ਜਿਲ੍ਹੇ ਵਿੱਚ ਹੁਣ ਤੱਕ ਮਲੇਰੀਆ ਦੇ 28 ਮਰੀਜ਼ਾਂ ਦੀ ਪੁਸ਼ਟੀ

ਜਿਲ੍ਹੇ ਵਿੱਚ ਹੁਣ ਤੱਕ ਮਲੇਰੀਆ ਦੇ 28 ਮਰੀਜ਼ਾਂ ਦੀ ਪੁਸ਼ਟੀ
ਡੇਂਗੂ ਤੋਂ ਬਾਅਦ ਮਲੇਰੀਆ ਦੇ ਮੱਛਰ ਨੇ ਉਲਝਾਏ ਲੋਕ
ਵਿਭਾਗ ਨੇ ਹੁਣ ਤੱਕ 5 ਹਜ਼ਾਰ ਤੋਂ ਵੱਧ ਬਣਾਈਆਂ ਸਲਾਈਡਾਂ
ਸਕਾਈ ਹਾਕ ਬਿਓਰੋ
ਐਸ ਏ ਐਸ ਨਗਰ, 21 ਜੁਲਾਈ

ਮੁਹਾਲੀ ਜਿਲ੍ਹੇ ਵਿੱਚ ਬੀਤੇ ਦੋ ਸਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੇ ਮਰੀਜ਼ਾਂ ਦੀ ਗਿਣਤੀ ਨੇ ਲੋਕਾਂ ਦੇ ਨੱਕ ਵਿੱਚ ਦਮ ਕਰਨ ਤੋਂ ਬਾਅਦ ਹੁਣ ਸਾਲ 2018 ਵਿੱਚ ਮਲੇਰੀਆ ਬੁਖਾਰ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ| ਹਾਲਾਂ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਪਰ ਮੱਛਰਾਂ ਨਾਲ ਨਿਪਟਣ ਦੇ ਸਿਹਤ ਵਿਭਾਗ ਤੋਂ ਇਲਾਵਾ ਨਗਰ ਨਿਗਮ ਦੇ ਪ੍ਰਬੰਧ ਫਿੱਕੇ ਪੈਂਦੇ ਦਿਖਾਈ ਦੇ ਰਹੇ ਹਨ| ਪਿਛਲੇ ਦੋ ਸਾਲਾਂ ਵਿੱਚ ਡੇਂਗੂ ਦੇ ਮੱਛਰ ਦੇ ਕੱਟਣ ਨਾਲ ਦੋ ਦਰਜਨ ਤੋਂ ਵੱਧ ਮੌਤਾਂ ਹੋਈਆਂ ਸਨ| ਇਸ ਸਾਲ ਵੀ ਡੇਂਗੂ ਦੇ ਮਰੀਜਾਂ ਦੀ ਗਿਣਤੀ 3 ਹੋ ਗਈ ਹੈ ਜਦੋਂਕਿ ਇਸ ਸਾਲ ਡੇਂਗੂ ਨਾਲੋਂ ਜਿਆਦਾ ਮਲੇਰੀਆ ਦੇ ਮਰੀਜਾਂ ਦੀ ਗਿਣਤੀ ਵਧੀ ਹੈ| ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਲ ਹੁਣ ਤੱਕ 28 ਮਰੀਜਾਂ ਨੂੰ ਮਲੇਰੀਆ ਬੁਖਾਰ ਹੋਣ ਦੀ ਪੁਸ਼ਟੀ ਹੈ| ਇਸ ਤੋਂ ਇਲਾਵਾ ਸ਼ੱਕੀ ਮਰੀਜਾਂ ਦੇ 4 ਹਜਾਰ ਤੋਂ ਜਿਆਦਾ ਸੈਂਪਲ ਲੈ ਕੇ ਸਲਾਈਡਾਂ ਤਿਆਰ ਕੀਤੀਆਂ ਗਈਆਂ ਹਨ|
