ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ : ਚੋਣ ਪ੍ਰਚਾਰ ਦੌਰਾਨ ਇੱਕ ਦੂਜੇ ਖਿਲਾਫ ਦੂਸ਼ਣ ਬਾਜੀ ਰਹੀ ਭਾਰੂ, ਲੋਕ ਮੁੱਦਿਆਂ ਤੇ ਨਾ ਹੋਈ ਗੱਲ

ਐਸ ਏ ਐਸ ਨਗਰ, 18 ਸਤੰਬਰ (ਸ.ਬ.) ਭਲਕੇ 19 ਸਤੰਬਰ ਨੂੰ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਭਾਵੇਂ ਇਸ ਸਮੇਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ, ਪਰ ਇਹਨਾਂ ਚੋਣਾਂ ਸਬੰਧੀ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਪੂਰਾ ਜੋਰ ਲਾਇਆ ਜਾ ਰਿਹਾ ਹੈ| ਇਹਨਾਂ ਚੋਣਾਂ ਵਿੱਚ ਸਾਰੇ ਹੀ ਉਮੀਦਵਾਰਾਂ ਵਲੋਂ ਕਈ ਦਿਨ ਪਹਿਲਾਂ ਤੋਂ ਹੀ ਆਪੋ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ| ਇਸੇ ਤਰ੍ਹਾਂ ਵੱਖ- ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਵੀ ਇਹਨਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਵਲੋਂ ਚੋਣ ਪ੍ਰਚਾਰ ਵੱੱਡੇ ਪੱਧਰ ਉਪਰ ਕੀਤਾ ਗਿਆ|
ਇਸ ਚੋਣ ਪ੍ਰਚਾਰ ਦੌਰਾਨ ਇਹ ਗੱਲ ਵੇਖਣ ਵਿੱਚ ਆਈ ਕਿ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜਾਦ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚੋਂ ਲੋਕਾਂ ਦੇ ਅਸਲ ਮੁੱਦੇ ਇਕ ਤਰਾਂ ਗਾਇਬ ਹੀ ਰਹੇ ਅਤੇ ਚੋਣ ਪ੍ਰਚਾਰ ਦੌਰਾਨ ਆਗੂਆ ਦਾ ਪੂਰਾ ਜੋਰ ਇਕ ਦੂਜੇ ਉਪਰ ਚਿੱਕੜ ਸੁੱਟਣ ਵੱਲ ਹੀ ਲੱਗਿਆ ਰਿਹਾ|
ਇਨ੍ਹਾਂ ਚੋਣਾਂ ਸਬੰਧੀ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਬਰਗਾੜੀ ਘਟਨਾ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਮੁੱਖ ਮੁੱਦਾ ਬਣਾਇਆ ਗਿਆ| ਇਸਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਸਬੰਧੀ ਸਾਰਾ ਦੋਸ਼ ਬਾਦਲਾਂ ਸਿਰ ਹੀ ਮੜਨ ਦਾ ਯਤਨ ਕੀਤਾ ਗਿਆ| ਦੂਜੇ ਪਾਸੇ ਅਕਾਲੀ ਦਲ ਬਾਦਲ ਵਲੋਂ ਵੀ ਇਹਨਾਂ ਚੋਣਾਂ ਦੌਰਾਨ ਕਾਂਗਰਸ ਸਰਕਾਰ ਵਲੋਂ 1984 ਵਿੱਚ ਦਰਬਾਰ ਸਾਹਿਬ ਉਪਰ ਕੀਤੇ ਗਏ ਹਮਲੇ ਅਤੇ 1984 ਦੀ ਸਿੱਖ ਨਸਲਕੁਸ਼ੀ ਦਾ ਮੁੱਦਾ ਉਠਾ ਕੇ ਕਾਂਗਰਸ ਨੂੰ ਘੇਰਨ ਦਾ ਯਤਨ ਕੀਤਾ ਜਾਂਦਾ ਰਿਹਾ|
ਇਹਨਾਂ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਵਲੋਂ ਇਕ ਦੂਜੇ ਉਪਰ ਹਮਲੇ ਜਾਰੀ ਰਹੇ ਪਰ ਇਹਨਾਂ ਚੋਣਾਂ ਦੌਰਾਨ ਲੋਕਾਂ ਦੇ ਮੁੱਦੇ ਦੀ ਕਿਸੇ ਵੀ ਪਾਰਟੀ ਨੇ ਕੋਈ ਗੱਲ ਨਾ ਕੀਤੀ| ਨਾ ਹੀ ਕਿਸੇ ਪਾਰਟੀ ਨੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਈ ਗੱਲ ਕੀਤੀ| ਸਾਰੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਣ ਵਿਚ ਆਏ ਸੀਨੀਅਰ ਆਗੂਆਂ ਵਲੋਂ ਚੋਣ ਪ੍ਰਚਾਰ ਨੂੰ ਕਾਫੀ ਹੱਦ ਤਕ ਇਕ ਦੂਜੇ ਦੀ ਭੰਡੀ ਕਰਨ ਤਕ ਸੀਮਿਤ ਕਰ ਦਿਤਾ ਗਿਆ| ਹਾਲਾਂਕਿ ਇਸ ਦੌਰਾਨ ਵਿਕਾਸ ਦੀ ਗੱਲ ਵੀ ਹੋਈ ਅਤੇ ਲੋਕ ਮੁੱਦਿਆਂ ਤੇ ਵੀ ਥੋੜੀ ਬਹੁਤ ਚਰਚਾ ਹੋਈ ਪਰੰਤੂ ਉਹ ਵੀ ਆਗੂਆਂ ਵਲੋਂ ਇੱਕ ਦੂਜੇ ਦੇ ਖਿਲਾਫ ਕੀਤੀ ਜਾਂਦੀ ਦੂਸ਼ਣਬਾਜੀ ਦੇ ਰੌਲੇ ਰੱਪੇ ਵਿੱਚ ਹੀ ਗਵਾਚ ਕੇ ਰਹਿ ਗਈ|

Leave a Reply

Your email address will not be published. Required fields are marked *