ਜੇ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਵਾਹਨ ਖੜੇ ਕਰਨ ਲਈ ਮਾਰਕਿੰਗ ਨਾ ਕੀਤੀ ਤਾਂ ਨਿਗਮ ਦਫਤਰ ਅੱਗੇ ਧਰਨਾ ਦੇਣਗੇ ਦੁਕਾਨਦਾਰ : ਜੇ ਪੀ ਸਿੰਘ

ਐਸ ਏ ਐਸ ਨਗਰ, 21 ਮਾਰਚ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੀ ਇੱਕ ਮੀਟਿੰਗ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਜੇ ਨਗਰ ਨਿਗਮ ਨੇ 15 ਦਿਨਾਂ ਦੇ ਵਿੱਚ ਵਿੱਚ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਮਾਰਕਿੰਗ ਨਾ ਕੀਤੀ ਤਾਂ ਨਿਗਮ ਦਫਤਰ ਅੱਗੇ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਵਲੋਂ ਧਰਨਾ ਦਿੱਤਾ ਜਾਵੇਗਾ|
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜੇ ਪੀ ਸਿੰਘ ਨੇ ਕਿਹਾ ਕਿ ਰਾਤ ਸਮੇਂ ਕਈ ਵਿਅਕਤੀ ਮਾਰਕੀਟ ਦੇ ਪਿਛਲੇ ਪਾਸੇ ਜਨਤਕ ਥਾਵਾਂ ਉੱਪਰ ਬੈਠ ਕੇ ਸ਼ਰਾਬ ਪੀਂਦੇ ਰਹਿੰਦੇ ਹਨ ਅਤੇ ਕਈ ਵਾਰ ਲਲਕਾਰੇ ਵੀ ਮਾਰਦੇ ਹਨ| ਉਹਨਾਂ ਇਲਜਾਮ ਲਗਾਇਆ ਕਿ ਮਾਰਕੀਟ ਵਿੱਚ ਭਾਵੇਂ ਪੀ ਸੀ ਆਰ ਦੀ ਗੱਡੀ ਵੀ ਹੁੰਦੀ ਹੈ ਪਰ ਪੀ ਸੀ ਆਰ ਮੁਲਾਜਮ ਇਸ ਗੱਡੀ ਵਿੱਚ ਆਰਾਮ ਕਰ ਰਹੇ ਹੁੰਦੇ ਹਨ ਅਤੇ ਇਹ ਪੁਲੀਸ ਮੁਲਾਜਮ ਇਹਨਾਂ ਦਾਰੂ ਪੀਣ ਵਾਲਿਆਂ ਨੂੰ ਕੁਝ ਨਹੀਂ ਕਹਿੰਦੇ|
ਉਹਨਾਂ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਲੰਮੇ ਸਮੇਂ ਤੋਂ ਨਗਰ ਨਿਗਮ ਮੁਹਾਲੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਮਾਰਕਿੰਗ ਕੀਤੀ ਜਾਵੇ ਪਰ ਨਗਰ ਨਿਗਮ ਵਲੋਂ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ| ਜਿਸ ਕਾਰਨ ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕ ਆਪਣੀ ਮਰਜੀ ਨਾਲ ਹੀ ਇੱਧਰ ਉੱਧਰ ਵਾਹਨ ਖੜੇ ਕਰ ਦਿੰਦੇ ਹਨ| ਉਹਨਾਂ ਚਿਤਾਵਨੀ ਦਿੱਤੀ ਕਿ ਜੇ 15 ਦਿਨਾ ਦੇ ਵਿੱਚ ਨਗਰ ਨਿਗਮ ਨੇ ਇਥੇ ਵਾਹਨ ਖੜੇ ਕਰਨ ਲਈ ਮਾਰਕਿੰਗ ਨਾ ਕੀਤੀ ਤਾਂ ਨਗਰ ਨਿਗਮ ਦੇ ਦਫਤਰ ਅੱਗੇ ਦੁਕਾਨਦਾਰਾਂ ਵਲੋਂ ਧਰਨਾ ਦਿੱਤਾ ਜਾਵੇਗਾ|
ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਸਫਾਈ ਦੀ ਵੀ ਘਾਟ ਹੈ, ਕਈ ਡਸਟਬਿਨ ਵੀ ਗਾਇਬ ਹੋ ਚੁੱਕੇ ਹਨ| ਇਸ ਮਾਰਕੀਟ ਦੇ ਰੁੱਖਾਂ ਦੀ ਕਾਫੀ ਸਮੇਂ ਤੋਂ ਛੰਗਾਈ ਨਹੀਂ ਕੀਤੀ ਗਈ, ਨਵੇਂ ਪੌਦੇ ਵੀ ਨਹੀਂ ਲਗਾਏ ਗਏ, ਗਰੀਨ ਬੈਲਟ ਦੀ ਵੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਜਨਤਕ ਸੌਚਾਲਿਆ ਹੋਣ ਦੇ ਬਾਵਜੂਦ ਕਈ ਵਿਅਕਤੀ ਦੀਵਾਰਾਂ ਨਾਲ ਹੀ ਪਿਸ਼ਾਬ ਕਰਨ ਲੱਗ ਜਾਂਦੇ ਹਨ ਜੇ ਉਹਨਾਂ ਨੂੰ ਕੋਈ ਰੋਕੇ ਤਾਂ ਉਹ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ|
ਮਾਰਕੀਟ ਦੀ ਪਾਰਕਿੰਗ ਵਿੱਚ ਖੜਦੀਆਂ ਨਾਜਾਇਜ ਟੈਕਸੀਆਂ ਦਾ ਮਾਮਲਾ ਉਠਾਉਂਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਕੋਈ ਵੀ ਟੈਕਸੀ ਸਟੈਂਡ ਨਹੀਂ ਹੈ, ਪਰ ਫਿਰ ਵੀ ਵੱਡੀ ਗਿਣਤੀ ਟੈਕਸੀਆਂ ਵਾਲੇ ਇਥੇ ਆਪਣੀਆਂ ਟੈਕਸੀਆਂ ਅਤੇ ਮਿੰਨੀ ਬੱਸਾਂ ਲਗਾ ਕੇ ਖੜੇ ਰਹਿੰਦੇ ਹਨ| ਇਹ ਡ੍ਰਾਈਵਰ ਖੁਲ੍ਹੇ ਵਿੱਚ ਸਾਰਿਆਂ ਦੇ ਸਾਹਮਣੇ ਨਹਾਉਂਦੇ ਹਨ, ਜਿਸ ਕਾਰਨ ਇਥੋਂ ਲੰਘਣ ਵਾਲੀਆਂ ਔਰਤਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਤੋਂ ਇਲਾਵਾ ਇਹਨਾਂ ਟੈਕਸੀਆਂ ਵਿੱਚ ਰਾਤ ਸਮੇਂ ਕਈ ਗਲਤ ਕੰਮ ਵੀ ਹੁੰਦੇ ਹਨ| ਜੇ ਕੋਈ ਇਹਨਾਂ ਨੂੰ ਰੋਕੇ ਤਾਂ ਇਹ ਝਗੜਾ ਕਰਦੇ ਰਹਿੰਦੇ ਹਨ|
