ਜਿਨਸੀ ਸ਼ੋਸ਼ਣ ਨੂੰ ਲੈ ਕੇ ਗੂਗਲ ਦੇ ਕਰਮਚਾਰੀ ਕਰ ਰਹੇ ਹਨ ਵਿਰੋਧ ਪ੍ਰਦਰਸ਼ਨ

ਵਾਸ਼ਿੰਗਟਨ, 2 ਨਵੰਬਰ (ਸ.ਬ.) ਗੂਗਲ ਨੇ ਜਿਨਸੀ ਸ਼ੋਸ਼ਣ ਨੂੰ ਲੈ ਕੇ 48 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ| 2 ਸਾਲਾਂ ਵਿੱਚ ਇਨ੍ਹਾਂ ਸਾਰੇ ਕਰਮਚਾਰੀਆਂ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ| ਕੱਢੇ ਗਏ ਕਰਮਚਾਰੀਆਂ ਵਿੱਚੋਂ 13 ਸੀਨੀਅਰ ਮੈਨੇਜਰ ਵੀ ਸ਼ਾਮਲ ਹਨ| ਹੁਣ ਦੁਨੀਆ ਦੀ ਇਸ ਦਿੱਗਜ਼ ਸਾਫਟਵੇਅਰ ਕੰਪਨੀ ਗੂਗਲ ਦੇ 200 ਤੋਂ ਵੱਧ ਕਰਮਚਾਰੀ ਕੰਪਨੀ ਵਿੱਚ ਹਾਲ ਹੀ ਵਿੱਚ ਸਾਹਮਣੇ ਆਏ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ|
ਕੰਪਨੀ ਦੇ ਕਰਮਚਾਰੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ‘ਫਾਦਰ ਆਫ ਐਂਡ੍ਰਾਇਡ’ ਕਹੇ ਜਾਣ ਵਾਲੇ ਐਂਡੀ ਰੂਬਿਨ ਨੂੰ ਗੂਗਲ ਵੱਲੋਂ ਬਚਾਏ ਜਾਣ ਦਾ ਵਿਰੋਧ ਕਰ ਰਹੇ ਹਨ| ਇਕ ਨਿਊਜ਼ ਦੀ ਰਿਪੋਰਟ ਮੁਤਾਬਕ ਕਰਮਚਾਰੀਆਂ ਵੱਲੋਂ ਵਿਆਪਕ ਪੱਧਰ ਤੇ ਇਹ ਪ੍ਰਦਰਸ਼ਨ ਕੀਤਾ ਜਾਵੇਗਾ| ਇਹ ਪ੍ਰਦਰਸ਼ਨ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਕੁਝ ਹੀ ਦਿਨਾਂ ਪਹਿਲਾਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗੂਗਲ ਵੱਲੋਂ ਬੀਤੇ 2 ਸਾਲਾ ਦੇ ਅੰਦਰ 48 ਲੋਕਾਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਕੰਪਨੀ ਵਿੱਚੋਂ ਕੱਢ ਦਿੱਤਾ ਗਿਆ|
ਨਿਊਯਾਰਕ ਟਾਈਮਜ਼ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਵਜੂਦ ਰੂਬਿਨ ਨੂੰ 9 ਕਰੋੜ ਡਾਲਰ ਦਾ ਐਗਜ਼ਿਟ ਪੈਕੇਜ ਦਿੱਤਾ ਗਿਆ| ਕੰਪਨੀ ਨੇ ਕਿਹਾ ਕਿ ਉਸ ਨੇ ਸੀਨੀਅਰ ਮੈਨੇਜਰ ਵੱਲੋਂ ਕੀਤੇ ਗਏ ਗਲਤ ਵਿਵਹਾਰ ਤੇ ਸਖਤ ਰੁਖ ਅਪਣਾਇਆ ਹੈ| ਗੂਗਲ ਦੀ ਇਕ ਕਰਮਚਾਰੀ ਨੇ ਬਜਫੀਡ ਨੂੰ ਕਿਹਾ ਕਿ ਮੈਂ ਆਪਣੀ ਗੱਲ ਕਹਾਂ ਤਾਂ ਮੈਂ ਬਹੁਤ ਡਰੀ ਹੋਈ ਹਾਂ| ਮੈਨੂੰ ਲੱਗਦਾ ਹੈ ਕਿ ਗੂਗਲ ਵਿੱਚ ਔਰਤਾਂ ਨਾਲ ਗਲਤ ਵਿਵਹਾਰ ਨੂੰ ਲੈ ਕੇ ਕੰਪਨੀ ਤੋਂ ਜਾਣ ਵਾਲੇ ਲੋਕਾਂ ਦਾ ਇਕ ਸਿਲਸਿਲਾ ਚੱਲ ਪਿਆ ਹੈ ਜਾਂ ਜੇਕਰ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਉਨ੍ਹਾਂ ਨੂੰ ਛੋਟੀ-ਮੋਟੀ ਸਜ਼ਾ ਦਿੱਤੀ ਜਾਂਦੀ ਹੈ|
!

Leave a Reply

Your email address will not be published. Required fields are marked *