ਜਿਲ੍ਹੇ ਵਿੱਚ ਕੰਮ ਕਰਦੇ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਤੇ ਪੁਲੀਸ ਨੇ ਕੀਤੀ ਛਾਪੇਮਾਰੀ

ਜਿਲ੍ਹੇ ਵਿੱਚ ਕੰਮ ਕਰਦੇ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਤੇ ਪੁਲੀਸ ਨੇ ਕੀਤੀ ਛਾਪੇਮਾਰੀ
ਐਸ ਅਸ ਪੀ ਦੀਆਂ ਹਿਦਾਇਤਾਂ ਤੇ 50 ਤੋਂ ਵੱਧ ਦਫਤਰਾਂ ਤੇ ਹੋਈ ਛਾਪੇਮਾਰੀ, ਪੁਲੀਸ ਨੇ ਕੀਤੀ ਕੰਪਨੀਆਂ ਦੇ ਰਿਕਾਰਡ ਦੀ ਜਾਂਚ
ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਜਿਲ੍ਹੇ ਵਿੱਚ ਕੰਮ ਕਰਦੇ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਵਾਲਿਆਂ ਤੇ ਅੱਜ ਦਾ ਦਿਨ ਭਾਰੀ ਰਿਹਾ ਅਤੇ ਇਹਨਾਂ ਵਿੱਚੋਂ ਕਈ ਕੰਪਨੀਆਂ ਦੇ ਦਫਤਰਾਂ ਤੇ ਅੱਜ ਪੁਲੀਸ ਵਲੋਂ ਛਾਪੇਮਾਰੀ ਕੀਤੀ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹੇ ਦੇ ਐਸ ਐਸ ਪੀ ਸ੍ਰ. ਹਰਚਰਨ ਸਿੰਘ ਭੁੱਲਰ ਦੀਆਂ ਹਿਦਾਇਤਾਂ ਤੇ ਅੱਜ ਪੁਲੀਸ ਵਲੋਂ ਪੂਰੇ ਜਿਲ੍ਹੇ ਵਿੱਚ ਖੁੱਲੇ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰਾਂ ਤੇ ਛਾਪੇਮਾਰੀ ਕਰਕੇ ਉਹਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ| ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਪੁਲੀਸ ਵਲੋਂ ਅਜਿਹੇ ਕੁੱਝ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਜਿਹਨਾਂ ਵਲੋਂ ਬਿਨਾਂ ਲਾਈਸੰਸ ਦੇ ਹੀ ਟ੍ਰੈਵਲ ਏਜੰਸੀ ਦੇ ਦਫਤਰ ਚਲਾਏ ਜਾ ਰਹੇ ਸਨ| ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ| ਇਸ ਦੌਰਾਨ ਇਹ ਵੀ ਚਰਚਾ ਰਹੀ ਕਿ ਕੁੱਝ ਟ੍ਰੈਵਲ ਏਜੰਟਾਂ ਵਲੋਂ ਪੁਲੀਸ ਦੀ ਕਾਰਵਾਈ ਤੋਂ ਬਚਣ ਲਈ ਆਪਣੇ ਦਫਤਰਾਂ ਨੂੰ ਤਾਲੇ ਲਗਾ ਦਿੱਤੇ ਗਏ ਅਤੇ ਉਹ ਖੁਦ ਪਾਸੇ ਹੋ ਗਏ ਹਨ|
ਪੁਲੀਸ ਵਲੋਂ ਕੀਤੀ ਜਾ ਰਹੀ ਇਸ ਛਾਪੇਮਾਰੀ ਦੌਰਾਨ ਅਜਿਹੇ ਵਿਅਕਤੀਆਂ ਜਾਂ ਕੰਪਨੀਆਂ (ਜਿਹਨਾਂ ਕੋਲ ਬਾਕਾਇਦਾ ਲਾਈਸੰਸ ਹਨ) ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਵਲੋਂ ਆਮ ਲੋਕਾਂ ਨਾਲ ਠੱਗੀ ਦੀ ਕਾਰਵਾਈ ਨੂੰ ਤਾਂ ਅੰਜਾਮ ਨਹੀਂ ਦਿੱਤਾ ਜਾ ਰਿਹਾ| ਸੰਪਰਕ ਕਰਨ ਤੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰ. ਹਰਚਰਨ ਸਿੰਘ ਭੁੱਲਰ ਨੇ ਇਸ ਗੱਲ ਦੀ ਪਸ਼ਟੀ ਕੀਤੀ ਕਿ ਪੁਲੀਸ ਵਲੋਂ ਅੱਜ ਜਿਲ੍ਹੇ ਵਿੱਚ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ| ਉਹਨਾਂ ਦੱਸਿਆ ਕਿ ਉਹਨਾਂ ਵਲੋਂ 50 ਤੋਂ ਵੱਧ ਅਜਿਹੇ ਦਫਤਰਾਂ ਤੇ ਰੇਡ ਕਰਵਾਈ ਗਈ ਹੈ ਅਤੇ ਇਸ ਸੰਬੰਧੀ ਜਾਂਚ ਅਧਿਤਕਾਰੀਆਂ ਨੂੰ ਸਾਰਾ ਰਿਕਾਰਡ ਚੈਕ ਕਰਨ ਲਈ ਕਿਹਾ ਗਿਆ ਹੈ|
ਉਹਨਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਜਿਲ੍ਹੇ ਵਿੱਚ ਵੱਡੀ ਗਿਣਤੀ ਵਿਅਕਤੀ ਬਿਨਾਂ ਲਾਈਸੰਸ ਲਏ ਹੀ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕਾਰੋਬਾਰ ਚਲਾ ਰਹੇ ਹਨ ਅਤੇ ਇਸਦੀ ਆੜ ਵਿੱਚ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ| ਇਸਦੇ ਨਾਲ ਹੀ ਅਜਿਹੇ ਵਿਅਕਤੀਆਂ ਅਤੇ ਕੰਪਨੀਆਂ (ਜਿਹਨਾਂ ਵਲੋਂ ਬਾਕਾਇਦਾ ਲਾਈਸੰਸ ਲੈ ਕੇ ਆਪਣਾ ਕੰਮ ਕੀਤਾ ਜਾ ਰਿਹਾ ਹੈ) ਬਾਰੇ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹਨਾਂ ਵਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਤੋਂ ਪੈਸੇ ਲੈ ਲਏ ਜਾਂਦੇ ਹਨ ਅਤੇ ਬਾਅਦ ਵਿੱਚ ਇਹ ਏਜੰਟ ਆਪਣੇ ਗ੍ਰਾਹਕਾਂ ਨੂੰ ਖੱਜਲ ਖੁਆਰ ਕਰਦੇ ਹਨ| ਉਹਨਾਂ ਕਿਹਾ ਕਿ ਪੁਲੀਸ ਟੀਮਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਜਿਹੜੇ ਵਿਅਕਤੀ ਬਿਨਾ ਲਾਈਸੰਸ ਦੇ ਦਫਤਰ ਚਲਾ ਰਹੇ ਹਨ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਣ ਅਤੇ ਜਿਹੜੇ ਵਿਅਕਤੀ ਲਾਈਸੰਸ ਲੈ ਕੇ ਇਹ ਕੰਮ ਕਰ ਰਹੇ ਹਨ ਉਹਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾਵੇ ਤਾਂ ਜੋ ਜੇਕਰ ਉਹਨਾਂ ਵਲੋਂ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਕਿਸੇ ਕਿਸਮ ਦੀ ਠੱਗੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ|
ਸ੍ਰ. ਭੁੱਲਰ ਨੇ ਕਿਹਾ ਕਿ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਨੂੰ ਲੋਕਾਂ ਨਾਲ ਠੱਗੀਆਂ ਮਾਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੇ ਵੀ ਵਿਅਕਤੀ ਬਿਨਾ ਲਾਈਸੰਸ ਦੇ ਇਹ ਕੰਮ ਕਰ ਰਹੇ ਹਨ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਬਣਦੇ ਮਾਮਲੇ ਦਰਜ ਕੀਤੇ ਜਾਣਗੇ| ਇਸਦੇ ਨਾਲ ਹੀ ਲਾਈਸੰਸ ਲੈ ਕੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਕੰਪਨੀਆਂ ਦੇ ਰਿਕਾਰਡ ਦੀ ਵੀ ਸਮੇਂ ਸਮੇਂ ਤੇ ਜਾਚ ਕੀਤੀ ਜਾਵੇਗੀ ਤਾਂ ਜੋ ਉਹ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਠੱਗੀਆਂ ਨਾ ਮਾਰ ਸਕਣ| ਇਹ ਪੁੱਛਣ ਤੇ ਕਿ ਇਸ ਸੰਬੰਧੀ ਪੁਲੀਸ ਵਲੋ ਅੱਜ ਕਿੰਨੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਹੁਣੇ ਕਾਰਵਾਈ ਜਾਰੀ ਹੈ ਅਤੇ ਕਾਰਵਾਈ ਖਤਮ ਹੋਣ ਤੋਂ ਬਾਅਦ ਉਹ ਇਸ ਸੰਬੰਧੀ ਵੇਰਵੇ ਜਾਰੀ ਕਰ ਦੇਣਗੇ|

Leave a Reply

Your email address will not be published. Required fields are marked *