ਮਾਮਲਾ ਇਸ ਕਰਕੇ ਗੰਭੀਰ ਹੈ ਕਿਉਂਕਿ ਦਰਜਨ ਤੋਂ ਜਿਆਦਾ ਟੀਮਾਂ ਇਸ ਵੇਲੇ ਮੱਛਰ ਮਾਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਵੀ ਮਰੀਜਾਂ ਦੀ ਗਿਣਤੀ ਵੱਧ ਜਾਣਾ ਸਿਹਤ ਅਤੇ ਹੋਰ ਭਾਈਵਾਲ ਵਿਭਾਗਾਂ ਦੀਆਂ ਕਾਰਗੁਜਾਰੀਆਂ ਤੇ ਵੀ ਸਵਾਲੀਆ ਨਿਸ਼ਾਨ ਲਗਦੇ ਦਿਖਾਈ ਦੇ ਰਹੇ ਹਨ| ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾ ਮੁਹਾਲੀ ਜਿਲ੍ਹੇ ਵਿੱਚ ਮਲੇਰੀਆ ਦੇ 19 ਮਰੀਜਾਂ ਦੀ ਪੁਸ਼ਟੀ ਹੋਈ ਸੀ| ਦੋ ਹਫਤਿਆਂ ਵਿੱਚ 9 ਹੋਰ ਮਰੀਜ ਸਾਹਮਣੇ ਆਏ ਸਨ| ਇਸ ਤੋਂ ਪਹਿਲਾਂ ਮੁਹਾਲੀ ਜਿਲ੍ਹਾ ਪੂਰੇ ਪੰਜਾਬ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਰੀਜਾਂ ਵਾਲਾ ਜਿਲ੍ਹਾ ਸੀ| ਹੁਣ ਡੇਂਗੂ ਦੇ ਵਧ ਰਹੇ ਕੇਸਾਂ ਨੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ|
ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਵਿੱਚ 4 ਹਜਾਰ ਤੋਂ ਵੱਧ ਡੇਂਗੂ ਅਤੇ ਚਿਕਨਗੁਨੀਆ ਦੇ ਮਰੀਜਾਂ ਦੀ ਪੁਸ਼ਟੀ ਹੋਈ ਸੀ| ਇਹ ਉਸ ਸਮਾਂ ਸੀ ਜਦੋਂ ਮੁਹਾਲੀ ਜਿਲ੍ਹਾ ਪੂਰੇ ਪੰਜਾਬ ਵਿਚੋਂ ਡੇਗੂ ਦੇ ਮਰੀਜਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਮਰੀਜਾਂ ਅਤੇ ਮੌਤਾਂ ਵਾਲਾ ਜ਼ਿਲ੍ਹਾ ਸੀ| ਇਸ ਲਈ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਸਿਹਤ ਵਿਭਾਗ ਦੇ ਪ੍ਰਬੰਧ ਨਾਕਾਫੀ ਹਨ|
ਇਸ ਬਾਰੇ ਡਾ ਸਲਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਜਿਹੜੇ ਮਰੀਜ ਪਹਿਲਾਂ ਮਿਲੇ ਸਨ, ਉਹ ਜਿਆਦਾਤਰ ਪ੍ਰਵਾਸੀ ਹਨ| ਉਹ ਬੁਖਾਰ ਹੋਣ ਤੋਂ ਬਾਅਦ ਇਥੇ ਆਏ ਸਨ| ਹੁਣ ਤੱਕ 28 ਮਰੀਜਾਂ ਦੀ ਪੁਸ਼ਟੀ ਹੋਈ ਹੈ| ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਸਰਵੇ ਕਰ ਰਹੀਆਂ ਹਨ| ਲੋਕਾਂ ਨੂੰ ਡੇਂਗੂ ਬੁਖਾਰ ਤੋਂ ਇਲਾਵਾ ਮਲੇਰੀਆ ਦੇ ਮੱਛਰਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *