ਜਿਮਣੀ ਚੋਣਾਂ ਵਿੱਚ ਭਾਜਪਾ ਦੀ ਹਾਰ ਦੇ ਮਾਇਨੇ

ਪਿਛਲੇ ਦਿਨੀਂ ਯੂ.ਪੀ ਅਤੇ ਬਿਹਾਰ ਵਿੱਚ ਲੋਕ ਸਭਾ ਦੀਆਂ ਤਿੰਨ ਅਤੇ ਵਿਧਾਨ ਸਭਾ ਦੀਆਂ ਦੋ ਸੀਟਾਂ ਲਈ ਹੋਈ ਜਿਮਣੀ ਚੋਣ ਵਿੱਚ ਭਾਜਪਾ ਨੂੰ ਤਕੜੀ ਹਾਰ ਮਿਲੀ ਹੈ| ਲੋਕ ਸਭਾ ਦੀਆਂ ਇਹਨਾਂ ਤਿੰਨ ਸੀਟਾਂ ਵਿੱਚ 2 ਤੇ ਪਹਿਲਾਂ ਭਾਜਪਾ ਕਾਬਿਜ ਸੀ ਪਰੰਤੂ ਹੁਣ ਭਾਜਵਾ ਵਲੋਂ ਇਹ ਸੀਟਾਂ ਹਾਰ ਜਾਣ ਕਰਕੇ ਲੋਕ ਸਭਾ ਵਿੱਚ ਉਸਦੇ ਮੈਂਬਰਾਂ ਦੀ ਗਿਣਤੀ 273 ਰਹਿ ਗਈ ਹੈ| ਜਦੋਂ ਸਾਲ 2014 ਦੀਆਂ ਚੋਣਾਂ ਹੋਈਆਂ ਸਨ ਤਾਂ ਭਾਜਪਾ ਨੇ 282 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਸੀ| ਉਸ ਤੋਂ ਬਾਅਦ ਹੋਈਆਂ ਵੱਖ ਵੱਖ ਜਿਮਣੀ ਚੋਣਾਂ ਵਿੱਚ ਕਈ ਸੀਟਾਂ ਹਰ ਜਾਣ ਕਰਕੇ ਭਾਜਪਾ ਦੇ ਕੋਲ ਇਸ ਸਮੇਂ ਲੋਕ ਸਭਾ ਵਿੱਚ ਭਾਜਪਾ ਕੋਲ 273 ਸੀਟਾਂ ਰਹਿ ਗਈਆਂ ਹਨ| ਲੋਕ ਸਭਾ ਵਿੱਚ ਬਹੁਮਤ ਲਈ 272 ਸੀਟਾਂ ਚਾਹੀਦੀਆਂ ਹੁੰਦੀਆਂ ਹਨ ਅਤੇ ਭਾਜਪਾ ਕੋਲ ਇਸ ਸਮੇਂ ਬਹੁਮਤ ਲਈ ਲੋੜਦੀਆਂ ਸੀਟਾਂ ਤੋਂ ਇਕ ਸੀਟ ਵੱਧ ਹੀ ਹੈ| ਉਂਝ ਇਹ ਗਲ ਵੱਖਰੀ ਹੈ ਕਿ ਭਾਜਪਾ ਦੇ ਨਾਲ ਦੂਜੀਆਂ ਪਾਰਟੀਆਂ ਦੇ ਵਲੋਂ ਕੀਤੇ ਗਏ ਗਠਜੋੜ ਐਨ ਡੀ ਏ ਦੇ ਕੋਲ 300 ਤੋਂ ਵੱਧ ਸੀਟਾਂ ਹਨ| ਇਸ ਤਰਾਂ ਕੇਂਦਰ ਵਿੱਚਲੀ ਐਨ ਡੀ ਏ ਸਰਕਾਰ ਨੂੰ ਅਜੇ ਕੋਈ ਖਤਰਾ ਨਹੀਂ ਹੈ ਪਰ ਜਿਮਨੀ ਚੋਣਾਂ ਵਿੱਚ ਹੋਈ ਹਾਰ ਕਾਰਨ ਭਾਜਪਾ ਸਰਕਾਰ ਦੀ ਕਾਰਗੁਜਾਰੀ ਉਪਰ ਸਵਾਲ ਉਠਣੇ ਜਰੂਰ ਸ਼ੁਰੂ ਹੋ ਗਏ ਹਨ|
ਇੰਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਉਤਰ ਪ੍ਰਦੇਸ਼ ਵਿੱਚ ਲੋਕ ਸਭਾ ਦੀਆਂ ਦੋ ਸੀਟਾਂ ਅਤੇ ਬਿਹਾਰ ਵਿੱਚ ਇਕ ਸੰਸਦੀ ਸੀਟ ਅਤੇ ਵਿਧਾਨਸਭਾ ਦੀਆਂ ਦੋ ਸੀਟਾਂ ਦੀ ਜਿਮਣੀ ਚੋਣ ਵਿੱਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ| ਇਹ ਹਾਰ ਜਾਂ ਇੰਝ ਕਹੀਏ ਕਿ ਲੋਕਾਂ ਦਾ ਇਹ ਫਤਵਾ ਕੇਂਦਰ ਅਤੇ ਉਤਰ ਪ੍ਰਦੇਸ਼ ਵਿੱਚ ਸਰਕਾਰਾਂ ਚਲਾ ਰਹੀ ਭਾਜਪਾ ਲਈ ਬਹੁਤ ਵੱਡਾ ਧੱਕਾ ਹੈ| ਬਿਹਾਰ ਵਿੱਚ ਭਾਜਪਾ ਅਤੇ ਨਿਤੀਸ ਕੁਮਾਰ ਦੇ ਜਨਤਾ ਦਲ ਯੂ ਨੂੰ ਮਿਲੀ ਭਾਰੀ ਹਾਰ ਕਾਰਨ ਬਿਹਾਰ ਦੀ ਨਿਤੀਸ ਕੁਮਾਰ ਦੀ ਸਰਕਾਰ, ਜੋ ਕਿ ਭਾਜਪਾ ਦੀ ਸਹਾਇਤਾ ਨਾਲ ਹੀ ਚਲ ਰਹੀ ਹੈ, ਉਪਰ ਵੀ ਸਵਾਲ ਉਠ ਰਹੇ ਹਨ| ਇਥੇ ਇਹ ਜਿਕਰਯੋਗ ਹੈ ਕਿ ਭਾਵੇਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਭਾਵੇਂ ਭ੍ਰਿਸਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹਨ ਅਤੇ ਉਹਨਾਂ ਦੇ ਕਈ ਪਰਿਵਾਰਕ ਮੈਂਬਰਾਂ ਉਪਰ ਵੀ ਭ੍ਰਿਸਟਾਚਾਰ ਦੇ ਮਾਮਲੇ ਦਰਜ ਹਨ ਪਰ ਇਸਦੇ ਬਾਵਜੂਦ ਇਸ ਜਿਮਣੀ ਚੋਣ ਵਿੱਚ ਲਾਲੂ ਦੀ ਪਾਰਟੀ ਦੀ ਕਾਰਗੁਜਾਰੀ ਕਾਫੀ ਚੰਗੀ ਰਹੀ ਹੈ|
ਇਸ ਜਿਮਣੀ ਚੋਣ ਵਿੱਚ ਮਿਲੀ ਹਾਰ ਕਾਰਨ ਭਾਜਪਾ ਜਿੱਥੇ ਤਿਲਮਿਲਾ ਗਈ ਹੈ, ਉਥੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਕਹਿ ਰਹੇ ਹਨ ਕਿ ਉਹਨਾਂ ਦੀ ਪਾਰਟੀ ਬਹੁਤ ਜਿਆਦਾ ਭਰੋਸਾ ਹੋਣ ਕਰਕੇ ਹੀ ਹਾਰੀ ਹੈ| ਹਾਲਾਂਕਿ ਇਸ ਤੋਂ ਪਹਿਲਾਂ ਖੁਦ ਉਹਨਾਂ ਨੇ ਜਿਮਣੀ ਚੋਣ ਤੋ ਪਹਿਲਾਂ ਦਾਅਵਾ ਕੀਤਾ ਸੀ ਕਿ ਇਹ ਚੋਣਾਂ ਸਾਲ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੂਰਬ ਅਭਿਆਸ ਹੋਣਗੀਆਂ| ਉਹਨਾਂ ਇਹ ਵੀ ਦਾਅਵਾ ਕੀਤਾ ਸੀ ਕਿ ਇਹਨਾਂ ਚੋਣਾਂ ਵਿੱਚ ਜਿੱਤ ਤੋਂ ਬਾਅਦ ਭਾਜਪਾ ਲਈ ਸਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਰਾਹ ਪੱਧਰਾ ਹੋ ਜਾਵੇਗਾ| ਇਸ ਤਰ੍ਹਾਂ ਭਾਜਪਾ ਨੂੰ ਉਪ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਕਾਰਨ ਭਾਜਪਾ ਆਗੂਆਂ ਦੇ ਦਾਅਵੇ ਹਵਾ ਹਵਾਈ ਸਾਬਿਤ ਹੋ ਗਏ ਹਨ|
ਇਹਨਾਂ ਚੋਣਾਂ ਵਿੱਚ ਭਾਜਪਾ ਦੀ ਹਾਰ ਨੂੰ ਵੇਖਦਿਆਂ ਭਾਵੇਂ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਹੁਣ ਭਾਜਪਾ ਦਾ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ| ਇਸਦੇ ਨਾਲ ਹੀ ਇਸ ਹਾਰ ਤੋਂ ਬਾਅਦ ਭਾਜਪਾ ਬਾਰੇ ਇਹ ਕਹਿਣਾ ਕਿ ਹੁਣ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਹਾਰ ਜਾਵੇਗੀ, ਵੀ ਜਾਇਜ ਨਹੀਂ ਹੋਵੇਗਾ ਪਰ ਇਹ ਵੀ ਇਕ ਹਕੀਕਤ ਹੈ ਕਿ ਭਾਜਪਾ ਦੀ ਇਹਨਾਂ ਚੋਣਾਂ ਵਿੱਚ ਹੋਈ ਹਾਰ ਕਾਰਨ ਭਾਜਪਾ ਆਗੂਆਂ ਵਾਸਤੇ ਨਮੋਸੀ ਵਾਲੇ ਹਾਲਾਤ ਜਰੂਰ ਬਣ ਗਏ ਹਨ| ਇਸ ਸੰਦਰਭ ਵਿੱਚ ਗੁਰਦਾਸਪੁਰ ਸੰਸਦੀ ਸੀਟ ਦੀ ਜਿਮਣੀ ਚੋਣ ਦੇ ਨਤੀਜੇ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਜਿੱਥੋਂ ਦੀ ਨੁਮਾਇੰਦਗੀ ਕਰਨ ਵਾਲੇ ਭਾਜਪਾ ਦੇ ਸਾਂਸਦ ਸ੍ਰੀ ਵਿਨੋਦ ਖੰਨਾਦੀ ਮੌਤ ਤੋਂ ਬਾਅਦ ਇਸ ਹਲਕੇ ਵਿੱਚ ਹੋਈ ਜਿਮਣੀ ਚੋਣ ਵਿੱਚ ਵੀ ਭਾਜਪਾ ਦੀ ਥਾਂ ਕਾਂਗਰਸ ਇਹ ਚੋਣ ਜਿਤ ਗਈ ਸੀ|
ਹੁਣ ਵੱਖ ਵੱਖ ਸੂਬਾਈ ਅਤੇ ਭਾਜਪਾ ਵਿਰੋਧੀ ਪਾਰਟੀਆਂ ਮਿਲ ਕੇ ਇਕ ਸਾਂਝਾ ਗਠਜੋੜ ਬਣਾਉਣ ਲਈ ਯਤਨ ਕਰ ਰਹੀਆਂ ਹਨ| ਕਾਂਗਰਸ ਦੀ ਸੀਨੀਅਰ ਆਗੂ ਸੋਨੀਆਂ ਗਾਂਧੀ ਨੇ ਭਾਜਪਾ ਦੀਆਂ ਵਿਰੋਧੀ ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਡਿਨਰ ਮੀਟਿੰਗ ਉਪਰ ਵੀ ਬੁਲਾਇਆ ਸੀ ਅਤੇ ਉਹਨਾਂ ਨਾਲ ਗਠਜੋੜ ਬਣਾਉਣ ਬਾਰੇ ਗਲਬਾਤ ਕੀਤੀ ਸੀ| ਇਸ ਤਰ੍ਹਾਂ ਕਾਂਗਰਸ ਸਮੇਤ ਭਾਜਪਾ ਵਿਰੋਧੀ ਸਾਰੀਆ ਪਾਰਟੀਆਂ ਇਕ ਗਠਜੋੜ ਬਣਾਉਣ ਵਿੱਚ ਜੇ ਸਫਲ ਹੋ ਗਈਆਂ ਤਾਂ ਇਸਦਾ ਪ੍ਰਭਾਵ ਸਾਲ 2019 ਦੀਆਂ ਚੋਣਾਂ ਉਪਰ ਜਰੂਰ ਪਵੇਗਾ|

Leave a Reply

Your email address will not be published. Required fields are marked *