ਜਿਮਣੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦੀ ਬੇਚੈਨੀ

ਲੋਕਸਭਾ ਦੀਆਂ ਚਾਰ ਅਤੇ ਵੱਖ-ਵੱਖ ਵਿਧਾਨਸਭਾਵਾਂ ਦੀਆਂ 10 ਸੀਟਾਂ ਤੇ ਹੋਈਆਂ ਉਪਚੋਣਾਂ ਦੇ ਨਤੀਜੇ ਵਿਰੋਧੀ ਪਾਰਟੀਆਂ ਦੀ ਇੱਕ ਜੁੱਟਤਾ ਦਾ ਦਮ ਦਿਖਾਉਂਦੇ ਹਨ, ਪਰ ਨਾਲ ਹੀ ਇਹ ਮੋਦੀ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਪੈਦਾ ਹੋ ਰਹੇ ਅਸੰਤੋਸ਼ ਦਾ ਸੰਕੇਤ ਵੀ ਦਿੰਦੇ ਹਨ| ਹੁਣੇ ਦੇਸ਼ ਵਿੱਚ ਉਪਚੋਣਾਂ ਨੂੰ ਵੀ ਕਾਫੀ ਗੰਭੀਰਤਾ ਨਾਲ ਲਿਆ ਜਾਣ ਲੱਗਿਆ ਹੈ| ਇਸ ਨਾਲ ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਆਪਣਾ ਕੰਮਕਾਜ ਪਰਖਣ ਦਾ ਮੌਕਾ ਮਿਲਦਾ ਹੈ, ਨਾਲ ਹੀ ਬਦਲਦੇ ਸਿਆਸੀ ਸਮੀਕਰਣਾਂ ਦੀ ਤਾਕਤ ਵੀ ਸਾਹਮਣੇ ਆ ਜਾਂਦੀ ਹੈ| ਨਤੀਜੇ ਦੱਸਦੇ ਹਨ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਝਾਰਖੰਡ ਵਰਗੇ ਰਾਜਾਂ ਵਿੱਚ, ਜਿੱਥੇ ਭਾਜਪਾ ਦੀ ਸਰਕਾਰ ਹੈ, ਪਾਰਟੀ ਲਈ ਚੋਣ ਜਿੱਤਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ|
ਬਿਹਾਰ ਵਿੱਚ ਉਹ ਜੂਨੀਅਰ ਪਾਰਟਨਰ ਦੀ ਭੂਮਿਕਾ ਵਿੱਚ ਹੈ, ਫਿਰ ਵੀ ਉੱਥੇ ਜੋਕੀਹਾਟ ਵਿੱਚ ਜੇਡੀਯੂ ਦਾ ਉਮੀਦਵਾਰ ਬੁਰੀ ਤਰ੍ਹਾਂ ਹਾਰਿਆ| ਨੀਤੀਸ਼ ਦਾ ਸੁਸ਼ਾਸਨ ਸੀਟ ਬਚਾਉਣ ਵਿੱਚ ਕੋਈ ਮਦਦ ਨਹੀਂ ਕਰ ਸਕਿਆ | ਯੂਪੀ ਵਿੱਚ ਕੈਰਾਨਾ ਲੋਕਸਭਾ ਸੀਟ ਅਤੇ ਨੂਰਪੁਰ ਵਿਧਾਨਸਭਾ ਸੀਟ ਵਿਰੋਧੀ ਧਿਰ ਦੇ ਉਮੀਦਵਾਰ ਜਿੱਤੇ ਜਦੋਂਕਿ ਭਾਜਪਾ ਨੇ ਖਾਸ ਕਰਕੇ ਕੈਰਾਨਾ ਵਿੱਚ ਕਾਫ਼ੀ ਜ਼ੋਰ ਲਗਾਇਆ ਸੀ| ਜਨਤਾ ਨੇ ਉੱਥੇ ਭਾਵਨਾਤਮਕ ਮੁੱਦਿਆਂ ਨੂੰ ਨਕਾਰ ਦਿੱਤਾ ਅਤੇ ਧਾਰਮਿਕ ਆਧਾਰ ਤੇ ਚੋਣ ਨਹੀਂ ਹੋਣ ਦਿੱਤੀ| ਝਾਰਖੰਡ ਵਿੱਚ ਵੀ ਦੋਵੇਂ ਵਿਧਾਨਸਭਾ ਸੀਟਾਂ ਜੇਐਮਐਮ ਨੇ ਜਿੱਤੀਆਂ| ਮਹਾਰਾਸ਼ਟਰ ਵਿੱਚ ਪਾਲਘਰ ਲੋਕਸਭਾ ਸੀਟ ਤਿਕੋਨੇ ਮੁਕਾਬਲੇ ਵਿੱਚ ਬਚਾ ਲੈ ਜਾਣ ਦੇ ਬਾਵਜੂਦ ਬੀਜੇਪੀ ਨੂੰ ਸਖਤ ਟੱਕਰ ਮਿਲੀ ਜਦੋਂਕਿ ਭੰਡਾਰਾ- ਗੋਂਦਿਆ ਲੋਕਸਭਾ ਸੀਟ ਤੇ ਕਾਂਗਰਸ – ਐਨਸੀਪੀ ਦੀ ਆਪਸੀ ਸਮਝਦਾਰੀ ਨਿਰਣਾਇਕ ਸਿੱਧ ਹੋਈ| ਇਹਨਾਂ ਉਪਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਰਾਸ਼ਟਰੀ ਪੱਧਰ ਤੇ ਕੋਈ ਵਾਧੂ ਸਰਗਰਮੀ ਨਹੀਂ ਵਿਖਾਈ, ਫਿਰ ਵੀ ਉਨ੍ਹਾਂ ਦੇ ਉਮੀਦਵਾਰ ਜਿਆਦਾਤਰ ਥਾਵਾਂ ਤੇ ਜਿੱਤ ਗਏ|
ਇਸ ਨਾਲ ਇੱਕ ਗੱਲ ਤਾਂ ਸਾਫ ਹੈ ਕਿ 2014 ਵਿੱਚ ਵਿਰੋਧੀ ਧਿਰ ਤੋਂ ਟੁੱਟੇ ਵੋਟਰ ਉਸ ਦੇ ਕੋਲ ਵਾਪਸ ਪਰਤ ਰਹੇ ਹਨ| ਲੰਮੀ ਨਿਰਾਸ਼ਾ ਤੋਂ ਗੁਜਰੇ ਮੁੱਖ ਵਿਰੋਧੀ ਦਲ ਕਾਂਗਰਸ ਦਾ ਆਤਮਵਿਸ਼ਵਾਸ ਵੀ ਗੁਜਰਾਤ ਵਿੱਚ ਬੀਜੇਪੀ ਨਾਲ ਤਿੱਖੀ ਲੜਾਈ ਵਿੱਚ ਜਾ ਕੇ ਅਤੇ ਕਰਨਾਟਕ ਵਿੱਚ ਹਾਰ ਦੇ ਬਾਵਜੂਦ ਆਪਣੇ ਮੁਤਾਬਿਕ ਸਰਕਾਰ ਬਣਵਾ ਕੇ ਵਧਿਆ ਹੋਇਆ ਹੈ|
ਉਪਚੋਣਾਂ ਵਿੱਚ ਉਸਨੇ ਪੰਜਾਬ ਦੀ ਸ਼ਾਹਕੋਟ ਸੀਟ ਅਕਾਲੀ ਦਲ ਤੋਂ ਖੋਹੀ ਅਤੇ ਮੇਘਾਲਿਆ ਵਿੱਚ ਇੱਕ ਸੀਟ ਜਿੱਤ ਕੇ ਰਾਜ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ| ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਕਰਨਾਟਕ ਦੀ ਇੱਕ -ਇੱਕ ਵਿਧਾਨਸਭਾ ਸੀਟਾਂ ਉਸਦੇ ਹੱਥ ਲੱਗੀਆਂ ਹਨ| ਪੱਛਮੀ ਬੰਗਾਲ ਵਿੱਚ ਮਾਹੇਸਥਲ ਲੋਕਸਭਾ ਸੀਟ ਜਿੱਤ ਕੇ ਟੀਐਮਸੀ ਨੇ ਉੱਥੇ ਆਪਣਾ ਜਲਵਾ ਕਾਇਮ ਰੱਖਿਆ ਹੈ, ਪਰ ਭਾਜਪਾ ਲਈ ਸੰਤੋਸ਼ ਦੀ ਗੱਲ ਹੈ ਕਿ ਉਹ ਰਾਜ ਵਿੱਚ ਲੈਫਟ ਅਤੇ ਕਾਂਗਰਸ ਨੂੰ ਪਿੱਛੇ ਧੱਕ ਕੇ ਦੂਜੇ ਨੰਬਰ ਤੇ ਪਹੁੰਚ ਰਹੀ ਹੈ| ਉਤਰਾਖੰਡ ਦੀ ਥਰਾਲੀ ਵਿਧਾਨਸਭਾ ਸੀਟ ਬਚਾ ਲੈ ਜਾਣਾ ਵੀ ਭਾਜਪਾ ਲਈ ਇੱਕ ਖੁਸ਼ਖਬਰੀ ਹੈ|
ਕੇਰਲ ਵਿੱਚ ਇੱਕ ਵਿਧਾਨਸਭਾ ਸੀਟ ਜਿੱਤ ਕੇ ਲੈਫਟ ਨੇ ਉੱਥੇ ਆਪਣੀ ਪਕੜ ਮਜਬੂਤ ਰਖਣ ਦਾ ਸੰਕੇਤ ਦਿੱਤਾ ਹੈ| ਇਹਨਾਂ ਉਪਚੋਣਾਂ ਨੂੰ 2019 ਦੀਆਂ ਆਮ ਚੋਣਾਂ ਦਾ ਟ੍ਰੈਂਡ ਸੈਂਟਰ ਨਹੀਂ ਮੰਨਿਆ ਜਾ ਸਕਦਾ ਪਰ ਬੀਜੇਪੀ ਲਈ ਇਨ੍ਹਾਂ ਨੇ ਇੱਕ ਖਤਰੇ ਦੀ ਘੰਟੀ ਜਰੂਰ ਵਜਾਈ ਹੈ| ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹਨਾਂ ਨਤੀਜਿਆਂ ਨੂੰ ਅੱਗੇ ਛਲਾਂਗ ਲਗਾਉਣ ਲਈ ਦੋ ਕਦਮ ਪਿੱਛੇ ਹੱਟਣ ਵਰਗਾ ਦੱਸਿਆ ਹੈ| ਸਰਕਾਰ ਪੈਟਰੋਲ – ਡੀਜਲ ਦੀ ਕੀਮਤ ਵਰਗੇ ਮਸਲਿਆਂ ਤੇ ਨਰਮੀ ਦਿਖਾ ਕੇ ਵੋਟਰਾਂ ਦੇ ਦਿਲ ਨੂੰ ਦੁਬਾਰਾ ਛੂਹਣ ਦੀ ਕੋਸ਼ਿਸ਼ ਕਰ ਸਕਦੀ ਹੈ|
ਦਵਿੰਦਰ ਸਿੰਘ

Leave a Reply

Your email address will not be published. Required fields are marked *