ਜੇਕਰ ਕਿਮ ਨਾਲ ਮੀਟਿੰਗ ਚੰਗੀ ਨਹੀਂ ਰਹੀ ਤਾਂ ਮੈਂ ਉਠ ਕੇ ਚਲਾ ਜਾਵਾਂਗਾ: ਟਰੰਪ

ਵਾਸ਼ਿੰਗਟਨ, 19 ਅਪ੍ਰੈਲ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਹੋਣ ਵਾਲੇ ਸ਼ਿਖਰ ਸੰਮੇਲਨ ਨੂੰ ਲੈ ਕੇ ਆਸ਼ਾਵਾਦੀ ਹਨ ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਬੈਠਕ ਉਨ੍ਹਾਂ ਦੀ ਉਮੀਦ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਤਾਂ ਉਹ ਬੈਠਕ ਤੋਂ ਬਾਹਰ ਆ ਜਾਣਗੇ| ਟਰੰਪ ਨੇ ਕਿਹਾ ਕਿ ਉਹ ਕੋਰੀਆਈ ਪ੍ਰਾਇਦੀਪ ਵਿਚ ਨਿਸ਼ਸਤਰੀਕਰਨ ਤੇ ਚਰਚਾ ਕਰਨ ਲਈ ਆਉਣ ਵਾਲੇ ਹਫਤਿਆਂ ਵਿਚ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨਗੇ| ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਸੰਯੁਕਤ ਰੂਪ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜੇਕਰ ਸਾਨੂੰ ਨਹੀਂ ਲੱਗੇਗਾ ਕਿ ਇਹ ਸਫਲਤਾਪੂਰਵਕ ਹੋ ਰਿਹਾ ਹੈ ਤਾਂ ਅਸੀਂ ਨਹੀਂ ਕਰਾਂਗੇ| ਜੇਕਰ ਮੈਨੂੰ ਲੱਗਦਾ ਹੈ ਕਿ ਬੈਠਕ ਨਾਲ ਕੋਈ ਨਤੀਜਾ ਨਹੀਂ ਨਿਕਲਣ ਵਾਲਾ ਅਸੀਂ ਨਹੀਂ ਜਾਵਾਂਗੇ| ਉਨ੍ਹਾਂ ਅੱਗੇ ਕਿਹਾ ਜੇਕਰ ਬੈਠਕ ਵਿਚ ਕੋਈ ਨਤੀਜਾ ਨਹੀਂ ਨਿਕਲੇਗਾ ਤਾਂ ਮੈਂ ਸਫਲਤਾ ਪੂਰਵਕ ਬੈਠਕ ਤੋਂ ਬਾਹਰ ਆ ਜਾਵਾਂਗਾ ਅਤੇ ਫਿਰ ਓਹੀ ਕਰਾਂਗਾ ਜੋ ਅਸੀਂ ਕਰ ਰਹੇ ਹਾਂ|
ਇਸ ਤੋਂ ਇਕ ਦਿਨ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਜੂਨ ਜਾਂ ਉਸ ਤੋਂ ਪਹਿਲਾਂ ਕਿਮ ਨਾਲ ਮੁਲਾਕਾਤ ਕਰ ਸਕਦੇ ਹਨ| ਦੋਵਾਂ ਦੇਸ਼ਾਂ ਦੇ ਨੇਤਾ ਬੈਠਕ ਲਈ 5 ਵੱਖ-ਵੱਖ ਸਥਾਨਾਂ ਤੇ ਵਿਚਾਰ ਕਰ ਰਹੇ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਅਮਰੀਕਾ ਵਿਚ ਨਹੀਂ ਹੈ| ਉਨ੍ਹਾਂ ਕਿਹਾ ਕਿ ਉਮੀਦ ਕਰਦਾ ਹਾਂ ਕਿ ਬੈਠਕ ਬਹੁਤ ਸਫਲ ਰਹੇਗੀ ਅਤੇ ਅਸੀਂ ਇਸ ਨੂੰ ਲੈ ਕੇ ਉਤਸ਼ਾਹਿਤ ਹਾਂ| ਅਮਰੀਕੀ ਰਾਸ਼ਟਰਪਤੀ ਨੇ ਉਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ਬੈਠਕਾਂ ਦੇ ਸਿਲਸਿਲੇ ਤੋਂ ਬਾਅਦ ਉਮੀਦ ਜਤਾਈ ਕਿ ਕੋਰੀਆਈ ਪ੍ਰਾਇਦੀਪ ‘ਸੁਰੱਖਿਅਤ, ਖੁਸ਼ਹਾਲ ਅਤੇ ਸ਼ਾਂਤੀਪੂਰਵਕ’ ਰਹਿ ਸਕਦਾ ਹੈ| ਉਨ੍ਹਾਂ ਕਿਹਾ ਕਿ ਕਿਮ ਨਾਲ ਚਰਚਾ ਦੇ ਮੁੱਦਿਆਂ ਵਿਚ ਉਤਰੀ ਕੋਰੀਆ ਵਿਚ 3 ਅਮਰੀਕੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਵੀ ਸ਼ਾਮਲ ਹੋਵੇਗਾ| ਟਰੰਪ ਨੇ ਉਤਰੀ ਕੋਰੀਆ ਤੇ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਵੀ ਤਾਰੀਫ ਕੀਤੀ| ਜਾਪਾਨ ਦੇ ਪੀ. ਐਮ ਨੇ ਉਤਰੀ ਕੋਰੀਆ ਨਾਲ ਸਬੰਧ ਵਿਚ ਟਰੰਪ ਦੀਆਂ ਕੋਸ਼ਿਸ਼ ਲਈ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਉਤਰੀ ਕੋਰੀਆ ਦੇ ਪੂਰੀ ਤਰ੍ਹਾਂ ਨਿਸ਼ਸਤਰੀਕਰਨ ਦੀ ਮੰਗ ਕੀਤੀ| ਆਬੇ ਨੇ ਕਿਹਾ ਕਿ ਟਰੰਪ ਨਾਲ ਗੱਲਬਾਤ ਵਿਚ ਦੋਵੇਂ ਦੇਸ਼ ਆਉਣ ਵਾਲੇ ਅਮਰੀਕਾ-ਉਤਰੀ ਕੋਰੀਆ ਸੰਮੇਲਨ ਦੇ ਸਬੰਧ ਵਿਚ ਸਮਝੌਤੇ ਤੇ ਪਹੁੰਚੇ|

Leave a Reply

Your email address will not be published. Required fields are marked *