ਜੁਝਾਰ ਨਗਰ ਵਿੱਚ ਸਿਲੰਡਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ, ਇਕ ਔਰਤ ਜਖਮੀ

ਜੁਝਾਰ ਨਗਰ ਵਿੱਚ ਸਿਲੰਡਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ, ਇਕ ਔਰਤ ਜਖਮੀ
ਫਾਇਰ ਬ੍ਰਿਗੇਡ ਨੇ ਘਰ ਦੇ ਤਾਲੇ ਤੋੜ ਕੇ ਲਾਸ਼ ਬਾਹਰ ਕੱਢੀ
ਐਸ ਏ ਐਸ ਨਗਰ, 22 ਨਵੰਬਰ (ਸ.ਬ.) ਥਾਣਾ ਬਲੋਂਗੀ ਅਧੀਨ ਆਉਂਦੇ ਜੁਝਾਰ ਨਗਰ ਦੀ ਗਲੀ ਨੰਬਰ 32 ਵਿਚ ਸਿਕਲੀਗਰ ਮੁਹੱਲੇ ਵਿਚ ਅੱਜ ਸਵੇਰੇ ਸਿਲੰਡਰ ਫੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਇਸ ਧਮਾਕੇ ਕਾਰਨ ਉਕਤ ਘਰ ਨੂੰ ਕਾਫੀ ਨੁਕਸਾਨ ਪਹੁੰਚਿਆ ਅਤੇ ਗੁਆਂਢ ਦੇ ਘਰ ਦੀਆਂ ਦੋ ਛੱਤਾਂ ਵੀ ਢਹਿ ਗਈਆਂ, ਛੱਤ ਦੇ ਮਲਬੇ ਹੇਠ ਆਕੇ ਗੁਆਂਢ ਦੀ ਇਕ ਔਰਤ ਵੀ ਜਖਮੀ ਹੋ ਗਈ|
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਉਮਰ 65 ਸਾਲ ਇਸ ਥਾਂ ਇਕੱਲਾ ਹੀ ਰਹਿੰਦਾ ਸੀ, ਅੱਜ ਸਵੇਰੇ 8.45 ਵਜੇ ਉਸਦੇ ਘਰ ਵਿਚ ਸਿੰਲਡਰ ਫਟ ਗਿਆ, ਜਿਸ ਕਾਰਨ ਉਸਦੀ ਮੌਕੇ ਉਪਰ ਹੀ ਮੌਤ ਹੋ ਗਈ| ਇਹ ਧਮਾਕਾ ਏਨਾ ਜਬਰਦਸਤ ਸੀ ਕਿ ਇਸ ਧਮਾਕੇ ਕਾਰਨ ਨਾਲ ਦੇ ਘਰ ਦੀਆਂ ਦੋ ਛੱਤਾਂ ਢਹਿ ਗਈਆਂ ਅਤੇ ਇੱਕ ਛੱਤ ਦੇ ਮਲਬੇ ਹੇਠ ਆ ਕੇ ਰੀਨਾ ਕੌਰ ਨਾਮ ਦੀ ਔਰਤ ਜਖਮੀ ਹੋ ਗਈ|
ਆਂਢ ਗੁਆਂਢ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਤੁਰੰਤ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿਤੀ| ਘਟਨਾ ਸਮੇਂ ਦਰਸ਼ਨ ਸਿੰਘ ਦੇ ਘਰ ਅੰਦਰਲੇ ਪਾਸੇ ਤਾਲਾ ਲੱਗਿਆ ਹੋਇਆ ਸੀ ਅਤੇ ਫਾਇਰ ਬ੍ਰਿਗੇਡ ਨੇ ਘਰ ਦੇ ਤਾਲੇ ਤੋੜ ਕੇ ਦਰਸ਼ਨ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ, ਜਿਸ ਨੂੰ ਪੁਲੀਸ ਨੇ ਫੇਜ਼ 6 ਦੇ ਸਿਵਲ ਹਸਪਤਾਲ ਪਹੁੰਚਾ ਦਿਤਾ|
ਇਸੇ ਤਰ੍ਹਾਂ ਜਖਮੀ ਔਰਤ ਨੂੰ ਵੀ ਸਿਵਲ ਹਸਪਤਾਲ ਫੇਜ਼ 6 ਵਿਚ ਦਾਖਲ ਕਰਵਾਇਆ ਗਿਆ| ਦਰਸ਼ਨ ਸਿੰਘ ਦੇ ਘਰ ਵਿਚ ਇਕੱਲਾ ਹੀ ਘਰ ਵਿਚ ਹੋਣ ਕਾਰਨ ਸਿੰਲਡਰ ਫਟਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ| ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸ ਐਚ ਓ ਸ੍ਰ. ਭਗਵੰਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *