ਜਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਤਿਕੋਨੀ ਟੱਕਰ ਵੋਟਰਾਂ ਦੀ ਚੁੱਪੀ ਕਾਰਨ ਭੰਬਲਭੂਸੇ ਵਾਲੀ ਹਾਲਤ ਬਰਕਰਾਰ, ਸਾਰੇ ਹੀ ਉਮੀਦਵਾਰ ਕਰ ਰਹੇ ਹਨ ਜਿੱਤ ਦੇ ਦਾਅਵੇ

toਭੁਪਿੰਦਰ ਸਿੰਘ

ਐਸ ਏ ਐਸ ਨਗਰ, 3 ਫਰਵਰੀ

ਭਲਕੇ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਲਈ ਐਸ ਏ ਐਸ ਨਗਰ ਜਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਜਿੱਥੇ ਉਮੀਦਵਾਰਾਂ ਵਲੋਂ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੁਣ ਤਕ ਦੇ ਚੋਣ ਪ੍ਰਚਾਰ ਦੇ ਦੌਰਾਨ ਇਹ ਗੱਲ ਉੱਭਰ ਕੇ ਸਾਮ੍ਹਣੇ ਆਈ ਹੈ ਕਿ ਜਿਲ੍ਹੇ ਦੀਆਂ ਤਿੰਨਾਂ ਸੀਟਾਂ ਤੇ ਸੱਤਾਧਾਰੀ ਅਕਾਲੀ ਦਲ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਪੰਜਾਬ ਵਿੱਚ ਸੱਤਾ ਦੀ ਨਵੀਂ ਦਾਅਵੇਦਾਰ ਆਮ ਆਦਮੀ ਪਾਰਟੀ ਵਿਚਾਲੇ ਹੀ ਟੱਕਰ ਹੋਣ ਜਾ ਰਹੀ ਹੈ| ਇਸ ਦੌਰਾਨ ਜਿੱਥੇ ਹੋਰਨਾਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਨਾਲ ਚੋਣ ਲੜਣ ਵਾਲੇ ਆਜਾਦ ਉਮੀਦਵਾਰ ਚੋਣ ਲੜਾਈ ਵਿੱਚ ਕਾਫੀ ਪਿਛੜ ਗਏ ਹਨ ਉੱਥੇ ਰਾਜ ਵਿੱਚ ਚਲ ਰਹੀ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਜਿਲ੍ਹੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮੁਕਾਬਲੇ ਤੋਂ ਬਾਹਰ ਨਹੀਂ ਮੰਨਿਆ ਜਾ ਸਕਦਾ|
ਜਿਲ੍ਹੇ ਵਿੱਚ ਰਾਜਨੀਤਿਕ ਹਾਲਾਤ ਕਾਫੀ ਹੱਦ ਤਕ ਭੰਬਲਭੂਸੇ ਵਾਲੇ ਹੀ ਹਨ| ਇਸ ਸੰਬੰਧੀ ਭਾਵੇਂ ਸਾਰੇ ਹੀ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰੰਤੂ ਆਮ ਵੋਟਰ ਵਲੋਂ ਆਪਣਾ ਰੁੱਖ ਸਪਸ਼ਟ ਨਾ ਕੀਤੇ ਜਾਣ ਕਾਰਨ ਹਾਲਾਤ ਗੁੰਝਲਦਾਰ ਹੀ ਬਣੇ ਹੋਏ ਹਨ|
ਐਸ ਏ ਐਸ ਨਗਰ ਦੇ ਤਿੰਨਾਂ ਹਲਕਿਆਂ ਮੁਹਾਲੀ, ਖਰੜ ਅਤੇ                 ਡੇਰਾਬਸੀ ਵਿੱਚ ਤਿਕੋਨੀ ਟੱਕਰ ਹੋਣ ਦੇ ਆਸਾਰ ਹਨ| ਚੋਣ ਪ੍ਰਚਾਰ ਦੌਰਾਨ ਵੀ ਇਹਨਾਂ ਤਿੰਨਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਅਕਾਲੀ ਦਲ, (ਸਾਡੇ ਜਿਲ੍ਹੇ ਵਿੱਚ ਅਕਾਲੀ ਭਾਜਪਾ ਗਠਜੋੜ ਵਲੋਂ ਉਤਾਰੇ ਗਏ ਤਿੰਨੇ ਉਮੀਦਵਾਰ ਅਕਾਲੀ ਦਲ ਦੇ ਹੀ ਹਨ), ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਫਸਵੀਂ ਟੱਕਰ ਬਣੀ ਹੋਈ ਹੈ| ਇਸ ਦੌਰਾਨ ਹਾਲਾਂਕਿ ਤਿੰਨਾਂ ਹੀ ਪਾਰਟੀਆਂ ਵਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਸਮੇਂ ਸਮੇਂ ਤੇ ਤੋੜ ਕੇ ਆਪਣੇ ਨਾਲ ਜੋੜਣ ਦੀ ਕਾਰਵਾਈ ਵੀ ਲਗਾਤਾਰ ਜਾਰੀ ਰਹੀ ਹੈ ਪਰੰਤੂ ਇਸਦੇ ਬਾਵਜੂਦ ਕਿਤੇ ਵੀ ਦੋ ਉਮੀਦਵਾਰਾਂ ਵਿੱਚ ਸਿੱਧੀ ਟੱਕਰ ਹੁੰਦੀ ਨਹੀਂ ਦਿਖ ਰਹੀ| ਇਸ ਪੁਰੇ ਸਮੇਂ ਦੌਰਾਨ ਵੋਟਰਾਂ ਵਲੋਂ ਆਪਣੀ ਚੁੱਪ ਨਾ ਤੋੜਣ ਕਾਰਨ ਹਾਲਾਤ ਕਾਫੀ ਗੁੰਝਲਦਾਰ ਬਣੇ ਰਹੇ ਹਨ ਅਤੇ ਵੋਟਰਾਂ ਦਾ ਰੁਝਾਨ ਕਿਸੇ ਵੀ ਉਮੀਦਵਾਰ ਨੂੰ ਜਿੱਤ ਦਿਵਾ ਸਕਦਾ ਹੈ|
ਮੁਹਾਲੀ ਹਲਕੇ ਵਿੱਚ ਜਿੱਥੇ  ਮੌਜੂਦਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਆਪਣੀ ਕੁਰਸੀ ਬਚਾਉਣ ਲਈ ਕਰੜੀ ਮਿਹਨਤ ਕੀਤੀ ਹੈ ਉੱਥੇ ਉਹਨਾਂ ਨੂੰ ਮਿਲਣ ਵਾਲੇ ਜਨ ਸਮਰਥਨ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਲਗਾਤਾਰ ਰਫਤਾਰ ਦਿੱਤੀ ਹੈ ਇਸ  ਦੌਰਾਨ ਜਿੱਥੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਪੂਰੀ ਤਰ੍ਹਾਂ ਇੱਕਜੁਟ ਹੋ ਕੇ ਸ੍ਰੀ ਸਿੱਧੂ ਦੀ ਹਮਾਇਤ ਵਿੱਚ ਕੰਮ ਕੀਤਾ ਹੈ ਉੱਥੇ ਸਾਬਕਾ ਕੇਂਦਰੀ ਮੰਤਰੀਆਂ ਸ੍ਰੀ ਪਵਨ ਬਾਂਸਲ ਅਤੇ ਸ੍ਰੀ ਆਨੰਦ ਸ਼ਰਮਾ ਦੇ ਨਾਲ ਨਾਲ ਸਾਬਕਾ ਕ੍ਰੇਟਰ ਸ੍ਰ. ਨਵਜੋਤ ਸਿੰਘ ਸਿੱਧੂ ਵਲੋਂ ਵੀ ਉਹਨਾਂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜਾ ਚੁੱਕਿਆ ਹੈ| ਦੂਜੇ ਪਾਸੇ ਹਲਕੇ ਵਿੱਚ ਆਮ ਆਦਮੀ ਪਾਰਟੀ ਵਲੋਂ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਵਲੋਂ ਵੀ ਆਪਣਾ ਚੋਣ ਪ੍ਰਚਾਰ ਪੂਰੀ ਮੁਸਤੈਦੀ ਨਾਲ ਕਰਦਿਆਂ ਖੁਦ ਨੂੰ ਮੁੱਖ ਮੁਕਾਬਲੇ ਵਿੱਚ ਖੜ੍ਹਾ ਕਰ ਲਿਆ ਗਿਆ ਹੈ|  ਸ੍ਰ. ਸ਼ੇਰਗਿਲ ਦੇ ਪ੍ਰਚਾਰ ਲਈ ਜਿੱਥੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੌਦੀਆਂ ਨੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਉੱਥੇ ਮਸ਼ਹੂਰ ਗਾਇਕ ਬੱਬੂ ਮਾਨ ਤੋਂ ਇਲਾਵਾ ਦਿੱਲੀ ਦੇ ਕਈ ਵਿਧਾਇਕ ਵੀ ਉਹਨਾਂ ਦੇ ਪ੍ਰਚਾਰ ਵਿੱਚ ਸਰਗਰਮ ਰਹੇ ਹਨ ਅਤੇ ਇਹਨਾਂ ਸਾਰਿਆਂ ਨੇ ਮਿਲ ਕੇ ਸ੍ਰ.                ਸ਼ੇਰਗਿਲ ਦੀ ਪ੍ਰਚਾਰ ਮੁਹਿੰਮ ਨੂੰ ਸ਼ਿਖਰ ਤੇ ਪਹੁੰਚਾਇਆ ਹੈ| ਇਸ ਦੌਰਾਨ ਆਮ ਲੋਕਾਂ ਵਲੋਂ ਵੀ ਆਮ ਆਦਮੀ ਪਾਰਟੀ ਨੂੰ ਭਰਵਾਂ ਸਮਰਥਨ ਮਿਲਦਾ ਨਜਰ ਆਇਆ ਹੈ| ਇਹਨਾਂ ਦੋਵਾਂ ਦੇ ਨਾਲ ਮੁੱਖ ਮੁਕਾਬਲੇ ਵਿੱਚ ਚਲ ਰਹੇ ਅਕਾਲੀ ਦਲ ਦੇ ਉਮੀਦਵਾਰ ਅਤੇ ਜਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਕੈਪਟਨ           ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਹਲਕੇ ਦੀ ਜਾਣੀ ਪਛਾਣੀ ਸ਼ਖਸ਼ੀਅਤ ਹੋਣ ਦਾ ਪੂਰਾ ਫਾਇਦਾ ਮਿਲਿਆ ਹੈ ਅਤੇ ਉਹ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ (ਕੁੱਝ ਕੁ ਆਗੂਆਂ ਨੂੰ ਛੱਡ ਕੇ) ਆਪਣੀ ਚੋਣ ਮੁਹਿੰਮ ਨਾਲ ਜੋੜਣ ਵਿੱਚ ਵੀ ਕਾਫੀ ਹੱਦ ਤਕ ਕਾਮਯਾਬ ਵੀ ਰਹੇ ਹਨ| ਹਾਲਾਂਕਿ ਚਰਚਾ ਇਹ ਵੀ ਰਹੀ ਹੈ ਕਿ ਅਕਾਲੀ ਦਲ ਦੇ ਸਥਾਨਕ ਆਗੂ             ਭਾਵੇਂ ਖੁਦ ਤਾਂ ਉਹਨਾਂ ਦੇ ਨਾਲ ਤੁਰਦੇ ਦਿਖਦੇ ਰਹੇ ਹਨ ਪਰੰਤੂ ਇਹਨਾਂ ਵਿਚੋਂ ਜਿਆਦਾਤਰ ਸਿਰਫ ਦਿਖਾਵੇ ਲਈ ਹੀ ਸਰਗਰਮ ਰਹੇ ਹਨ|
ਖਰੜ ਵਿਧਾਨਸਭਾ ਹਲਕੇ ਵਿੱਚ ਵੀ ਤਿਕੋਨਾ ਮੁਕਾਬਲਾ ਹੈ ਅਤੇ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਕੰਵਰ ਸੰਧੂ, ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਜਗਮੋਹਨ ਸਿੰਘ ਕੰਗ ਅਤੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਰਣਜੀਤ ਸਿੰਘ ਗਿਲ ਵਿਚਾਲੇ ਦਿਲਚਸਪ ਮੁਕਾਬਲਾ ਹੈ| ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪ੍ਰਚਾਰ ਲਈ ਤਾਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਜਨਸਭਾ ਕੀਤੀ ਸੀ ਜਦੋਂਕਿ ਅਕਾਲੀ ਦਲ ਦੇ ਉਮੀਦਵਾਰ ਵਾਸਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਦੋ ਦਿਨ ਤਕ ਹਲਕੇ ਵਿੱਚ ਪ੍ਰਚਾਰ ਕੀਤਾ ਗਿਆ ਸੀ| ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਸਿਆਸਤ ਦੇ ਹੰਢੇ ਹੋਏ ਖਿਡਾਰੀ ਹਨ ਅਤੇ ਪਿਛਲੀ ਵਾਰ ਵੀ ਉਹਨਾਂ ਨੇ ਸਾਰੇ ਸਮੀਕਰਨ ਬਦਲਦਿਆਂ ਹਲਕੇ ਵਿੱਚ ਜਿੱਤ ਦਰਜ ਕੀਤੀ ਸੀ| ਖਰੜ ਹਲਕੇ ਵਿੱਚ ਵੀ ਮੌਜੂਦਾ ਹਾਲਾਤ ਤਿਕੋਨੀ ਟੱਕਰ ਦੇ ਹੀ ਹਨ|
ਡੇਰਾਬਸੀ ਹਲਕੇ ਵਿੱਚ ਅਕਾਲੀ ਦਲ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ, ਕਾਂਗਰਸ ਪਾਰਟੀ ਦੇ Tਮੀਦਵਾਰ ਸ੍ਰ. ਦੀਪਇੰਦਰ ਸਿੰਘ ਢਿਲੋਂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ (ਪੰਜਾਬ ਦੇ ਸਾਬਕਾ ਵਿੱਤ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ) ਵਿਚਾਲੇ ਤਿਕੋਨੀ ਟੱਕਰ ਹੈ| ਇਸ ਹਲਕੇ ਵਿੱਚ ਜਿੱਥੇ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪਣੀਆਂ ਹੀ ਪਾਰਟੀਆਂ ਦੇ ਵਿਰੋਧੀ ਆਗੂਆਂ ਦੀ ਖਿਲਾਫਤ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਬੀਬੀ ਸਰਬਜੀਤ ਕੌਰ ਦੀ ਸਥਿਤੀ ਪਿਛਲੇ ਸਮੇਂ ਦੌਰਾਨ ਮਜਬੂਤ ਹੋਈ ਹੈ| ਕੁਲ ਮਿਲਾ ਕੇ ਇੱਥੇ ਵੀ ਹਾਲਾਤ ਤਿਕੋਨੀ ਟੱਕਰ ਵਾਲੇ ਹੀ ਹਨ|
ਜਿਲ੍ਹੇ ਦੇ ਇਹਨਾਂ ਤਿੰਨਾ ਹੀ ਹਲਕਿਆਂ ਵਿੱਚ ਤਮਾਮ ਉਮੀਦਵਾਰਾਂ ਵਲੋਂ ਆਪਣੀ ਆਪਣੀ ਜਿੱਤ ਦੇ ਦਾਅਵਿਆਂ ਦੇ ਵਿਚਕਾਰ ਵੋਟਰਾਂ ਦੀ ਰਹੱਸਮਈ ਚੁੱਪੀ ਨੇ ਪੂਰੀ ਤਰ੍ਹਾਂ ਭੰਬਲਭੂਸੇ ਦੀ ਹਾਲਤ ਬਣਾਈ ਹੋਈ ਹੈ| ਹਾਲ ਦੀ ਘੜੀ ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਲੱਗਦੀ ਹੈ| ਭਲਕੇ ਹੋਣ ਵਾਲੀ ਵੋਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਚੋਣਾਂ ਵਿੱਚ ਕਿਹੜੇ ਉਮੀਦਵਾਰਾਂ ਨੂੰ ਜਿੱਤ ਹਾਸਿਲ ਹੁੰਦੀ ਹੈ|

Leave a Reply

Your email address will not be published. Required fields are marked *