ਜੀ ਐਸ ਟੀ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਮਹਿੰਗਾਈ ਵੱਧਣ ਦਾ ਡਰ ਸਤਾਉਣ ਲੱਗਿਆ

ਐਸ ਏ ਐਸ ਨਗਰ, 16 ਜੂਨ (ਸ.ਬ.) 1 ਜੁਲਾਈ ਤੋਂ ਕੇਂਦਰ ਸਰਕਾਰ ਵਲੋਂ ਪੂਰੇ ਭਾਰਤ ਵਿੱਚ ਹੀ ਜੀ ਐਸ ਟੀ ਸਿਸਟਮ ਲਾਗੂ ਕਰ ਦਿੱਤੇ ਜਾਣ ਨਾਲ ਆਮ ਲੋਕਾਂ ਵਿੱਚ ਵੀ ਕਈ ਤਰ੍ਹਾਂ ਦੇ ਤੋਂਖਲੇ ਖੜੇ ਹੋ ਗਏ ਹਨ| ਜਿੱਥੇ ਵਪਾਰੀਆਂ ਦੇ ਵੱਖ-ਵੱਖ ਵਰਗਾ  ਜੀ ਐਸ ਟੀ ਵਿਰੁੱਧ ਹੜਤਾਲਾਂ ਕਰ ਰਹੇ ਹਨ ਅਤੇ ਇਸਦਾ ਵਿਰੋਧ ਕਰ ਰਹੇ ਹਨ| ਉੱਥੇ ਹੀ ਆਮ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ 1 ਜੁਲਾਈ ਤੋਂ ਜੀ ਐਸ ਟੀ ਲਾਗੂ  ਹੋਣ ਨਾਲ ਮਹਿੰਗਾਈ ਵਿੱਚ ਭਾਰੀ ਵਾਧਾ ਹੋ ਜਾਵੇਗਾ|
ਇਸਦੇ ਨਾਲ ਹੀ ਅਫਵਾਹਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਸ਼ੋਸ਼ਲ ਮੀਡੀਆ ਉਪਰ ਵੀ ਜੀ ਐਸ ਟੀ ਦੀਆਂ ਦਰਾਂ ਬਾਰੇ ਵੱਖ-ਵੱਖ ਵਿਅਕਤੀ ਵੱਖੋ ਵੱਖਰਾ ਦਾਅਵਾ ਕਰ ਰਹੇ ਹਨ| ਜਿਸ ਕਰਕੇ ਸਾਰੀ ਸਥਿਤੀ ਉਲਝਣ ਵਾਲੀ ਬਣੀ ਹੋਈ ਹੈ| ਭਾਰਤ ਦਾ ਵਪਾਰੀ ਵਰਗ ਵੀ ਜੀ ਐਸ ਟੀ ਦੇ ਲਾਗੂ ਹੋਣ ਸਬੰਧੀ ਦੁਚਿਤੀ ਵਿਚ ਹੈ| ਆਮ ਛੋਟੇ ਦੁਕਾਨਦਾਰਾਂ ਵਿੱਚ ਇਸ ਗਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਜੀ ਐਸ ਟੀ ਲਾਗੂ ਹੋਣ ਨਾਲ ਉਹਨਾਂ ਦਾ ਕਾਰੋਬਾਰ ਹੀ ਨਾ ਠੱਪ ਹੋ ਜਾਵੇ|
ਵੱਡੀ ਗਿਣਤੀ ਦੁਕਾਨਦਾਰਾਂ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਤਾ ਪਹਿਲਾਂ ਹੀ ਨੋਟਬੰਦੀ ਕਾਰਨ ਝੰਬੇ ਪਏ ਹਨ| ਅਜਿਹੇ ਸਮੇਂ ਵਿੱਚ ਜੀ ਐਸ ਟੀ ਨੂੰ ਲਾਗੂ ਕਰਨਾ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਧੱਕਾ ਹੈ| ਕੁਝ ਦੁਕਾਨਦਾਰਾਂ ਰੋਸ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ ਸੇਲ ਟੈਕਸ ਵਾਲ,ੇ ਆਮਦਨ ਕਰ ਵਿਭਾਗ ਵਾਲੇ ਪ੍ਰਾਪਰਟੀ ਟੈਕਸ ਵਾਲੇ ਅਤੇ ਹੋਰ ਕਈ ਵਿਭਾਗ ਪਹਿਲਾਂ ਹੀ ਵਪਾਰੀਆਂ ਦੇ ਮਗਰ ਪਏ ਹੋਏ ਹਨ| ਹੁਣ ਕੇਂਦਰ ਸਰਕਾਰ ਵੀ ਜੀ ਐਸ ਟੀ ਲਾਗੂ ਕਰਨ ਦੀ ਜਿੱਦ ਕਰਕੇ ਵਪਾਰੀਆਂ ਤੇ ਦੁਕਾਨਦਾਰਾਂ ਮਗਰ ਹੱਥ ਧੋ ਕੇ ਪੈ ਗਈ ਹੈ| ਇਸ ਤਰ੍ਹਾਂ ਤਾਂ ਦੁਕਾਨਦਾਰਾਂ ਦਾ ਸਾਰਾ ਕਾਰੋਬਾਰ ਹੀ ਖਤਮ ਹੋ ਜਾਵੇਗਾ|
ਕੇਂਦਰ ਸਰਕਾਰ ਖਾਸ ਕਰਕੇ ਭਾਰਤੀ ਵਿੱਤ ਮੰਤਰੀ ਅਰੁਨ  ਜੇਤਲੀ ਦਾ ਕਹਿਣਾ ਹੈ ਕਿ ਜੀ ਐਸ ਟੀ ਅਸਲ ਵਿੱਚ ਵਪਾਰੀਆਂ ਦੇ ਪੱਖ ਵਿਚ ਹੀ ਹੈ| ਇਸਦੇ ਲਾਗੂ ਹੋਣ ਨਾਲ ਪੂਰੇ ਦੇਸ਼ ਵਿੱਚ ਹਰ ਤਰ੍ਹਾਂ ਦੇ ਸਮਾਨ ਦੀ ਕੀਮਤ ਇਕੋ ਜਿਹੀ  ਹੋਵੇਗੀ| ਜਿਸਦਾ ਲਾਭ ਦੁਕਾਨਦਾਰਾਂ ਦੇ ਨਾਲ ਆਮ ਲੋਕਾਂ ਨੂੰ ਵੀ  ਹੋਵੇਗਾ| ਜਦੋਂ ਕਿ ਆਮ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਜੀ ਐਸ ਟੀ ਦੇ ਲਾਗੂ ਹੋਣ ਸਬੰਧੀ ਕਈ ਤਰ੍ਹਾਂ ਦੇ ਸ਼ੰਕੇ ਪਾਏ ਜਾ ਰਹੇ ਹਨ| ਇਸ ਸਮਝ ਰਹੇ ਹਨ ਕਿ ਜੀ ਐਸ ਟੀ ਲਾਗੂ ਹੋਣ ਨਾਲ ਮਹਿੰਗਾਈ ਵਿੱਚ ਹੋਰ ਵੀ ਵਾਧਾ ਹੋ ਜਾਵੇਗਾ|

Leave a Reply

Your email address will not be published. Required fields are marked *