ਜਿਲ੍ਹੇ ਵਿੱਚ ਇਸ ਸਾਲ ਹੁਣ ਤੱਕ ਵੱਖ-ਵੱਖ ਪੈਨਸ਼ਨਾਂ ਦੇ 38 ਹਜਾਰ 450 ਲਾਭਪਾਤਰੀਆਂ ਨੂੰ 19 ਕਰੋੜ 2 ਲੱਖ 63 ਹਜਾਰ ਰੁਪਏ ਦੀ ਅਦਾਇਗੀ ਕੀਤੀ : ਡੀ.ਸੀ.

ਐਸ.ਏ.ਐਸ.ਨਗਰ, 17 ਅਕਤੂਬਰ (ਸ.ਬ.) ਜਿਲ੍ਹੇ ਵਿੱਚ ਵੱਖ-ਵੱਖ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਇਸ ਸਾਲ ਹੁਣ ਤੱਕ 19 ਕਰੋੜ 2 ਲੱਖ 63 ਹਜਾਰ ਰੁਪਏ ਦੀ ਅਦਾਇਗੀ ਕੀਤੀ ਗਈ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੱਖ-ਵੱਖ ਪੈਨਸ਼ਨਾਂ ਦੇ 38 ਹਜਾਰ 450 ਲਾਭਪਾਤਰੀਆਂ ਨੂੰ ਹਰ ਮਹੀਨੇ ਕਰੀਬ 2 ਕਰੋੜ 88 ਲੱਖ 37 ਹਜ਼ਾਰ 500 ਦੇ ਕਰੀਬ ਪੈਨਸ਼ਨਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਜਿਹੜੀ ਕਿ ਸਿੱਧੇ ਤੌਰ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮਾ ਹੁੰਦੀ ਹੈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ 23 ਹਜਾਰ 278 ਬੁਢਾਪਾ ਪੈਨਸ਼ਨ, 7964 ਵਿਧਵਾ ਪੈਨਸ਼ਨ ਦੇ ਲਾਭਪਾਤਰੀ ਹਨ| ਇਸ ਤੋਂ ਇਲਾਵਾ 3715 ਆਸ਼ਰਿਤ ਬੱਚਿਆਂ ਅਤੇ 3493 ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪੈਨਸ਼ਨ ਦੀ ਅਦਾਇਗੀ ਕੀਤੀ ਜਾਂਦੀ ਹੈ ਅਤੇ ਪੈਨਸ਼ਨਾਂ ਦੀ ਅਦਾਇਗੀ ਵਿਚ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਪੈਨਸ਼ਨ ਯੋਗ ਲਾਭਪਾਤਰੀਆਂ ਨੂੰ ਹੀ ਮਿਲ ਸਕੇ| ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਹਰੇਕ ਲਾਭਪਾਤਰੀ ਨੂੰ 750 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੈਨਸ਼ਨ ਦੀ ਅਦਾਇਗੀ ਕੀਤੀ ਜਾਂਦੀ ਹੈ| ਜਦਕਿ ਪਹਿਲਾਂ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਸੀ| ਉਨ੍ਹਾਂ ਦੱਸਿਆ ਕਿ ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਉਨ੍ਹਾਂ ਦੇ ਸਿੱਧੇ ਤੌਰ ਤੇ ਬੈਂਕ ਖਾਤਿਆਂ ਵਿਚ ਜਮ੍ਹਾਂ ਹੋਣ ਨਾਲ ਜਿੱਥੇ ਪੈਨਸ਼ਨ ਦੇ ਲਾਭਪਾਤਰੀਆਂ ਦੀ ਖੱਜਲ-ਖੁਆਰੀ ਘਟੀ ਹੈ ਉੱਥੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਈ ਹੈ|
ਜਿਲਾ ਸਮਾਜਿਕ ਸੁਰੱਖਿਆ ਅਫਸਰ ਰਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਪੁਰਸ਼ ਜਿਨਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਔਰਤਾਂ ਜਿਨ੍ਹਾਂ ਦੀ ਉਮਰ 58 ਸਾਲ ਜਾਂ ਇਸ ਤੋਂ ਵੱਧ ਹੋਵੇ ਉਨ੍ਹਾਂ ਕੋਲ 2.5 ਏਕੜ ਨਹਿਰੀ/ਚਾਹੀ ਜਾਂ 5 ਏਕੜ ਬਰਾਨੀ ਜ਼ਮੀਨ (ਪਤੀ-ਪਤਨੀ) ਦੋਨਾਂ ਨੂੰ ਮਿਲਾ ਕੇ ਦੀ ਮਾਲਕੀ ਹੋਵੇ ਪੈਨਸ਼ਨ ਲਈ ਯੋਗ ਹੁੰਦੇ ਹਨ ਅਤੇ ਸ਼ਹਿਰੀ ਖੇਤਰ ਵਿਚ 200 ਗਜ਼ ਤੋਂ ਵੱਧ ਰਿਹਾਇਸ਼ੀ ਮਕਾਨ ਨਹੀਂ ਹੋਣਾ ਚਾਹੀਦਾ| ਉਨ੍ਹਾਂ ਦੱਸਿਆ ਕਿ ਵਿਧਵਾ ਪੈਨਸ਼ਨ ਲਈ ਜਿਨ੍ਹਾਂ ਔਰਤਾਂ ਕੋਲ ਸਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ, ਉਨ੍ਹਾਂ ਨੂੰ ਦਿੱਤੀ ਜਾਂਦੀ ਹੈ| ਆਸ਼ਰਿਤ ਬੱਚੇ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਜਿਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ ਅਤੇ ਆਮਦਨ ਦੇ ਸਾਰੇ ਵਸੀਲਿਆਂ ਤੋਂ ਸਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪੈਨਸ਼ਨ ਦੇਣ ਦੀ ਸਕੀਮ ਅਧੀਨ ਸਰੀਰਕ ਤੌਰ ਤੇ ਅਪੰਗ ਜਾਂ ਗੰਭੀਰ ਬਿਮਾਰੀ ਕਾਰਨ ਅਪੰਗ ਹੋਏ ਵਿਅਕਤੀ, ਮਦਬੁੱਧੀ ਕਾਰਨ ਵਿਅਕਤੀਆਂ ਲਈ ਜਿਨ੍ਹਾਂ ਦੀ ਆਮਦਨ ਸਲਾਨਾ 60 ਹਜ਼ਾਰ ਤੋਂ ਵੱਧ ਨਾ ਹੋਵੇ, ਨੂੰ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਪੈਨਸ਼ਨ ਲੈਣ ਲਈ ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸੀ.ਡੀ.ਪੀ.ਓ. ਦਫਤਰ, ਸੇਵਾ ਕੇਂਦਰਾਂ, ਵਿਭਾਗ ਦੀ ਵੈਬਸਾਈਟ, ਐਸ.ਡੀ.ਐਮ. ਦਫਤਰ, ਆਂਗਨਵਾੜੀ ਕੇਂਦਰ ਅਤੇ ਬੀ.ਡੀ.ਪੀ.ਓ. ਦਫਤਰਾਂ ਵਿਚ ਉਪਲਬਧ ਹੁੰਦੇ ਹਨ| ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ 1 ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ਓ ਵੱਲੋਂ ਪੜਤਾਲ ਕਰਨ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਪੈਨਸ਼ਨ ਮਨਜ਼ੂਰ ਕੀਤੀ ਜਾਦੀ ਹੈ|

Leave a Reply

Your email address will not be published. Required fields are marked *