ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਹਰਜੀਤ ਸਿੰਘ ਦਾ ਭਰਵਾਂ ਸਵਾਗਤ ਦੇਸ਼ ਦੀ ਹਾਕੀ ਟੀਮ ਵਿਚ ਖੇਡਦਿਆਂ ਵਿਸ਼ਵ ਕੱਪ ਜਿੱਤਣ ਦਾ ਸੁਪਨਾ : ਹਰਜੀਤ ਸਿੰਘ

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਜੂਨੀਅਰ ਵਿਸ਼ਵ ਹਾਕੀ ਕੱਪ ਦੀ ਵਿਜੇਤਾ ਭਾਰਤੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦੇ ਵਿਸ਼ਵ ਵਿਜੇਤਾ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪਹੁੰਚਣ ਤੇ             ਖੇਡ ਪ੍ਰੇਮੀਆਂ ਵੱਲੋਂ ਥਾਂ ਥਾਂ ਭਰਵਾਂ ਸਵਾਗਤ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਜੀਤ ਸਿੰਘ ਤੁਲੀ ਨੇ ਕਿਹਾ ਕਿ 15 ਸਾਲ ਬਾਅਦ ਜੂਨੀਅਰ ਵਿਸ਼ਵ ਕੱਪ ਜਿੱਤਣ ਇੱਕ ਮਾਣ ਵਾਲੀ ਗੱਲ ਹੈ ਅਤੇ ਉਸਦੀ ਦਿਲੀ ਤਮੰਨਾ ਹੈ ਕਿ ਉਹ ਸੀਨੀਅਰ ਟੀਮ ਵੱਲੋਂ ਖੇਡਦਿਆਂ   ਦੇਸ਼ ਲਈ ਵਿਸ਼ਵ ਕੱਪ ਜਿੱਤਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕਰੇ| ਹਰਜੀਤ ਸਿੰਘ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਰਾਮਪਾਲ ਸਿੰਘ, ਮਾਤਾ ਬਲਵਿੰਦਰ ਕੌਰ, ਚਚੇਰੇ ਭਰਾ ਸੋਹਣ ਸਿੰਘ ਪਟਵਾਰੀ, ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਕੋਚ ਅਵਤਾਰ ਸਿੰਘ ਅਤੇ ਗੁਰਦੇਵ ਸਿੰਘ ਅਤੇ ਜੂਨੀਅਰ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦਾ ਸਿਰ ਬੰਨ੍ਹਿਆ ਜਿਨ੍ਹਾਂ ਦੀ ਪ੍ਰੇਰਨਾ ਅਤੇ ਮੱਦਦ ਸਦਕਾ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ|
ਜਿਕਰਯੋਗ ਹੈ ਕਿ ਮੁਹਾਲੀ ਦੇ ਕਸਬਾ ਕੁਰਾਲੀ ਨੇੜਲੇ ਪਿੰਡ ਨਿਹੋਲਕਾ ਦੇ ਜੰਮਪਲ ਹਰਜੀਤ ਸਿੰਘ ਤੁਲੀ ਨੇ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰਦਿਆਂ 15 ਸਾਲ ਬਾਅਦ ਦੇਸ਼ ਨੂੰ ਗੋਲਡ ਮੈਡਲ ਜਿਤਾਉਣ ਦਾ ਮਾਣ ਹਾਸਲ ਕੀਤਾ ਹੈ, ਜਿਸ ਤੇ ਸਮੁੱਚੇ ਦੇਸ਼ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ| ਹਰਜੀਤ ਸਿੰਘ ਦੇ ਅੱਜ ਆਪਣੇ ਜੱਦੀ ਪਿੰਡ ਪਹੁੰਚਣ ਲਈ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਖੇਡ ਪ੍ਰੇਮੀ ਸੋਹਣ ਸਿੰਘ ਪਟਵਾਰੀ ਦੀ ਅਗਵਾਈ ਵਿਚ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ ਉਪਰੰਤ ਫੇਸ 6 ਮੁਹਾਲੀ ਦੇ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਰੋਡ ਸ਼ੋਅ ਦੇ ਰੂਪ ਵਿਚ ਹਰਜੀਤ ਸਿੰਘ ਆਪਣੇ ਪਿੰਡ ਨਿਹੋਲਕਾ ਲਈ ਰਵਾਨਾ ਹੋਇਆ ਅਤੇ ਖੇਡ ਪ੍ਰੇਮੀਆਂ ਨੇ ਢੋਲ ਦੀ ਥਾਪ ਤੇ ਭੰਗੜੇ ਪਾਕੇ ਖੁਸ਼ੀਆਂ ਮਨਾਈਆਂ| ਇਸ ਦੌਰਾਨ ਸੈਂਕੜੇ ਗੱਡੀਆਂ ਦੇ ਕਾਫਲਾ ਹਰਜੀਤ ਸਿੰਘ ਦੇ ਨਾਲ ਨਾਲ ਜਾ ਰਿਹਾ ਸੀ| ਇਥੇ ਦੱਸਣਾ ਬਣਦਾ ਹੈ ਕਿ ਹਰਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ ਤੇ ਉਸਦੇ ਪਿਤਾ ਰਾਮਪਾਲ ਸਿੰਘ ਪੇਸ਼ੇ ਵੱਜੋਂ ਟਰੱਕ ਡਰਾਈਵਰ ਅਤੇ ਮਾਤਾ ਬਲਵਿੰਦਰ ਕੌਰ ਘਰੇਲੂ ਔਰਤ ਹੈ ਪਰ ਪਰਿਵਾਰ ਨੂੰ ਅੱਜ ਤੱਕ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਗਈ| ਇਸ ਮੌਕੇ ਸੋਹਣ ਸਿੰਘ ਪਟਵਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜੀਤ ਸਿੰਘ ਦੀ ਕਪਤਾਨੀ ਵਿਚ ਹਿੰਦੋਸਤਾਨ ਦੀ ਟੀਮ ਨੇ ਮਲੇਸ਼ੀਆ ਵਿਖੇ ਹੋਏ ਦੋ ਵਾਰ ਸੁਲਤਾਨ ਜੌਹਰ ਕੱਪ ਵਿਚ ਗੋਲਡ ਮੈਡਲ ਤੇ ਦੋ ਵਾਰ ਚਾਂਦੀ ਦਾ ਮੈਡਲ, 7 ਵੇਂ ਜੂਨੀਅਰ ਏਸ਼ੀਆ ਕੱਪ ਵਿਚ ਕਾਂਸੀ ਦਾ ਤਗਮਾ, ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਵਿਚ (ਸੀਨੀਅਰ ਟੀਮ) ਵੱਲੋਂ ਖੇਡਿਆ, 10ਵਾਂ ਹੀਰੋ ਹਾਕੀ ਵਰਲਡ ਕੱਪ 2013 ਵਿਚ ਟੀਮ ਦਾ ਹਿੱਸਾ ਰਿਹਾ, ਆਸਟ੍ਰੇਲੀਆ ਵਿਖੇ ਸੀਨੀਅਰ ਟੀਮ ਵੱਲੋਂ ਖੇਡਦਿਆਂ ਸੀਰੀਜ਼ ਜਿੱਤਣ, ਵਾਲਵੋ ਇੰਟਰਨੈਸ਼ਨਲ ਹੌਲੈਂਡ ਕੱਪ, 8 ਵੀਂ ਜੂਨੀਅਰ ਏਸ਼ੀਆ ਕੱਪ ਵਿਚ ਗੋਲਡ ਮੈਡਲ, 2016 ਵਿਚ ਅਜਲਾਨ ਸ਼ਾਹ ਕੱਪ ਵਿਚ ਭਾਗ ਲੈਣ ਦੇ ਨਾਲ ਨਾਲ ਹਰਜੀਤ ਸਿੰਘ ਭਾਰਤ ਪੈਟ੍ਰੌਲੀਅਮ ਟੀਮ ਵੱਲੋਂ               ਖੇਡਣ ਦੇ ਨਾਲ ਨਾਲ ਇੰਡੀਅਨ ਹਾਕੀ ਲੀਗ ਵਿਚ ਦਿੱਲੀ ਵੀਰਵਰਸ ਤੇ 2016 ਵਿਚ ਆਸਟ੍ਰੇਲੀਆ ਦੇ 10 ਕਲੱਬਾਂ ਵਿਚ ਖੇਡਣ ਦਾ ਮਾਣ ਹਾਸਲ ਕੀਤਾ ਹੈ| ਇਸ ਦੌਰਾਨ ਹਰਜੀਤ ਸਿੰਘ ਤੁਲੀ ਦੇ ਕਾਫਲੇ ਦਾ ਮੁਹਾਲੀ, ਬਲੌਂਗੀ, ਖਰੜ, ਸਹੌੜਾਂ, ਕੁਰਾਲੀ ਤੇ ਜੱਦੀ ਪਿੰਡ ਨਿਹੋਲਕਾ ਸਮੇਤ ਨਗਰ ਨਿਗਮ ਮੁਹਾਲੀ, ਕੁਰਾਲੀ ਤੇ ਖਰੜ ਨਗਰ ਕੌਂਸਲਾਂ ਵੱਲੋਂ, ਵੱਖ ਵੱਖ ਪੰਚਾਇਤਾਂ, ਖੇਡ ਕਲੱਬਾਂ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ| ਇਸ ਦੌਰਾਨ ਲੋਕਾਂ ਨੇ ਥਾਂ ਥਾਂ ਲੱਡੂ ਵੰਡੇ ਅਤੇ ਫੁੱਲਾਂ ਦੀ ਵਰਖਾ ਨਾਲ ਹਰਜੀਤ ਸਿੰਘ ਦਾ ਸਵਾਗਤ ਕੀਤਾ|
ਇਸ ਮੌਕੇ ਬਾਬਾ ਗੁਰਮੀਤ ਸਿੰਘ ਨਿਹੋਲਕਾ, ਜਸਮੀਤ ਸਿੰਘ ਮਿੰਟੂ, ਚਰਨਜੀਤ ਸਿੰਘ ਵਿੱਕੀ, ਸਰਪੰਚ ਗੁਰਮੇਲ ਸਿੰਘ, ਨਰਿੰਦਰ ਭੂਰਾ, ਜਗਤਾਰ ਸਿੰਘ ਮਿਹੋਲਕਾ, ਹਰਵਿੰਦਰ ਸਿੰਘ ਰਿੰਕਾ, ਲਛਮਣ ਸਿੰਘ, ਭਾਗ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *