ਜੇਲ੍ਹਾਂ ਵਿੱਚ ਹੁੰਦੀ ਨਸ਼ਿਆਂ ਦੀ ਸਪਲਾਈ ਤੇ ਕਾਬੂ ਕਰਨ ਵਿੱਚ ਨਾਕਾਮ ਕਿਊਂ ਹੈ ਸਰਕਾਰ

ਲਗਭਗ ਤਿੰਨ ਮਹੀਨੇ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਈ ਕਾਂਗਰਸ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਵੇਲੇ ਪੰਜਾਬ ਦੀ ਜਨਤਾ ਨਾਲ ਵਾਇਦਾ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਵਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਿਆਂ ਦੀ ਸੱਮਸਿਆ ਤੇ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਸੱਤਾ ਵਿੱਚ ਆਉਣ ਦੇ ਇੱਕ ਮਹੀਨੇ ਦੇ ਵਿੱਚ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਦੇ ਸਾਰੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਬੁਰੀ ਤਰ੍ਹਾਂ ਬਰਬਾਦ ਕਰਨ ਵਾਲੀ ਨਸ਼ਿਆਂ ਦੀ ਇਸ ਲਾਹਨਤ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇਗਾ| ਨਵੀਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਪਲੀਸ ਵਲੋਂ ਵੱਡੀ ਗਿਣਤੀ ਲੋਕਾਂ (ਜਿਆਦਾਤਰ ਨਸ਼ੇੜੀਆਂ) ਨੂੰ ਕਾਬੂ ਕਰਕੇ ਨਸ਼ਿਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਦੇ ਲੰਬੇ ਚੌੜੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਇਸ ਦੌਰਾਨ ਨਾ ਤਾਂ ਨਸ਼ਿਆਂ ਦੀ ਸਪਲਾਈ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੀ ਕੋਈ ਕਮੀ ਆਈ ਹੈ|
ਨਵੀਂ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ ਨੁੰ ਜੇਲ੍ਹਾ ਵਿੱਚ ਬੰਦ ਕਰਨ ਦੇ ਹਵਾ ਹਵਾਈ ਦਾਅਵੇ ਤਾਂ ਬਹੁਤ ਹਨ ਪਰੰਤੂ ਅਸਲੀਅਤ ਇਹ ਵੀ ਹੈ ਕਿ ਸੂਬੇ ਦੀਆਂ ਜੇਲ੍ਹਾਂ (ਜਿੱਥੇ ਸਾਰਾ ਕੁੱਝ ਸਰਕਾਰੀ ਤੰਤਰ ਦੀ ਨਿਗਰਾਨੀ ਵਿੱਚ ਹੀ ਹੁੰਦਾ ਹੈ) ਵਿੱਚ ਵੀ ਕੈਦੀਆਂ ਨੂੰ ਵੱਡੇ ਪੱਧ ਤੇ ਨਸ਼ਿਆਂ ਦਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਨਵੀਂ ਸਰਕਾਰ ਜੇਲ੍ਹਾ ਵਿੱਚ ਹੁੰਦੀ ਨਸ਼ਿਂਆਂ ਦੀ ਸਪਲਾਈ ਦੀ ਸਮੱਸਿਆ ਦਾ ਹਲ ਕਰਨ ਵਿੱਚ ਵੀ ਕਾਮਯਾਬ ਨਹੀਂ ਹੋ ਪਾਈ ਹੈ| ਸੂਬੇ ਦੀਆਂ ਵੱਖ ਵੱਖ ਜੇਲਾਂ ਵਿੱਚ ਕੈਦੀਆਂ ਨੂੰ ਕੀਤੀ ਜਾਂਦੀ ਨਸ਼ੀਲੀਆਂ ਵਸਤੂਆਂ ਦੀ ਸਪਲਾਈ ਦੀ ਸਮੱਸਿਆ ਗੰਭੀਰ ਹਾਲਤ ਵਿੱਚ ਹੈ| ਜੇਲ੍ਹਾਂ ਵਿੱਚ ਕੈਦੀਆਂ ਕੋਲੋਂ ਸਮੇਂ ਸਮੇਂ ਤੇ ਹੁੰਦੀ ਨਸ਼ਿਆਂ ਦੇ ਸਾਮਾਨ ਦੀ ਬਰਾਮਦਗੀ ਨਾਲ ਇਸ ਸਮੱਸਿਆ ਦੀ ਗੰਭਾਰਤਾ ਦਾ ਅੰਦਾਜਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ| ਪੰਜਾਬ ਦੀਆਂ ਜੇਲ੍ਹਾ ਵਿੱਚ ਪੈਸਾ ਖਰਚਣ ਵਾਲੇ ਜਾਂ ਰਸੂਖਦਾਰ ਕੈਦੀਆਂ ਨੂੰ ਹਰ ਤਰ੍ਹਾਂ ਦੇ ਐਸ਼ੋ ਆਰਾਮ ਅਤੇ ਨਸ਼ਾਖੋਰੀ ਦਾ ਸਾਮਾਨ ਆਸਾਨੀ ਨਾਲ ਉਪਲਬਧ ਕਰਵਾਏ ਜਾਣ ਦੇ ਇਲਜਾਮ ਆਮ ਲੱਗਦੇ ਹਨ| ਜਾਹਿਰ ਹੈ ਕਿ ਜੇਲ੍ਹਾਂ ਵਿੱਚ ਚਲਣ ਵਾਲਾ ਇਹ ਕਾਲਾ ਕਾਰੋਬਾਰ ਜੇਲ੍ਹ ਪ੍ਰਸ਼ਾਸ਼ਨ ਦੀ ਮਿਲੀਭੁਗਤ ਤੋਂ ਬਿਨਾ ਨਹੀਂ ਚਲਾਇਆ ਜਾ ਸਕਦਾ| ਜੇਲ੍ਹਾਂ ਵਿੱਚ ਹੁੰਦੀ ਨਸ਼ਿਆਂ ਦੀ ਇਹ ਸਪਲਾਈ ਕਿਸੇ ਆਮ ਵਿਅਕਤੀ ਦਾ ਕੰਮ ਨਹੀਂ ਹੈ| ਸੂਬੇ ਦੀਆਂ ਸਖਤ ਸੁਰਖਿਆ ਵਾਲੀਆਂ ਜੇਲ੍ਹਾ ਤਕ ਵਿੱਚ ਨਸ਼ਿਆਂ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਅਜਿਹਾ ਕਰਨ ਵਾਲਿਆਂ ਵਲੋਂ ਜਿੱਥੇ ਜੇਲ੍ਹ ਪ੍ਰਸ਼ਾਸ਼ਨ ਨੂੰ ਖੁਸ਼ ਰੱਖਿਆ ਜਾਂਦਾ ਹੈ ਉੱਥੇ ਕੈਦੀਆਂ ਵਿੱਚ ਮੌਜੂਦ ਇਹਨਾਂ ਦੇ ਏਜੰਟ ਹੋਰਨਾਂ ਕੈਦੀਆਂ ਨੂੰ ਨਸ਼ਿਆਂ ਦੀ ਵਿਕਰੀ ਕਰਦੇ ਹਨ|
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਸਾਲ ਪਹਿਲਾਂ ਪਹਿਲਾਂ ਉਸ ਵੇਲੇ ਦੇ ਪੰਜਾਬ ਪੁਲੀਸ ਦੇ ਡੀ ਜੀ ਪੀ (ਜੇਲ੍ਹਾਂ) ਸ੍ਰੀ ਸ਼ਸ਼ੀਕਾਂਤ ਨੇ ਖੁਲਾਸਾ ਕੀਤਾ ਸੀ ਕਿ ਜੇਲ੍ਹਾਂ ਵਿੱਚ ਚਲਣ ਵਾਲਾ ਨਸ਼ਿਆਂ ਦਾ ਇਹ ਪੂਰਾ ਕਾਰੋਬਾਰ ਵੱਡੇ ਸਿਆਸਤਦਾਨਾਂ ਅਤੇ ਨੋਕਰਸ਼ਾਹਾਂ ਦੀ ਸਰਪਰਸਤੀ ਵਿੱਚ ਹੀ ਚਲਾਇਆ ਜਾਂਦਾ ਹੈ ਅਤੇ ਇਸੇ ਕਾਰਨ ਇਸਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਿਸੇ ਵੀ ਕਾਰਵਾਈ ਨੂੰ ਸ਼ੁਰੂ ਹੁੰਦਿਆਂ ਹੀ ਵਿਚਾਲੇ ਰੋਕ ਦਿੱਤਾ ਜਾਂਦਾ ਹੈ| ਉਹਨਾਂ ਵਲੋਂ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਸੂਬੇ ਦੀ                  ਜੇਲ੍ਹਾਂ ਵਿੱਚ ਨਸ਼ਿਆਂ ਦੀ ਸਪਲਾਈ ਤੇ ਰੋਕ ਲਗਾਉਣ ਲਈ ਉਹਨਾਂ ਵਲੋਂ ਆਰੰਭ ਕੀਤੀ ਗਈ ਸਖਤ ਕਾਰਵਾਈ ਨੂੰ ਬੰਦ ਕਰਵਾਉਣ ਲਈ ਉਹਨਾਂ ਉੱਪਰ ਨਾ ਸਿਰਫ ਦਬਾਓ ਪਾਇਆ ਗਿਆ ਸੀ ਬਲਕਿ ਅਜਿਹਾ ਨਾ ਕਰਨ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ|
ਨਵੀਂ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਜੇਲ੍ਹਾਂ ਵਿੱਚ ਚਲਦੇ ਨਸ਼ਿਆਂ ਦੇ ਇਸ ਕਾਲੇ ਕਾਰੋਬਾਰ ਤੇ ਰੇਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕੇ ਅਤੇ ਜਿਹਨਾਂ ਅਨਸਰਾਂ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ| ਇਸਦੇ ਨਾਲ ਨਾਲ ਇਸ ਕੰਮ ਵਿੱਚ ਲੱਗੇ ਜ੍ਹੇਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਵੀ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਸੂਬੇ ਦੀ ਜੇਲ੍ਹਾਂ ਤੋਂ ਨਸ਼ਿਆਂ ਦੇ ਇਸ ਕੋਹੜ ਦਾ ਖਾਤਮਾ ਕਰਨ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *