ਜਾਪਾਨ ਵਿੱਚ ਸੈਲਾਨੀਆਂ ਨੂੰ ਦੇਣਾ ਪਵੇਗਾ ‘ਵਿਦਾਈ ਟੈਕਸ’

ਟੋਕੀਓ, 8 ਜਨਵਰੀ (ਸ.ਬ.) ਜ਼ਿਆਦਾਤਰ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਕਿਤੇ ਨਾ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ| ਪਰ ਜੇ ਤੁਸੀਂ ਜਾਪਾਨ ਜਿਹੇ ਦੇਸ਼ ਵਿਚ ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਨੂੰ ਜ਼ਿਆਦਾ ਖਰਚ ਕਰਨਾ ਪਵੇਗਾ| ਕਿਉਂਕਿ ਦੇਸ਼ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਜਾਪਾਨ ਹਰੇਕ ਵਿਦੇਸ਼ੀ ਯਾਤਰੀ ਤੋਂ ਵਿਦਾਈ ਟੈਕਸ ਲਵੇਗਾ| ਇਹ ਯੋਜਨਾ 7 ਜਨਵਰੀ 2019 ਤੋਂ ਦੇਸ਼ ਵਿਚ ਲਾਗੂ ਹੋ ਚੁੱਕੀ ਹੈ| ਇਸ ਦੇ ਤਹਿਤ ਸੋਮਵਾਰ ਤੋਂ ਦੇਸ਼ ਛੱਡ ਕੇ ਜਾਣ ਵਾਲੇ ਸੈਲਾਨੀਆਂ ਤੋਂ ਇਕ ਹਜ਼ਾਰ ਯੇਨ (ਕਰੀਬ 642 ਰੁਪਏ) ਟੈਕਸ ਲਿਆ ਜਾਵੇਗਾ| ਇਹ ਟੈਕਸ ਹਵਾਈ ਅਤੇ ਸਮੁੰਦਰੀ ਰਸਤੇ ਰਾਹੀ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਲਿਆ ਜਾਵੇਗਾ| ਹਾਲਾਂਕਿ 24 ਘੰਟੇ ਦੇ ਅੰਦਰ ਦੇਸ਼ ਛੱਡਣ ਵਾਲਿਆਂ ਨੂੰ ਇਹ ਟੈਕਸ ਨਹੀਂ ਦੇਣਾ ਪਵੇਗਾ|
ਜਾਪਾਨ ਸਰਕਾਰ ਦੀ ਯੋਜਨਾ ਇਸ ਟੈਕਸ ਰਾਹੀ 50 ਅਰਬ ਯੇਨ ਇਕੱਠੇ ਕਰ ਕੇ ਸਾਲ 2020 ਵਿਚ ਹੋਣ ਵਾਲੇ ਓਲਪਿੰਕ ਅਤੇ ਪੈਰਾਲਿੰਪਿਕਸ ਦਾ ਸ਼ਾਨਦਾਰ ਆਯੋਜਨ ਕਰਨਾ ਹੈ ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ| ਜਾਪਾਨੀ ਸਰਕਾਰ ਦੀ ਨੀਤੀ ਮੁਤਾਬਕ ਟੈਕਸ ਆਮਦਨ ਮੁੱਖ ਰੂਪ ਨਾਲ ਤਿੰਨ ਉਦੇਸ਼ਾਂ ਲਈ ਨਿਰਧਾਰਤ ਕੀਤੀ ਜਾਵੇਗੀ| ਇਸ ਦੇ ਤਹਿਤ ਵਿਦੇਸ਼ੀ ਸੈਲਾਨੀਆਂ ਲਈ ਯਾਤਰੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ| ਨਵੇਂ ਸੈਲਾਨੀ ਸਥਾਨਾਂ ਦਾ ਵਿਕਾਸ ਅਤੇ ਉਨ੍ਹਾਂ ਦਾ ਵਿਸਤ੍ਰਿਤ ਵੇਰਵਾ ਸੈਲਾਨੀਆਂ ਨੂੰ ਦਿੱਤਾ ਜਾਵੇਗਾ| ਨਾਲ ਹੀ ਜਾਪਾਨੀ ਸੱਭਿਆਚਾਰ ਅਤੇ ਖੇਤਰੀ ਇਲਾਕੇ ਦੀ ਖੂਬਸੂਰਤੀ ਤੋਂ ਸੈਲਾਨੀਆਂ ਨੂੰ ਜਾਣੂ ਕਰਵਾਇਆ ਜਾਵੇਗਾ| ਜਾਪਾਨ ਸਰਕਾਰ ਨੇ ਸਾਲ 1992 ਤੋਂ ਬਾਅਦ ਪਹਿਲੀ ਵਾਰ ਕੋਈ ਸਥਾਈ ਟੈਕਸ ਲਗਾਇਆ ਹੈ|

Leave a Reply

Your email address will not be published. Required fields are marked *