ਜਾਪਾਨ ਵਿੱਚ ਤੂਫਾਨ ‘ਜੇਬੀ’ ਨੇ ਦਿੱਤੀ ਦਸਤਕ, 600 ਤੋਂ ਜ਼ਿਆਦਾ ਉਡਾਣਾਂ ਰੱਦ

ਟੋਕੀਓ, 4 ਸਤੰਬਰ (ਸ.ਬ.) ਜਾਪਾਨ ਵਿਚ ਪੱਛਮੀ ਅਤੇ ਪੂਰਬੀ ਖੇਤਰਾਂ ਵਿਚ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਹੋਣ ਦੀ ਭਵਿੱਖਬਾਣੀ ਦੇ ਬਾਅਦ ਸ਼ਕਤੀਸ਼ਾਲੀ ਤੂਫਾਨ ‘ਜੇਬੀ’ ਦੇ ਦਸਤਕ ਦੇਣ ਕਾਰਨ ਅੱਜ 600 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ| ਇਕ ਸਮਾਚਾਰ ਏਜੰਸੀ ਮੁਤਾਬਕ ਇਸ ਮੌਸਮ ਵਿਚ ਪ੍ਰਸ਼ਾਂਤ ਦੇ 21ਵੇਂ ਚੱਕਰਵਾਤੀ ਤੂਫਾਨ ‘ਜੇਬੀ’ ਨੂੰ ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਵੱਲੋਂ ਬਹੁਤ ਸ਼ਕਤੀਸ਼ਾਲੀ ਦੱਸਿਆ ਗਿਆ ਹੈ| ਦੁਪਹਿਰ ਵੇਲੇ ਇਸ ਤੂਫਾਨ ਦੇ ਸ਼ਿਕੋਕੂ ਟਾਪੂ ਉਤੇ ਭਿਆਨਕ ਰੂਪ ਵਿਚ ਆਉਣ ਦੀ ਸੰਭਾਵਨਾ ਹੈ|
ਆਈ.ਏ.ਐਨ.ਐਸ. ਮੁਤਾਬਕ ਇਸ ਕਾਰਨ ਸ਼ਕਤੀਸ਼ਾਲੀ ਲਹਿਰਾਂ ਉਠਣ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ ਕਿਉਂਕਿ ਜੇਬੀ 25 ਸਾਲਾਂ ਵਿਚ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸਾਬਤ ਹੋ ਸਕਦਾ ਹੈ| ਇਕ ਸਮਾਚਾਰ ਏਜੰਸੀ ਮੁਤਾਬਕ ਉਪ ਸ਼ਹਿਰੀ ਟਰੇਨਾਂ ਅਤੇ ਤੇਜ਼ ਗਤੀ ਵਾਲੀਆਂ ਰੇਲ ਸੇਵਾਵਾਂ ਜਿਵੇਂ ਕਿ ਓਸਾਕਾ-ਹੀਰੋਸ਼ੀਮਾ ਮਾਰਗ ਉਤੇ ਚੱਲਣ ਵਾਲੀਆਂ ਟਰੇਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ| ਕੁਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਅੱਜ ਘਰ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਹੈ| ਪ੍ਰਭਾਵਿਤ ਖੇਤਰਾਂ ਵਿਚ ਸਕੂਲਾਂ ਨੂੰ ਵੀ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ| ਯੂਨੀਵਰਸਲ ਸਟੂਡੀਓਜ਼ ਓਸਾਕਾ ਨੇ ਵੀ
ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ| ਇਸ ਗਰਮੀ ਵਿਚ ਹੁਣ ਤੱਕ ਕਈ ਤੂਫਾਨ ਆਉਣ ਅਤੇ ਭਾਰੀ ਮੀਂਹ ਕਾਰਨ ਜਾਪਾਨ ਵਿਚ 200 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *