ਜੀਰਕਪੁਰ ਵਿੱਚ ਦਵਾਈਆਂ ਦੇ ਗੋਦਾਮ ਵਿੱਚ ਭੀਸ਼ਣ ਅੱਗ

ਜੀਰਕਪੁਰ, 18 ਅਗਸਤ (ਸ.ਬ.) ਜੀਰਕਪੁਰ ਵਿੱਚ ਭਬਾਤ ਰੋਡ ਤੇ ਦਵਾਈਆਂ ਬਣਾਉਣ ਵਾਲੀ ਮਸ਼ਹੂਰ ਅਲੈਂਬਿਕ ਦੇ ਦਵਾਈਆਂ ਦੇ ਗੋਦਾਮ ਵਿੱਚ ਅੱਜ ਭੀਸ਼ਣ ਅੱਗ ਲੱਗ ਗਈ| ਕੰਪਨੀ ਦੇ ਮੈਨੇਜਰ ਸ੍ਰੀ ਸੰਦੀਪ ਕੁਮਾਰ ਅਨੁਸਾਰ ਉਹ ਆਪਣੇ ਕਰਮਚਾਰੀਆਂ ਸਮੇਤ ਗੋਦਾਮ ਵਿੱਚ ਹਾਜਿਰ ਸਨ ਅਤੇ ਸਵੇਰੇ 10 ਵਜੇ ਦੇ ਕਰੀਬ ਬਿਜਲੀ ਦੀ ਫਲਕਚੁਏਸ਼ਨ ਤੋਂ ਬਾਅਦ ਕੁੱਝ ਕਰਮਚਾਰੀਆਂ ਨੇ ਗੋਦਾਮ ਦੇ ਇੱਕ ਹਿੱਸੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ| ਉਹਨਾਂ ਦੱਸਿਆ ਕਿ ਵੇਖਦੇ ਹੀ ਵੇਖਦੇ ਅੱਗ ਭੜਕ ਗਈ ਅਤੇ ਗੋਦਾਮ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਗਈਆਂ| ਉਹਨਾਂ ਕਿਹਾ ਕਿ ਸਟਾਫ ਵਲੋਂ ਆਪਣੇ ਪੱਧਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ| ਉਹਨਾਂ ਦੱਸਿਆ ਕਿ ਦਵਾਈਆਂ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਹੋਣ ਕਾਰਨ ਅੱਗ ਬਹੁਤ ਜਿਆਦਾ ਭੜਕ ਗਈ ਅਤੇ ਗੋਦਾਮ ਦੇ ਪਿਛਲੇ ਪਾਸੇ ਏਅਰਫੋਰਸ ਸਟੇਸ਼ਨ ਤੋਂ ਫੌਜ ਦੀ ਅੱਗ ਬੁਝਾਉਣ ਵਾਲੀ ਗੱਡੀ ਅਤੇ ਹੋਰ ਕਰਮਚਾਰੀ ਮੌਕੇ ਤੇ ਪਹੁੰਚੇ ਜਿਹਨਾਂ ਵਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ| ਇਸ ਦੌਰਾਨ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਵੀ ਪਹੁੰਚ ਗਈਆਂ ਜਿਹਨਾਂ ਵਲੋਂ ਕਾਫੀ ਦੇਰ ਦੀ ਮਸ਼ਕਤ ਤੋਂ ਬਾਅਦ ਉਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਗਿਆ|
ਉਹਨਾਂ ਦੱਸਿਆ ਕਿ ਅੱਜ ਲੱਗੀ ਇਸ ਭੀਸ਼ਣ ਅੱਗ ਕਾਰਨ ਲਗਭਗ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ| ਅੱਗ ਲਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਪਾਇਆ ਪਰੰਤੂ ਇਹ ਮੰਨਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਹੋਵੇਗੀ| ਕੰਪਨੀ ਵਲੋਂ ਇੱਥੇ ਇਹ ਗੋਦਾਮ 2012 ਵਿੱਚ ਖੋਲ੍ਹਿਆ ਗਿਆ ਸੀ|
ਇਸ ਖੇਤਰ ਵਿੱਚ ਜਿਆਦਾਤਰ ਗੋਦਾਮ ਸੀ ਐਂਡ ਐਡ ਆਧਾਰ ਤੇ ਕੰਮ ਕਰਦੇ ਹਨ| ਇੱਕ ਗੋਦਾਮ ਮਾਲਿਕ ਨੇ ਕਿਹਾ ਕਿ ਇਸ ਇਲਾਕੇ ਵਿੱਚ ਵੱਖ ਵੱਖ ਤਰ੍ਹਾਂ ਦੇ 400 ਦੇ ਕਰੀਬ ਗੋਦਾਮ ਹਨ ਅਤੇ ਇਸ ਖੇਤਰ ਨੂੰ ਭਬਾਤ ਗੋਦਾਮ ਏਰੀਆ ਕਿਹਾ ਜਾਂਦਾ ਹੈ ਜੋ ਕਿ ਪੂਰੇ ਪੰਜਾਬ ਵਿੱਚ ਦੂਸਰੇ ਸਥਾਨ ਤੇ ਆਉਂਦਾ ਹੈ| ਉਹਨਾਂ ਕਿਹਾ ਕਿ ਬਾਰਡਰ ਏਰੀਆ ਹੋਣ ਕਾਰਨ ਇਸ ਇਲਾਕੇ ਵਿੱਚ ਗੋਦਾਮ ਬਣਾਏ ਗਏ ਹਨ ਅਤੇ ਇਹਨਾਂ ਗੋਦਾਮਾਂ ਵਿੱਚ ਆਉਣ ਵਾਲੇ ਸਾਮਾਨ ਦੀ ਵਿਕਰੀ ਨਾਲ ਸਰਕਾਰ ਨੂੰ ਹਰ ਸਾਲ ਲਗਭਗ 1100 ਕਰੋੜ ਰੁਪਏ ਦਾ ਜੀ. ਐਸ. ਟੀ. ਮਿਲਦਾ ਹੈ|

Leave a Reply

Your email address will not be published. Required fields are marked *