ਜਾਪਾਨ ਵਿੱਚ ਭੂਚਾਲ ਆਉਣ ਕਾਰਨ 3 ਵਿਅਕਤੀਆਂ ਦੀ ਮੌਤ, 40 ਜ਼ਖਮੀ

ਟੋਕੀਓ, 18 ਜੂਨ (ਸ.ਬ.) ਜਾਪਾਨ ਦੇ ਪੱਛਮੀ ਸ਼ਹਿਰ ਓਸਾਕਾ ਵਿਚ ਅੱਜ ਸਵੇਰੇ ਆਏ 6.1 ਤੀਬਰਤਾ ਦੇ ਤੇਜ਼ ਭੂਚਾਲ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ| ਹਾਲਾਂਕਿ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਰੋਜ਼ਾਨਾਂ ਦੀ ਤਰ੍ਹਾਂ ਘਰੋਂ ਕੰਮਾਂ ਤੇ ਗਏ ਲੋਕ ਫੱਸ ਗਏ ਹਨ ਅਤੇ ਹਜ਼ਾਰਾਂ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ| ਰਿਪੋਰਟ ਮੁਤਾਬਕ ਭੂਚਾਲ ਨਾਲ ਸਕੂਲ ਦੀ ਕੰਧ ਡਿੱਗਣ ਕਾਰਨ ਇਕ 9 ਸਾਲਾ ਬੱਚੀ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਅਤੇ ਇਕ ਹੋਰ 80 ਸਾਲਾ ਬਜ਼ੁਰਗ ਵਿਅਕਤੀ ਦੇ ਵੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਦੀ ਸੂਚਨਾ ਪ੍ਰਾਪਤ ਹੋਈ ਹੈ| ਉਥੇ ਹੀ ਇਬਾਰਕੀ ਸ਼ਹਿਰ ਵਿਚ ਘਰ ਵਿਚ 84 ਸਾਲਾ ਵਿਅਕਤੀ ਉਪਰ ਬੁੱਕ-ਸ਼ੈਲਫ ਡਿੱਗ ਗਈ ਜਿਸ ਨਾਲ ਉਸ ਦੀ ਵੀ ਮੌਤ ਹੋ ਗਈ|
ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਇਕਜੁੱਟ ਹੋ ਕੇ ਲੋਕਾਂ ਦੀ ਜਾਨ ਬਚਾਉਣ ਦੇ ਮੁੱਖ ਟੀਚਿਆਂ ਨਾਲ ਕੰਮ ਕਰ ਰਹੀ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਟਾਫ ਨੂੰ ਨੁਕਸਾਨ ਦੀ ਜਾਣਕਾਰੀ ਤੇਜੀ ਨਾਲ ਇਕੱਠੀ ਕਰਨ ਅਤੇ ਲੋਕਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕਰਨ ਅਤੇ ਜਨਤਾ ਨੂੰ ਸਮੇਂ ਤੇ ਅਤੇ ਉਚਿੱਤ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਹਨ| ਭੂਚਾਲ ਦੇ ਝਟਕੇ ਸਵੇਰੇ 8 ਵਜੇ ਆਏ| ਵੱਡੀ ਗਿਣਤੀ ਵਿਚ ਟਰੇਨਾਂ ਨੂੰ ਰੱਦ ਕੀਤਾ ਗਿਆ, ਜਿਸ ਵਿਚ ਬੁਲੇਟ ਟਰੇਨ ‘ਸ਼ਿਨਕਾਨਸੇਨ’ ਵੀ ਸ਼ਾਮਲ ਹੈ|

Leave a Reply

Your email address will not be published. Required fields are marked *