ਜੀਟੀਯੂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਐਸ.ਏ.ਐਸ. ਨਗਰ , 14 ਸਤੰਬਰ (ਸ.ਬ.) ਫੇਜ਼-8 ਦੇ ਖਾਲਸਾ ਸਕੂਲ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਦੀ ਅਗਵਾਈ ਹੇਠ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਟੀਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਜੀਟੀਯੂ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਮਾਨ ਪਟਿਆਲਾ ਤੋਂ ਵਿਸ਼ੇਸ਼ ਬੁਲਾਰੇ ਵਜੋਂ ਉਚੇਚੇ ਤੌਰ ਇਸ ਮੀਟੰਗ ਵਿੱਚ ਪੁੱਜੇ| ਉਹਨਾਂ ਦੇ ਨਾਲ ਜੀਟੀਯੂ ਜ਼ਿਲ੍ਹਾ ਪਟਿਆਲਾ ਦੇ ਆਗੂ ਪਰਮਜੀਤ ਸਿੰਘ ਵੀ ਹਾਜ਼ਰ ਸਨ| ਰਣਜੀਤ ਸਿੰਘ ਮਾਨ ਨੇ ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀਟੀਯੂ ਦੀ ਪ੍ਰਮੁੱਖ ਮੰਗ ਵੱਖ-ਵੱਖ ਠੇਕਾ ਪ੍ਰਣਾਲੀਆਂ ਅਤੇ ਹੋਰ ਪ੍ਰਬੰਧਾਂ ਹੇਠ ਸ਼ੋਸ਼ਣ ਦਾ ਸ਼ਿਕਾਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਸੇਵਾ ਅਧੀਨ ਲਿਆਉਣਾ ਹੈ ਅਤੇ ਜੀਟੀਯੂ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਇਸ ਮੰਗ ਦੇ ਮੰਨੇ ਜਾਣ ਤੱਕ ਸੰਘਰਸ਼ ਕਰਦੀ ਰਹੇਗੀ| ਉਹਨਾਂ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੂੰ ਸਰਮਾਏਦਾਰਾਂ ਦਾ ਪਿੱਠ ਪੂਰਨ ਵਾਲ਼ੀਆਂ ਅਧਿਨਾਇਕ ਵਾਦੀ ਗਰਦਾਨਦਿਆਂ ਕਿਹਾ ਕਿ ਅਧਿਆਪਕਾਂ ਦਾ ਇਹਨਾਂ ਫਾਜੀਵਾਦੀ ਸ਼ਾਸਕਾਂ ਵਿਰੁੱਧ ਖ਼ੁਦ ਲਾਮਬੰਦ ਹੋਣ ਦੇ ਨਾਲ਼-ਨਾਲ਼ ਦੇਸ-ਦੁਨੀਆ ਦੇ ਹੋਰ ਲੋਕਤੰਤਰੀ ਸੰਘਰਸ਼ਾਂ ਪ੍ਰਤੀ ਸੁਚੇਤ ਰਹਿਣਾ ਅਤੇ ਇਹਨਾਂ ਸੰਘਰਸ਼ਾਂ ਵਿੱਚ ਸ਼ਾਮਲ ਹੋਣਾ ਸਮੇਂ ਦੀ ਮੰਗ ਹੈ|
ਜੀਟੀਯੂ ਜ਼ਿਲ੍ਹਾ ਮੁਹਾਲੀ ਦੇ ਸਾਬਕਾ ਜਨਰਲ ਸਕੱਤਰ ਜਸਮੇਰ ਸਿੰਘ ਦੇਸੂਮਾਜਰਾ ਨੇ ਕਿਹਾ ਕਿ ਬੇਸ਼ੱਕ ਸਰਕਾਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਅਪਣਾ ਰਹੀ ਹੈ ਪਰ ਜੀਟੀਯੂ ਦਾ ਇਤਿਹਾਸ ਵੀ ਸਰਕਾਰ ਦੇ ਹੱਠ ਨੂੰ ਭੰਨ ਕੇ ਪ੍ਰਾਪਤੀਆਂ ਦਾ ਇਤਿਹਾਸ ਰਿਹਾ ਹੈ| ਉਹਨਾਂ ਅਧਿਆਪਕਾਂ ਨੂੰ ਲੰਮੇਂ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ|
ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੁਹਾਲੀ ਨੇ ਦੋਸ਼ ਲਾਇਆ ਕਿ ਸਰਕਾਰ ਮਿਡਲ ਸਕੂਲਾਂ ਵਿੱਚੋਂ ਸਰੀਰਿਕ ਸਿੱਖਿਆ ਅਧਿਆਪਕਾਂ ਦੀਆਂ ਅਸਾਮੀਆਂ ਸ਼ਿਫ਼ਟ ਕਰ ਕੇ ਸਿੱਖਿਆ ਮਾਹਿਰਾਂ ਵੱਲੋਂ ਬਚਿਆਂ ਦੀ ਸਿੱਖਿਆ ਦੇ ਜ਼ਰੂਰੀ ਅੰਗ-ਸਰੀਰਿਕ ਵਿਕਾਸ-ਦੇ ਉਲਟ ਚਾਲ ਚੱਲ ਰਹੀ ਹੈ| ਉਹਨਾਂ ਕਿਹਾ ਕਿ ਇੱਕ ਪਾਸੇ ਖੇਡਾਂ ਅਤੇ ਸਰੀਰਿਕ ਵਿਕਾਸ ਦੀ ਮਹੱਤਤਾ ਨੂੰ ਪਛਾਣਦੇ ਹੋਏ ਦੇਸ਼ ਵਿੱਚ ਖੇਡ ਵਿਸ਼ਵ-ਵਿਦਿਆਲੇ ਦੀ ਸਥਾਪਨਾ ਕੀਤੀ ਜਾ ਰਹੀ ਹੈ, ਦੂਜੇ ਪਾਸੇ ਮੁੱਢਲੀ ਸਿੱਖਿਆ ਵਿੱਚੋਂ ਕਿਤਾਬੀ ਪੜ੍ਹਾਈ ਜਿੰਨੀ ਹੀ ਜ਼ਰੂਰੀ ਸਰੀਰਿਕ ਸਿੱਖਿਆ ਤੋਂ ਬੱਚਿਆਂ ਨੂੰ ਵਾਂਝੇ ਰੱਖਣ ਦੀ ਹਾਸੋਹੀਣੀ ਕੋਸ਼ਸ਼ ਕੀਤੀ ਜਾ ਰਹੀ ਹੈ| ਉਹਨਾਂ ਜਮਾਤ-ਵਿਦਿਆਰਥੀ ਅਨੁਪਾਤ ਨੂੰ ਸਿੱਖਿਆ ਦਾ ਅਧਿਕਾਰ ਵਿੱਚ ਦਰਸਾਏ ਅਨੁਸਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਮਾਤਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾ ਕੇ ਰੈਸ਼ਨਲਾਈਜੇਸ਼ਨ ਕਰਨ ਦੇ ਮਨਸੂਬੇ ਬਣਾ ਰਹੀ ਹੈ ਜੋ ਕਿ ਆਰਟੀਈ ਐਕਟ ਦੀ ਸਿੱਧੀ-ਪੱਧਰੀ ਉਲੰਘਣਾ ਹੈ|
ਮੀਟਿੰਗ ਵਿੱਚ ਜੀਟੀਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ ਪੱਪੀ, ਸਰਦੂਲ ਸਿੰਘ, ਗੁਰਮਨਜੀਤ ਸਿੰਘ, ਗੁਰਿੰਦਰ ਸਿੰਘ, ਨੈਬ ਸਿੰਘ, ਦੀਦਾਰ ਸਿੰਘ, ਚਰਨਪਾਲ, ਅਮਰੀਕ ਸਿੰਘ ਮਨਾਣਾ, ਮਨਜਿੰਦਰਪਾਲ ਸਿੰਘ, ਅਮਰੀਕ ਸਿੰਘ ਝੰਡੇਮਾਜਰਾ, ਆਤਮਾ ਸਿੰਘ ਮੱਛਲੀਕਲਾਂ, ਸ਼ੰਗਾਰਾ ਸਿੰਘ, ਰਵੀ ਕੁਮਾਰ, ਕ੍ਰਿਸ਼ਨ ਕੁਮਾਰ, ਹਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਸੇਵਾ ਨਵਿਰਤ ਮੁੱਖ ਅਧਿਆਪਕ ਹਰਮੀਤ ਸਿੰਘ ਅਤੇ ਪ੍ਰੇਮ ਸਿੰਘ, ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਪ੍ਰੇਮ ਸਿੰਘ ਕੁਰਾਲੀ, ਸੇਵਾ ਨਵਿਰਤ ਅਧਿਆਪਕ ਪਰਮਜੀਤ ਸਿੰਘ ਮਾਜਰੀ, ਓਮ ਪ੍ਰਕਾਸ਼ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ|

Leave a Reply

Your email address will not be published. Required fields are marked *