ਜੀਰਕਪੁਰ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇ ਸਰਕਾਰ : ਜੇ ਪੀ ਸਿੰਘ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਧਰਮ ਪ੍ਰਚਾਰ ਕਮੇਟੀ ਹਲਕਾ ਮੁਹਾਲੀ ਦੇ ਇੰਚਾਰਜ ਅਤੇ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜਤਿੰਦਰਪਾਲ  ਸਿੰਘ ਜੇ ਪੀ ਨੇ ਬੀਤੀ ਰਾਤ ਜੀਰਕਪੁਰ ਵਿਖੇ ਗੁੰਡਾ ਅਨਸਰਾਂ ਵੱਲੋਂ ਅੱਧੀ ਦਰਜਨ ਸਿੱਖ ਵਿਅਕਤੀਆਂ ਦੀ ਕੀਤੀ ਕੁੱਟਮਾਰ ਅਤੇ ਉਹਨਾਂ ਦੀਆਂ ਪੱਗਾਂ ਉਛਾਲਣ ਦੀ ਨਿਖੇਧੀ ਕੀਤੀ  ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਬੀਤੀ ਰਾਤ ਕਰੀਬ 8 ਵਜੇ ਚੰਡੀਗੜ੍ਹ ਤੋਂ ਜੀਰਕਪੁਰ ਜਾ ਰਹੀ ਸੀ ਟੀ ਯੂ ਦੀ ਇੱਕ ਬੱਸ ਨੂੰ ਕੁਝ ਕਾਰ ਸਵਾਰਾਂ ਨੇ ਜੀਰਕਪੁਰ ਵਿਖੇ ਜਬਰਦਸਤੀ ਰੋਕ ਲਿਆ ਅਤੇ ਸੀ ਟੀ ਯੂ ਦੇ ਸਿੱਖ ਡਰਾਇਵਰ ਨੂੰ ਬੱਸ ਤੋਂ ਧੂਹ ਕੇ ਹੇਠਾਂ ਲਾਹ ਕੇ ਪਹਿਲਾਂ ਉਸਦੀ ਪੱਗ ਉਤਾਰ ਕੇ ਦੂਰ ਸੁੱਟ ਦਿੱਤੀ ਅਤੇ ਬੜੀ ਬੇਰਹਿਮੀ ਨਾਲ ਇਸ ਸਿੱਖ ਡਰਾਇਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ, ਜਦੋਂ ਕੁਝ ਸਥਾਨਕ ਸਿੱਖ ਵਿਅਕਤੀ ਡਰਾਇਵਰ ਨੂੰ ਬਚਾਉਣ ਲਈ ਉੱਥੇ ਆਏ ਤਾਂ ਇਹਨਾਂ ਗੁੰਡਾ ਅਨਸਰਾਂ ਨੇ ਸਿੱਖ ਧਰਮ ਸੰਬੰਧੀ ਮਾੜੀ ਸ਼ਬਦਾਵਲੀ ਬੋਲਦਿਆਂ ਉਹਨਾਂ ਨੂੰ ਵੀ ਕੁੱਟਿਆ ਮਾਰਿਆ ਅਤੇ ਉਹਨਾਂ ਦੀਆਂ ਪੱਗਾ ਉਤਾਰ ਕੇ ਦੂਰ ਉਛਾਲ ਦਿਤੀਆਂ| ਇਹਨਾਂ ਗੁੰਡਿਆਂ ਨੇ ਆਪਣੇ ਹੋਰ ਸਾਥੀ ਵੀ ਉੱਥੇ ਬੁਲਾ ਲਏ ਗਏ|
ਉਹਨਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਸੀ ਟੀ ਯੂ ਦੀ ਇੱਕ ਹੋਰ ਬੱਸ ਆ ਗਈ| ਜਦੋਂ ਉਸਦੇ ਡਰਾਇਵਰ ਨੇ ਪਹਿਲੀ ਬੱਸ ਦੇ ਡਰਾਇਵਰ ਨੂੰ ਬਚਾਉਣਾ ਚਾਹਿਆ ਤਾਂ ਉਸ ਦੂਜੇ ਸਿੱਖ ਡਰਾਇਵਰ ਦੀ ਵੀ ਉਹਨਾਂ ਗੁੰਡਾ ਅਨਸਰਾਂ ਨੇ ਪੱਗ ਉਤਾਰ ਕੇ ਦੂਰ ਉਛਾਲ ਦਿਤੀ ਤੇ ਉਸਦੀ ਵੀ ਬਹਤ ਕੁੱਟਮਾਰ ਕੀਤੀ| ਇਸੇ ਦੌਰਾਨ ਕਿਸੇ ਵਿਅਕਤੀ ਨੇ ਪੁਲੀਸ ਨੂੰ ਫੋਨ ਕਰ ਦਿੱਤਾ, ਪੁਲੀਸ ਦੇ ਤਿੰਨ ਮੁਲਾਜਮ ਮੌਕੇ ਤੇ ਆਏ ਪਰ ਦੋਸ਼ੀਆਂ ਨੇ ਪੁਲੀਸ ਮੁਲਾਜਮਾਂ ਤੋਂ ਡੰਡੇ ਖੋਹ ਕੇ ਫੇਰ ਸਿੱਖਾਂ ਨੂੰ ਕੁੱਟਣਾ ਸ਼ੁਰੂ ਕਰ ਦਿਤਾ| ਇਸੇ ਦੌਰਾਨ ਸੀ ਟੀ ਯੂ ਬੱਸ ਦੀ ਲੇਡੀ ਕੰਡਕਟਰ ਦੀ ਵੀ ਕੁੱਟਮਾਰ ਕੀਤੀ ਗਈ| ਜਿਸਨੂੰ ਲੋਕਾਂ ਨੇ ਮਸਾਂ ਬਚਾਇਆ|
ਉਹਨਾਂ ਦਸਿਆ ਕਿ ਇਸ ਸਾਰੀ ਘਟਨਾ ਦੀ ਇੱਕ ਮੀਡੀਆ ਕਰਮੀ ਵੀਡੀਓ ਬਣਾ ਰਿਹਾ ਸੀ ਅਤੇ ਪੁਲੀਸ ਨੇ ਉਸ ਮੀਡੀਆ ਕਰਮੀ ਨੂੰ ਥਾਣੇ ਵਿੱਚ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ|
ਉਹਨਾਂ ਦੱਸਿਆ ਕਿ ਜਦੋਂ ਉਹ ਸੀ ਟੀ ਯੂ ਦੇ ਡਰਾਇਵਰਾਂ ਤੇ ਹੋਰ ਪੀੜਤ ਸਿੱਖਾਂ ਵੱਲੋਂ ਸ਼ਿਕਾਇਤ ਦੇਣ ਬਲਟਾਣੇ ਥਾਣੇ ਗਏ ਤਾਂ ਉੱਥੇ ਪੁਲੀਸ ਨੇ ਦੋਸ਼ੀ ਵਿਅਕਤੀਆਂ ਨੂੰ ਮਹਿਮਾਨਾਂ ਵਾਂਗ ਬੈਠਾਇਆ ਹੋਇਆ ਸੀ| ਉਹਨਾਂ ਕਿਹਾ ਕਿ ਉਹ ਸਵੇਰ ਦੇ ਚਾਰ ਵਜੇ ਤੱਕ ਥਾਣੇ ਬੈਠੇ ਰਹੇ ਪਰ ਪੁਲੀਸ ਨੇ ਮਾਮਲਾ ਦਰਜ ਨਹੀਂ ਕੀਤਾ|
ਉਹਨਾਂ ਕਿਹਾ ਕਿ ਹਮਲਾਵਰਾਂ ਦੀ ਗੱਡੀ ਉੱਪਰ ਭਾਜਪਾ ਦੀ ਝੰਡੀ ਲੱਗੀ ਹੋਈ ਸੀ ਅਤੇ ਇਹ ਵਿਅਕਤੀ ਆਪਣੇ ਆਪ ਨੂੰ ਭਾਜਪਾ ਦੇ  ਬੰਦੇ ਦਸ ਰਹੇ ਸਨ|
ਉਹਨਾਂ ਕਿਹਾ ਕਿ ਜਦੋਂ ਦੀ ਕੇਂਦਰ ਵਿਚ ਮੋਦੀ ਸਰਕਾਰ ਅਤੇ ਪੰਜਾਬ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਭਰ ਵਿੱਚ ਤੇ ਹੁਣ ਪੰਜਾਬ ਵਿੱਚ ਵੀ ਗਿਣੀ ਮਿਥੀ ਸਾਜਿਸ਼ ਤਹਿਤ  ਸਿੱਖਾਂ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ| ਇਸ ਤਰ੍ਹਾਂ ਮੋਦੀ ਸਰਕਾਰ ਵੱਲੋਂ ਹਿੰਦੁਤਵ ਨੂੰ ਸ਼ਹਿ ਦਿਤੇ ਜਾਣ ਕਾਰਨ ਘੱਟ ਗਿਣਤੀਆਂ ਅਤੇ ਸਿੱਖਾਂ ਉੱਪਰ ਜੁਲਮ ਵੱਧ ਗਏ ਹਨ| ਉਹਨਾਂ ਕਿਹਾ ਕਿ ਜੀਰਕਪੁਰ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਸਿੱਖਾਂ ਉੱਪਰ ਹਮਲੇ ਅਤੇ ਕੁੱਟਮਾਰ ਨੇ ਕਾਂਗਰਸ ਸਰਕਾਰ ਦੀ ਨਲਾਇਕੀ ਸਾਹਮਣੇ ਲਿਆ ਦਿਤੀ ਹੈ|
ਉਹਨਾਂ ਕਿਹਾ ਕਿ ਉਹਨਾਂ ਨੇ ਇਸ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਕਿਰਪਾਲ ਸਿੰਘ ਬੰਡੂਗਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਟੀਮ ਬਣਾਈ ਗਈ ਹੈ ਅਤੇ ਇਹ ਟੀਮ ਸੰਬੰਧਿਤ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾਉਣ ਦੀ ਮੰਗ ਕਰੇਗੀ|
ਉਹਨਾਂ ਮੰਗ ਕੀਤੀ ਕਿ ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਸਾਰੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ|

ਪੁਲੀਸ ਨੇ ਮਾਮਲਾ ਦਰਜ ਕੀਤਾ
ਜੀਰਕਪੁਰ ਦੀ ਘਟਨਾ ਸਬੰਧੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ  ਹੈ| ਅੱਜ ਸ਼੍ਰੋਮਣੀ ਕਮੇਟੀ ਅਤੇ ਸਿੱਖ  ਜਥੇਬੰਦੀਆਂ ਦੇ ਆਗੂਆਂ ਦੀ ਟੀਮ ਨੇ ਸ. ਜਤਿੰਦਰਪਾਲ ਸਿੰਘ ਜੇ ਪੀ ਦੀ ਅਗਵਾਈ ਵਿਚ  ਜੀਰਕਪੁਰ ਪੁਲੀਸ ਸਟੇਸ਼ਨ ਵਿਖੇ ਪੁਲੀਸ ਅਧਿਕਾਰੀਆਂ ਨਾਲ ਗਲਬਾਤ ਕੀਤੀ ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ| ਸ੍ਰੀ ਜੇ ਪੀ ਸਿੰਘ ਨੇ ਦਸਿਆ ਕਿ ਪੁਲੀਸ ਨੇ ਇਸ ਸਬੰਧੀ ਆਈ ਪੀ ਸੀ ਦੀ ਧਾਰਾ 323, 353, 186, 295, 148, 149 ਅਧੀਨ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *