ਜੀਰਕਪੁਰ ਵਿਚ ਧੜੱਲੇ ਨਾਲ ਵਿੱਕ ਰਹੀਆਂ ਹਨ ਗੈਰ ਮਿਆਰੀ ਮਿਠਾਈਆਂ

ਜੀਰਕਪੁਰ, 18 ਅਕਤੂਬਰ (ਦੀਪਕ ਸ਼ਰਮਾ) ਜੀਰਕਪੁਰ ਦੇ ਭਬਾਤ ਏਰੀਏ ਵਿਚ ਮਿਠਾਈਆਂ ਬਣਾਉਣ ਤੇ ਵੇਚਣ ਦਾ ਕੰਮ ਧੜੱਲੇ ਨਾਲ ਚਲ ਰਿਹਾ ਹੈ| ਇਹਨਾਂ ਮਿਠਾਈਆਂ ਬਣਾਉਣ ਵਾਲਿਆਂ ਨੇ ਨਾ ਤਾਂ ਕਿਸੇ ਵਿਭਾਗ ਤੋਂ ਮਨਜੂਰੀ ਲਈ ਹੋਈ ਹੈ ਨਾ ਹੀ ਸਰਕਾਰੀ ਨਿਯਮਾਂ ਦੀ ਪਾਲਣਾ ਕੀਤੀ ਜਾ  ਰਹੀ ਹੈ| ਇਸ ਇਲਾਕੇ ਵਿਚ ਸਥਿਤ ਇੱਕ ਮਿਠਾਈ ਬਣਾਉਣ ਵਾਲੀ ਥਾਂ ਦਾ ਜਦੋਂ ਇਸ ਪੱਤਰਕਾਰ ਨੇ ਦੌਰਾ ਕੀਤਾ ਤਾਂ ਉਥੇ ਗੈਰਮਿਆਰੀ ਮਿਠਾਈਆਂ ਬਣਾਈਆਂ ਜਾ ਰਹੀਆਂ ਸਨ| ਉਥੇ ਲੱਡੂ, ਬਰਫੀ ਅਤੇ ਹੋਰ ਮਿਠਾਈਆਂ ਬਣਾਈਆਂ ਜਾ ਰਹੀਆਂ ਸਨ| ਉਥੇ ਖੋਏ ਵਿਚ ਮੱਖੀਆਂ ਅਤੇ ਹੋਰ ਕੀਟ ਪਤੰਗੇ ਪਏ ਹੋਏ ਸਨ| ਇਸ ਖੋਏ ਅਤੇ ਮਿਠਾਈਆਂ ਵਿਚੋਂ ਬਦਬੂ ਵੀ ਆ ਰਹੀ ਸੀ, ਇਸ ਤਰਾਂ ਲੱਗਦਾ ਸੀ ਕਿ ਜਿਵੇਂ ਇਹ ਖੋਆ ਕਾਫੀ ਪੁਰਾਣਾ ਅਤੇ ਮਿਲਾਵਟੀ ਹੋਵੇ| ਜੋ ਵੀ ਵਿਅਕਤੀ ਇਹਨਾਂ ਮਿਠਾਈਆਂ ਨੂੰ ਖਾਏਗਾ ਉਹ ਜਰੂਰ ਬਿਮਾਰ ਹੋਵੇਗਾ|
ਇਲਾਕਾ ਵਾਸੀ ਬਲਬੀਰ ਸਿੰਘ, ਕਵਿਤਾ ਸਿੰਘ, ਬਿਕਰਮ, ਸੋਨੀਆ, ਲਤਾ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਵਿਚ ਮਿਠਾਈ ਬਣਾਉਣ ਦੀ ਇਹਨਾਂ ਨੂੰ ਕਿਸੇ ਨੇ ਵੀ ਪਰਮਿਸ਼ਨ ਨਹੀਂ ਦਿਤੀ ਅਤੇ ਇਹ ਧੱਕੇ ਨਾਲ ਹੀ ਇਥੇ ਮਿਠਾਈਆਂ ਬਣਾ ਅਤੇ ਵੇਚ ਰਹੇ ਹਨ| ਪ੍ਰਦੂਸਨ ਨੂੰ ਘੱਟ ਕਰਨ ਲਈ ਇਥੇ ਨਾ ਤਾਂ ਕੋਈ ਚਿਮਨੀ ਲਗੀ ਹੋਈ ਹੈ ਅਤੇ ਨਾ ਹੀ ਕੋਈ ਹੋਰ ਯੰਤਰ ਲਗਿਆ ਹੈ| ਭੱਠੀ ਦੇ ਫੱਟਣ ਨਾਲ ਇਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ|
ਜਦੋਂ ਇਸ ਪੱਤਰਕਾਰ ਨੇ ਉਕਤ ਥਾਂ ਲਕਸ਼ਮੀ ਸਵੀਟਸ ਦੇ ਮਾਲਕ ਰਤਨ ਲਾਲ  ਗੋਇਲ ਨਾਲ ਗਲ ਕੀਤੀ ਤਾਂ ਉਹ ਗੁੱਸੇ ਵਿਚ ਆ ਕੇ ਧਮਕੀਆਂ ਦੇਣ ਲੱਗਿਆ| ਜਦੋਂ ਡੇਰਾਬੱਸੀ ਦੇ ਐਸ ਐਮ ਓ ਡਾ. ਸੰਗੀਤ ਜੈਨ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਹੈ  ਅਤੇ ਉਹ ਜਲਦੀ ਹੀ ਉਥੇ ਆਪਣੀ ਟੀਮ ਭੇਜ ਕੇ ਕਾਰਵਾਈ ਕਰਵਾਉਣਗੇ|

Leave a Reply

Your email address will not be published. Required fields are marked *