ਉਹਨਾਂ ਕਿਹਾ ਕਿ ਕਾਨੂੰਨੀ ਤੌਰ ਤੇ ਪੋਸਟਰ ਲਗਾਉਣ ਦੀ ਮਨਾਹੀ ਹੋਣ ਦੇ ਬਾਵਜੂਦ ਇਸ ਮਾਰਕੀਟ ਵਿੱਚ ਅਕਸਰ ਅਣਪਛਾਤੇ ਵਿਅਕਤੀ ਆਪਣੇ ਪੋਸਟਰ ਲਗਾ ਜਾਂਦੇ ਹਨ, ਜਿਸ ਕਾਰਨ ਦੁਕਾਨਾਂ ਦਾ ਰੰਗ ਰੋਗਣ ਖਰਾਬ ਹੋ ਜਾਂਦਾ ਹੈ| ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਜਾ ਚੁਕੀ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ|
ਇਸ ਮੀਟਿੰਗ ਵਿੱਚ ਦੁਕਾਨਦਾਰਾਂ ਵਲੋਂ ਮੰਗਤਿਆਂ ਦੀ ਭਰਮਾਰ ਦਾ ਮੁੱਦਾ ਵੀ ਚੁੱਕਿਆ ਗਿਆ, ਜਿਸ ਬਾਰੇ ਬੋਲਦਿਆਂ ਜੇ ਪੀ ਸਿੰਘ ਨੇ ਕਿਹਾ ਕਿ ਇਹਨਾਂ ਮੰਗਤਿਆਂ ਵਿੱਚ ਬੱਚਿਆਂ ਦੀ ਵੀ ਭਰਮਾਰ ਹੁੰਦੀ ਹੈ, ਜਿਸ ਕਾਰਨ ਦੁਕਾਨਦਾਰਾਂ ਤੇ ਮਾਰਕੀਟ ਵਿੱਚ ਆਏ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ|
ਉਹਨਾ ਕਿਹਾ ਕਿ ਚਾਹ ਵੇਚਣ ਦੇ ਬਹਾਨੇ ਇਸ ਮਾਰਕੀਟ ਵਿੱਚ ਕੁਝ ਲੋਕਾਂ ਵਲੋਂ ਬੀੜੀ ਸਿਗਰਟ ਅਤੇ ਹੋਰ ਨਸ਼ੇ ਵੀ ਵੇਚੇ ਜਾ ਰਹੇ ਹਨ ਅਤੇ ਇਹਨਾਂ ਚਾਹ ਵਾਲਿਆਂ ਕੋਲ ਹਰ ਵੇਲੇ ਹੀ ਸ਼ੱਕੀ ਕਿਸਮ ਦੇ ਵਿਅਕਤੀ ਝੁਰਮਟ ਪਾਈ ਰੱਖਦੇ ਹਨ|
ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਵਿੱਚ ਟੁੱਟੇ ਫੁਟਪਾਥ ਅਤੇ ਰੇਲਿੰਗ ਠੀਕ ਕੀਤੀ ਜਾਵੇ, ਵਾਹਨ ਖੜੇ ਕਰਨ ਲਈ ਮਾਰਕਿੰਗ ਕੀਤੀ ਜਾਵੇ, ਗਰੀਨ ਬੈਲਟ ਦੀ ਸੰਭਾਲ ਕੀਤੀ ਜਾਵੇ, ਪੁਲੀਸ ਦੀ ਗਸ਼ਤ ਵਧਾਈ ਜਾਵੇ|
ਇਸ ਮੌਕੇ ਔਸੋਸੀਏਸ਼ਨ ਦੇ ਸਕੱਤਰ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਅਸ਼ੋਕ ਬੰਸਲ, ਸੁਰਿੰਦਰ ਸਿੰਘ, ਜਤਿੰਦਰ ਸਿੰਘ ਢੀਂਗਰਾ, ਵਰਿੰਦਰ ਸਿੰਘ ਰਿੰਕੂ, ਸਤਿੰਦਰ ਸਿੰਘ, ਅਭਿਸ਼ਾਨਤ, ਜਗਦੀਸ਼ ਕੁਮਾਰ, ਦਪਿੰਦਰ ਸਿੰਘ ਮੱਕੜ, ਸ਼ੁਸ਼ਾਂਤ ਗੁਲਾਟੀ, ਮੈਡਮ ਨਮਰਤਾ, ਸੁਰਿੰਦਰ ਮਿੱਤਲ, ਚਿਰਾਗ ਉਬਰਾਏ, ਡਾ ਵਿਵੇਕ ਸੂਦ, ਚਰਨਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *