ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਪਾਰਕਿੰਗ ਠੇਕੇਦਾਰ ਤੇ ਹੱਥੋਪਾਈ ਕਰਨ ਅਤੇ ਪਾਰਕਿੰਗ ਦੇ ਦੁਗਣੇ ਪੈਸੇ ਵਸੂਲਣ ਦਾ ਦੋਸ਼ ਲਗਾਇਆ, ਪੁਲੀਸ ਨੂੰ ਦਿੱਤੀ ਸ਼ਿਕਾਇਤ

ਐਸ ਏ ਐਸ ਨਗਰ, 17 ਜਨਵਰੀ (ਸ.ਬ.) ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਪਾਰਕਿੰਗ ਦੇ ਠੇਕੇਦਾਰ ਵਲੋਂ ਅੱਜ ਇਕ ਵਿਅਕਤੀ ਨਾਲ ਹਥੋਪਾਈ ਕਰਕੇ ਉਸ ਤੋਂ ਸਕੂਟਰ ਖੜਾਉਣ ਦੇ ਦੁਗਣੇ ਰੁਪਏ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ| ਪੀੜਿਤ ਵਿਅਕਤੀ ਵਲੋਂ ਇਸ ਸੰਬੰਧੀ ਸੋਹਾਣਾ ਥਾਣਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਨਰਿੰਦਰ ਸਿੰਘ ਵਸਨੀਕ ਸੈਕਟਰ 66 ਮੁਹਾਲੀ ਨੇ ਦੱਸਿਆ ਕਿ ਉਹ ਕਿਸੇ ਕੰਮ ਸਥਾਨਕ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਕਰੀਬ 11 ਵਜੇ ਗਏ ਸਨ, ਉਥੇ ਉਹਨਾਂ ਤੋਂ ਸਕੂਟਰ ਪਾਰਕਿੰਗ ਦੀ ਫੀਸ 10 ਰੁਪਏ ਲਏ ਗਏ ਜਦੋਂ ਕਿ ਸਕੂਟਰ ਪਾਰਕਿੰਗ ਫੀਸ ਪੰਜ ਰੁਪਏ ਹੈ| ਜਦੋਂ ਠੇਕੇਦਾਰ ਦੇ ਕਰਿੰਦੇ ਨੂੰ ਪਰਚੀ 5 ਰੁਪਏ ਦੀ ਥਾਂ ਦਸ ਰੁਪਏ ਦੀ ਕੱਟਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਪਰਚੀ ਸਕੂਟਰਾਂ ਲਈ 10 ਰੁਪਏ ਦੀ ਲੱਗੇਗੀ| ਜਦੋਂ ਉਹਨਾਂ ਕਿਹਾ ਕਿ ਉਸ ਵਲੋਂ ਦਿੱਤੀ ਗਈ ਪਰਚੀ ਉਪਰ ਕੋਈ ਰੇਟ ਨਹੀਂ ਲਿਖਿਆ ਹੋਇਆ ਤਾਂ ਕਰਿੰਦੇ ਨੇ ਉਸ ਪਰਚੀ ਉਪਰ 10 ਰੁਪਏ ਲਿਖ ਕੇ ਆਪਣੇ ਹਸਤਾਖਰ ਕਰ ਦਿੱਤੇ| ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਇਸਦਾ ਵਿਰੋਧ ਕੀਤਾ ਤਾਂ ਕਰਿੰਦੇ ਨੇ ਕਿਹਾ ਕਿ ਤੁਸੀਂ ਇਸ ਲਈ ਠੇਕੇਦਾਰ ਨਾਲ ਗਲ ਕਰ ਲਓ| ਜਦੋਂ ਉਹਨਾਂ ਨੇ ਇਸ ਸਬੰਧੀ ਪਾਰਕਿੰਗ ਠੇਕੇਦਾਰ ਨਾਲ ਗਲ ਕੀਤੀ ਤਾਂ ਠੇਕੇਦਾਰ ਨੇ ਕਿਹਾ ਕਿ ਸਕੂਟਰ ਦੀ ਪਾਰਕਿੰਗ ਦੇ 10 ਰੁਪਏ ਲੱਗਦੇ ਹਨ| ਜਦੋਂ ਉਹਨਾਂ ਨੇ ਠੇਕੇਦਾਰ ਦੀ ਮੋਬਾਈਲ ਰਾਹੀਂ ਵੀਡੀਓ ਬਣਾਉਣ ਦਾ ਯਤਨ ਕੀਤਾ ਤਾਂ ਠੇਕੇਦਾਰ ਨੇ ਉਹਨਾਂ ਨਾਲ ਹੱਥੋਪਾਈ ਕਰਦਿਆਂ ਉਹਨਾਂ ਦਾ ਮੋਬਾਇਲ ਖੋਹਣ ਦਾ ਯਤਨ ਕੀਤਾ| ਇਸ ਮੌਕੇ ਠੇਕੇਦਾਰ ਨੇ ਉਹਨਾਂ ਨੂੰ ਬਣਾਈ ਹੋਈ ਵੀਡੀਓ ਡਿਲੀਟ ਕਰਨ ਦੀ ਧਮਕੀ ਵੀ ਦਿੱਤੀ ਪਰ ਉਹ ਕਿਸੇ ਤਰਾਂ ਮੌਕਾ ਸਾਂਭ ਕੇ ਉਥੋਂ ਨਿਕਲ ਆਏ|
ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਥਾਣਾ ਸੋਹਾਣਾ ਵਿੱਚ ਸ਼ਿਕਾਇਤ ਦਿੱਤੀ ਹੈ| ਉਹਨਾਂ ਮੰਗ ਕੀਤੀ ਕਿ ਵਾਹਨ ਖੜੇ ਕਰਨ ਦੇ ਵੱਧ ਪੈਸੇ ਵਸੂਲਣ ਅਤੇ ਉਹਨਾਂ ਨਾਲ ਹਥੋਪਾਈ ਕਰਨ ਵਾਲੇ ਪਾਰਕਿੰਗ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *