ਜੋਹਨ ਬੋਲਟਨ ਹੋਣਗੇ ਟਰੰਪ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ

ਵਾਸ਼ਿੰਗਟਨ, 23 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ ਤੇ ਜੋਹਨ ਆਰ ਬੋਲਟਨ ਨੂੰ ਨਿਯੁਕਤ ਕੀਤਾ ਗਿਆ ਹੈ| ਉਹ 9 ਅਪ੍ਰੈਲ ਤੋਂ ਇਹ ਅਹੁਦਾ ਸੰਭਾਲਣਗੇ| ਬੋਲਟਨ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਰਾਜਦੂਤ ਰਹਿ ਚੁੱਕੇ ਹਨ| ਉਨ੍ਹਾਂ ਨੇ ਲੈਫਟੀਨੈਂਟ ਜਨਰਲ ਐਚ.ਆਰ ਮੈਕਮਾਸਟਰ ਦੀ ਜਗ੍ਹਾ ਲਈ ਹੈ|
ਮੈਕਮਾਸਟਰ ਨੂੰ ਹਟਾਏ ਜਾਣ ਦੀਆਂ ਖਬਰਾਂ ਪਿਛਲੇ ਹਫਤੇ ਹੀ ਆਈਆਂ ਸਨ ਪਰ ਵ੍ਹਾਈਟ ਹਾਊਸ ਨੇ ਇਨ੍ਹਾਂ ਖਬਰਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐਨ.ਐਸ.ਸੀ) ਵਿਚ ਕਿਸੇ ਤਰ੍ਹਾਂ ਦੇ ਬਦਲਾਅ ਨਹੀਂ ਕੀਤੇ ਗਏ ਹਨ ਪਰ ਟਰੰਪ ਨੇ ਟਵਿਟਰ ਤੇ ਅੱਜ ਇਸ ਸਬੰਧ ਵਿਚ ਘੋਸ਼ਣਾ ਕੀਤੀ| ਟਰੰਪ ਦੇ ਜਨਵਰੀ 2017 ਵਿਚ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ ਤੋਂ ਵ੍ਹਾਈਟ ਹਾਊਸ ਦੇ ਕਈ ਵੱਡੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਹੈ| ਅੱਜ ਦੀ ਇਸ ਘੋਸ਼ਣਾ ਤੋਂ ਬਾਅਦ ਮੈਕਮਾਸਟਰ ਦਾ ਨਾਂ ਵੀ ਇਸ ਕੜੀ ਵਿਚ ਸ਼ਾਮਲ ਹੋ ਗਿਆ| ਹਾਲਾਂਕਿ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਮੈਕਮਾਸਟਰ ਅਤੇ ਟਰੰਪ ਵਿਚਕਾਰ ਚੰਗੇ ਕੰਮਕਾਜੀ ਸਬੰਧ ਸਨ| ਟਰੰਪ ਨੇ ਟਵਿਟਰ ਤੇ ਕਿਹਾ, ‘ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ 9 ਅਪ੍ਰੈਲ, 2018 ਤੋਂ ਜੋਹਨ ਬੋਲਟਨ ਮੇਰੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੋਣਗੇ|’ ਟਰੰਪ ਨੇ ਕਿਹਾ ਕਿ ਮੈਂ ਜਨਰਲ ਐਚ. ਆਰ ਮੈਕਮਾਸਟਰ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਬਿਹਤਰੀਨ ਢੰਗ ਨਾਲ ਕੰਮ ਕੀਤਾ ਅਤੇ ਉਹ ਹਮੇਸ਼ਾ ਮੇਰੇ ਦੋਸਤ ਰਹਿਣਗੇ| ਅਧਿਕਾਰਤ ਤੌਰ ਤੇ 9 ਅਪ੍ਰੈਲ ਨੂੰ ਉਹ ਆਪਣਾ ਚਾਰਜ ਸੌਂਪਣਗੇ|
ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਕ ਟਰੰਪ ਅਤੇ ਮੈਕਮਾਸਟਰ ਨੇ ਆਪਸੀ ਸਹਿਮਤੀ ਨਾਲ ਤੈਅ ਕੀਤਾ ਕਿ ਮੈਕਮਾਸਟਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇਣਗੇ| ਉਹ ਅਮਰੀਕੀ ਫੌਜ ਵਿਚ 34 ਸਾਲ ਤੱਕ ਅਸਾਧਾਰਨ ਸੇਵਾ ਦੇਣ ਤੋਂ ਬਾਅਦ ਸੇਵਾ-ਮੁਕਤ ਹੋ ਰਹੇ ਹਨ|
ਵ੍ਹਾਈਟ ਹਾਊਸ ਨੇ ਬੋਲਟਨ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕਈ ਮੁੱਦਿਆਂ ਅਤੇ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਮਾਹਰ ਦੱਸਿਆ| ਬੋਲਟਨ ਸਾਲ 2005-2006 ਵਿਚ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਸਥਾਈ ਪ੍ਰਤੀਨਿਧੀ ਰਹੇ ਸਨ| ਨਾਲ ਹੀ ਸਾਲ 2001 ਤੋਂ ਸਾਲ 2005 ਤੱਕ ਹਥਿਆਰ ਕੰਟਰੋਲ ਅਤੇ ਕੌਮਾਂਤਰੀ ਸੁਰੱਖਿਆ ਲਈ ਵਿਦੇਸ਼ ਸੱਕਤਰ ਰਹੇ|

Leave a Reply

Your email address will not be published. Required fields are marked *