਾ ਰੱਖਦਾ ਹੈ|
ਹੁਣ ਭਿਕਸ਼ੂ ਨੇ ਮੁਆਵਜ਼ੇ ਦੇ ਤੌਰ ਤੇ 78000 ਡਾਲਰ (8.6 ਮਿਲੀਅਨ ਯੇਨ) ਮਤਲਬ ਤਕਰੀਬਨ 53 ਲੱਖ ਰੁਪਏ ਮੰਗੇ ਹਨ| ਵਕੀਲ ਮੁਤਾਬਕ ਇਹ ਭਿਕਸ਼ੂ ਸਾਲ 2008 ਤੋਂ ਇਸ ਮੰਦਰ ਵਿਚ ਕੰਮ ਕਰ ਰਿਹਾ ਹੈ, ਪਰ ਸਾਲ 2015 ਤੋਂ ਉਸ ਕੋਲੋਂ ਕੁਝ ਜ਼ਿਆਦਾ ਹੀ ਕੰਮ ਕਰਵਾਇਆ ਜਾ ਰਿਹਾ ਸੀ| ਵਕੀਲ ਨੇ ਦੱਸਿਆ ਕਿ ਇਹ ਸਭ ਧਾਰਮਿਕ ਟਰੇਨਿੰਗ ਦੇ ਨਾਮ ਤੇ ਕਰਵਾਇਆ ਜਾਂਦਾ ਹੈ| ਪਰ ਜੇ ਇਹ ਅਸਲ ਵਿਚ ਟਰੇਨਿੰਗ ਨਾਲ ਸੰਬੰਧਿਤ ਹੈ ਤਾਂ ਇਸ ਵਿਚ ਇੰਨਾ ਕਸ਼ਟ ਦੇਣਾ ਠੀਕ ਨਹੀਂ| ਵਕੀਲ ਨੇ ਦੱਸਿਆ ਕਿ ਜਦੋਂ ਸਾਲ 2015 ਵਿਚ ਮੰਦਰ ਦੀ 1200ਵੀਂ ਵਰ੍ਹੇਗੰਢ ਮਨਾਈ ਗਈ ਸੀ ਉਦੋਂ ਭਿਕਸ਼ੂ ਤੋਂ 64 ਦਿਨ ਲਗਾਤਾਰ ਕੰਮ ਕਰਵਾਇਆ ਗਿਆ ਸੀ, ਜਿਸ ਵਿਚ ਉਸ ਨੂੰ 17-17 ਘੰਟੇ ਤੱਕ ਮੰਦਰ ਵਿਚ ਵੱਖ-ਵੱਖ ਕੰਮ ਕਰਨੇ ਪੈਂਦੇ ਸਨ| ਜਾਣਕਾਰੀ ਮੁਤਾਬਕ ਹੁਣ ਮਜ਼ਦੂਰ ਵਰਗ ਦੇ ਸ਼ੋਸ਼ਣ ਵਿਰੁੱਧ ਆਵਾਜ ਉਠਾਉਣ ਵਾਲਾ ਇਕ ਸੰਗਠਨ ਵੀ ਭਿਕਸ਼ੂ ਨਾਲ ਖੜ੍ਹਾ ਹੈ| ਦੱਸਣਯੋਗ ਹੈ ਕਿ ਜਾਪਾਨ ਵਿਚ ਜ਼ਿਆਦਾ ਕੰਮ ਕਰਵਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ| ਪਰ ਧਾਰਮਿਕ ਖੇਤਰ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਸੀ| ਜ਼ਿਆਦਾ ਕੰਮ ਨਾਲ ਕਿਸੇ ਦੀ ਮੌਤ ਹੋ ਜਾਣਾ ਜਾਪਾਨ ਵਿਚ ਆਮ ਗੱਲ ਹੋ ਗਈ ਹੈ| ਅਜਿਹੀ ਸਥਿਤੀ ਨੂੰ ਉਥੇ ‘ਕਰੋਸ਼ੀ’ ਕਿਹਾ ਜਾਂਦਾ ਹੈ| ਇਕ ਰਿਪੋਰਟ ਮੁਤਾਬਕ ਜਾਪਾਨ ਵਿਚ ਬੀਤੇ 12 ਮਹੀਨਿਆਂ ਵਿਚ (ਮਾਰਚ 2017 ਤੱਕ) 191 ਮੌਤਾਂ ਕੰਮ ਦੇ ਦਬਾਅ ਕਾਰਨ ਹੋਈਆਂ ਹਨ|

Leave a Reply

Your email address will not be published. Required fields are marked *