ਜੇਲ ਵਿੱਚ ਹੋਇਆ ਦੰਗਾ, ਇੰਦਰਾਣੀ ਮੁਖਰਜੀ ਦੇ ਖਿਲਾਫ ਦਰਜ ਹੋਈ ਐਫ.ਆਈ.ਆਰ

ਮੁੰਬਈ, 26 ਜੂਨ (ਸ.ਬ.) ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਦੋਸ਼ ਵਿੱਚ ਮੁੰਬਈ ਦੀ ਬਾਈਕੁਲਾ ਜੇਲ ਵਿੱਚ ਬੰਦ ਇੰਦਰਾਣੀ ਮੁਖਰਜੀ ਸਮੇਤ 200 ਕੈਦੀਆਂ ਤੇ ਜੇਲ ਵਿੱਚ ਹਿੰਸਾ ਫੈਲਾਉਣ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜੇਲ ਕਰਮਚਾਰੀਆਂ ਨੂੰ ਸੱਟ ਪਹੁੰਚਾਉਣ ਦਾ ਦੋਸ਼ ਲੱਗਿਆ ਹੈ| ਇੰਦਰਾਣੀ ਦੇ ਖਿਲਾਫ ਐਫ.ਆਈ.ਆਰ. ਦਰਜ ਕਰਕੇ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ| ਦੱਸਿਆ ਜਾ ਰਿਹਾ ਹੈ ਕਿ ਇੰਦਰਾਣੀ ਅਤੇ ਹੋਰ ਕੈਦੀ 45 ਸਾਲਾ ਮੰਜੁਰਾ ਦੀ ਮੌਤ ਦਾ ਵਿਰੋਧ ਕਰ ਰਹੇ ਸੀ| ਪੁਲੀਸ ਵੱਲੋਂ ਜ਼ਿਆਦਾ ਕੁੱਟੇ ਜਾਣ ਦੇ ਕਾਰਨ ਮੰਜੁਰਾ ਦੀ ਪਿਛਲੇ ਹਫਤੇ ਮੌਤ ਹੋ ਗਈ ਸੀ| ਹਾਲਾਂਕਿ ਜੇਲ ਦੇ ਅਧਿਕਾਰੀਆਂ ਦੇ ਮੁਤਾਬਕ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ| ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੇ ਸਿਰ ਤੇ ਕਈ ਜ਼ਖਮ ਸੀ ਅਤੇ ਉਸ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਸੀ| ਪੋਸਟਮਾਰਟਮ ਰਿਪੋਰਟ ਦੇ ਬਾਅਦ ਬਾਈਕੁਲਾ ਜੇਲ ਦੀ ਸੁਪਰੀਡੈਂਟ ਮਨੀਸ਼ਾ ਪੋਖਰਕਰ ਅਤੇ 5 ਗਾਰਡਸ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ|
ਇੰਦਰਾਣੀ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਅਤੇ ਸਾਬਕਾ ਪਤੀ ਸੰਜੈ ਖੰਨਾ ਇੰਦਰਾਣੀ ਦੀ ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਦੋਸ਼ ਵਿੱਚ ਜੁਡੀਸ਼ੀਅਲ ਰਿਮਾਂਡ ਤੇ ਹੈ| ਇੰਦਰਾਣੀ ਨੇ ਕਈ ਸਾਲਾਂ ਤੱਕ ਦੁਨੀਆ ਤੋਂ ਇਹ ਗੱਲ ਲੁਕਾ ਕੇ ਰੱਖੀ ਸੀ ਕਿ ਸ਼ੀਨਾ ਉਨ੍ਹਾਂ ਦੀ ਧੀ ਹੈ, ਉਹ ਸ਼ੀਨਾ ਨੂੰ ਆਪਣੀ ਭੈਣ ਦੱਸਦੀ ਸੀ| ਸ਼ੀਨਾ ਦੀ ਹੱਤਿਆ 24 ਅਪ੍ਰੈਲ 2012 ਨੂੰ ਹੋ ਗਈ ਸੀ, ਪਰ ਮਾਮਲੇ ਦਾ ਖੁਲਾਸਾ 2015 ਵਿੱਚ ਹੋਇਆ, ਜਦੋਂ ਇੰਦਰਾਣੀ ਦੇ ਡਰਾਇਵਰ ਸ਼ਾਮਵਰ ਰਾਏ ਨੂੰ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ| ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਇੰਦਰਾਣੀ ਨੇ ਮਹਿਲਾ ਕੈਦੀਆਂ ਨੂੰ ਹਿੰਸਕ ਪ੍ਰਦਰਸ਼ਨ ਦੇ ਲਈ ਉਕਸਾਇਆ ਅਤੇ ਬੱਚਿਆਂ ਨੂੰ ਮਾਨਵ ਢਾਲ ਦੇ ਤੌਰ ਤੇ ਇਸਤੇਮਾਲ ਕਰਨ ਨੂੰ ਕਿਹਾ| ਜ਼ਿਕਰਯੋਗ ਹੈ ਕਿ ਬਾਈਕੁਲਾ ਜੇਲ ਵਿੱਚ ਮਹਿਲਾ ਕੈਦੀਆਂ ਨੂੰ ਆਪਣੇ 6 ਸਾਲ ਦੇ ਬੱਚਿਆਂ ਨੂੰ ਆਪਣੇ ਨਾਲ ਰੱਖਣ ਦੀ ਇਜਾਜ਼ਤ ਹੈ|

Leave a Reply

Your email address will not be published. Required fields are marked *