ਜੀਰਕਪੁਰ ਵਿਖੇ ਐਨ. ਆਰ. ਆਈ. ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਜੀਰਕਪੁਰ ਵਿਖੇ ਐਨ. ਆਰ. ਆਈ. ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ
ਕਤਲ ਕਰਨ ਤੋਂ ਬਾਅਦ ਪਤੀ ਹੋਇਆ ਫਰਾਰ, ਪੁਲੀਸ ਵਲੋਂ ਭਾਲ ਜਾਰੀ
ਜ਼ੀਰਕਪੁਰ, 13 ਜੁਲਾਈ  (ਸ.ਬ.)  ਜ਼ੀਰਕਪੁਰ ਵਿੱਚ ਬੀਤੀ ਰਾਤ ਇਕ ਐਨ ਆਰ ਆਈ ਪਤੀ ਵਲੋਂ  ਆਪਣੀ  ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ| ਕਤਲ ਕਰਨ ਤੋਂ ਬਾਅਦ ਪਤੀ ਫਰਾਰ ਹੋ ਗਿਆ, ਜਿਸਦੀ ਪੁਲੀਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|
ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਅਮਨਦੀਪ ਕੌਰ ਦਾ ਵਿਆਹ ਐਨ. ਆਰ. ਆਈ. ਗੁਰਪ੍ਰੀਤ ਸਿੰਘ ਨਾਲ ਪਿਛਲੇ ਸਾਲ ਹੋਇਆ ਸੀ, ਜੋ ਕਿ ਡਿਪੋਰਟ ਹੋ ਕੇ ਪੰਜਾਬ ਆ ਗਿਆ ਸੀ ਅਤੇ ਇੱਥੇ ਟੈਕਸੀ ਚਲਾਉਣ ਦਾ ਕੰਮ ਕਰਨ ਲੱਗ ਪਿਆ ਸੀ|
ਬੀਤੀ 21 ਜੂਨ ਨੂੰ ਦੋਹਾਂ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਗਿਆ ਸੀ| ਦੋਹਾਂ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਚੱਲਦਾ ਰਹਿੰਦਾ ਸੀ ਅਤੇ ਕੁੱਟਮਾਰ ਵੀ ਹੁੰਦੀ ਸੀ| ਇਸ ਝਗੜੇ ਦੇ ਚੱਲਦਿਆਂ ਬੀਤੀ ਰਾਤ ਗੁਰਪ੍ਰੀਤ ਨੇ ਫਰਾਈਪੈਨ ਅਤੇ ਥਰਮਸ ਨਾਲ ਪਤਨੀ ਦੇ ਸਿਰ ਉਪਰ ਵਾਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ| ਇਸ ਤੋਂ ਬਾਅਦ ਉਸ ਨੇ ਅਮਨਦੀਪ ਦੇ ਘਰਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਅਮਨਦੀਪ ਨੇ ਆਪਣੇ ਸਿਰ ਵਿੱਚ ਕੁੱਝ ਮਾਰ ਲਿਆ ਹੈ ਅਤੇ ਫਿਰ ਫੋਨ ਬੰਦ ਕਰਕੇ ਫਰਾਰ ਹੋ ਗਿਆ|
ਅਮਨਦੀਪ ਦੇ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਜ਼ੀਰਕਪੁਰ ਪੁਲੀਸ ਨੂੰ ਦਿੱਤੀ| ਜਦੋਂ ਪੁਲੀਸ ਨੇ  ਮੌਕੇ ਤੇ ਜਾ ਕੇ ਦੇਖਿਆ ਤਾਂ ਘਰ ਵਿੱਚ ਖੂਨ ਨਾਲ ਲਥਪਥ ਅਮਨਦੀਪ ਦੀ ਲਾਸ਼ ਪਈ ਹੋਈ ਸੀ| ਫਿਲਹਾਲ ਪੁਲੀਸ ਨੇ ਮ੍ਰਿਤਕ ਅਮਨਦੀਪ ਦੇ ਪਤੀ ਗੁਰਪ੍ਰੀਤ ਉਪਰ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ| ਕਤਲ ਦੀ ਵਾਰਦਾਤ ਹੋਣ ਕਾਰਨ ਇਲਾਕੇ ਵਿਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *