ਜਿਲ੍ਹਾ ਪੱਧਰੀ ਯੁਵਾ ਦਿਵਸ ਮਨਾਇਆ

ਖਰੜ, 27  ਫਰਵਰੀ (ਸ.ਬ.) ਸਹਾਇਕ ਡਾਇਰੈਕਟਰ ਯੁਵਕ                  ਸੇਵਾਵਾਂ ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਦਿਵਸ ਐਨੀਜ ਸਕੂਲ ਖਰੜ ਵਿਖੇ ਮਨਾਇਆ ਗਿਆ| ਇਸ ਮੌਕੇ ਮੁੱਖ ਮਹਿਮਾਨ ਵੱਜੋਂ ਬਰਜਿੰਦਰ ਕੌਰ ਬਾਜਵਾ, ਡਿਪਟੀ ਰਜਿਸਟਰਾਰ, ਕੋਆਪਰੇਟਿਵ ਡਿਪਾਰਟਮੈਂਟ, ਐਸ.ਏ.ਐਸ ਨਗਰ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ: ਕਮਲਜੀਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਡਾਇਰੈਕਟਰ ਸ਼੍ਰੀ ਅਨੀਤ ਗੋਇਲ, ਪ੍ਰਿੰਸੀਪਲ ਸੁਨੀਲ ਕੁਮਾਰ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ| ਇਸ ਮੌਕੇ ਸਹਾਇਕ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਨੇ ਸਮਾਗਮ ਵਿੱਚ ਪੁੱਜੀਆਂ ਸ਼ਖਸੀਅਤਾਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਨੌਜਵਾਨ ਵਰਗ ਸਾਡੇ ਦੇਸ਼ ਦਾ ਸਰਮਾਇਆ ਹਨ ਜਿਨ੍ਹਾਂ ਤੋਂ ਦੇਸ਼ ਤੇ ਸਮਾਜ ਨੂੰ ਬਹੁਤ ਸਾਰੀਆਂ ਆਸਾਂ ਹਨ ਅਤੇ ਅਜਿਹੇ ਸਮਾਗਮ ਦੇਸ਼ ਦੇ ਸਰਮਾਏ ਨੂੰ ਨਿਖਾਰਨ ਵਿੱਚ ਸਹਾਈ ਸਿੱਧ ਹੁੰਦੇ ਹਨ|
ਪ੍ਰੋਗਰਾਮ ਸੈਕਟਰੀ ਅਤੇ ਰਾਸ਼ਟਰੀ ਐਵਾਰਡੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 49 ਦਾਨੀਆਂ ਨੇ ਖੂਨਦਾਨ ਕੀਤਾ| ਸਵਾਮੀ ਵਿਵੇਕਾਨੰਦ ਦੇ ਜੀਵਨ ਤੇ ਭਾਸ਼ਣ ਅਤੇ ਚਿੱਤਰਕਾਰੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 27 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ| ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਕੂਲ ਅਤੇ ਕਾਲਜਾਂ ਦੇ ਰੈਡ ਰੀਬਨ ਕਲੱਬਾਂ ਵੱਲੋਂ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਪੰਜਾਬੀ ਮਾਂ ਬੋਲੀ ਦਾ ਬਣਦਾ ਮਾਨ ਸਨਮਾਨ ਬਣਾਈ ਰੱਖਣ ਲਈ ਹਸਤਾਖਰ ਮੁਹਿੰਮ ਵੀ ਚਲਾਈ ਗਈ ਜਿਸ ਤੇ 250 ਦੇ ਕਰੀਬਪ੍ਰਤੀਭਾਗੀਆਂ ਨੇ ਹਸਤਾਖਰ ਕੀਤੇ|
ਸਮਾਗਮ ਦੌਰਾਨ ਸ਼੍ਰੀਮਤੀ ਨਿਸ਼ਾ ਸ਼ਰਮਾ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਵੱਲੋਂ ਤਿਆਰ ਕੀਤੇ ਸ਼ਬਦ, ਲੋਕਨਾਚ, ਲੋਕਗੀਤ ਪੇਸ਼ਕਾਰੀਆਂ ਨੇ ਪੰਜਾਬੀ ਸੱਭਿਆਚਾਰ ਤੇ ਕਲਾਵਾਂ ਦਾ ਰੰਗ ਬਿਖੇਰਿਆ | ਅਖੀਰ  ਖੂਨਦਾਨੀਆਂ ਅਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *