ਜੰਗਲਾਤ ਵਰਕਰਾਂ ਨੇ ਪਟਿਆਲਾ ਵਿੱਚ ਰੈਲੀ ਕੀਤੀ, ਰੋਸ ਮਾਰਚ ਕੱਢਿਆ


ਪਟਿਆਲਾ,12 ਦਸੰਬਰ (ਬਿੰਦੂ ਸ਼ਰਮਾ) ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਦੀਆਂ ਵੱਖ- ਵੱਖ ਰੇਂਜਾਂ ਵਿੱਚੋਂ ਪਹੁੰਚੇ ਜੰਗਲਾਤ ਵਰਕਰਾਂ ਵੱਲੋਂ ਰਛਪਾਲ ਸਿੰਘ ਜੋਧਾਨਗਰੀ ਅਤੇ ਬਲਬੀਰ ਸਿੰਘ ਸਿਵੀਆਂ ਦੀ ਅਗਵਾਈ ਹੇਠ ਇੱਥੇ ਬਾਰਾਦਰੀ ਪਾਰਕ ਵਿਖੇ ਰੈਲੀ ਕੀਤੀ ਗਈ ਅਤੇ ਮੋਤੀ ਮਹਿਲ ਵੱਲ ਵਾਈ.ਪੀ.ਐਸ. ਚੌਂਕ ਤੱਕ ਮੁਜ਼ਾਹਰਾ ਕੀਤਾ ਗਿਆ| 
ਰੈਲੀ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿਵੀਆਂ, ਬਲਕਾਰ ਸਿੰਘ ਭੱਖੜਾ, ਬਲਬੀਰ ਸਿੰਘ ਗਿੱਲਾਂਵਾਲਾ, ਨਿਰਮਲ ਸਿੰਘ ਗੁਰਦਾਸਪੁਰ ਅਤੇ ਡੀ. ਐਮ. ਐਫ. ਦੇ ਆਗੂ ਹਰਦੀਪ ਸਿੰਘ ਟੋਡਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2011 ਅਤੇ 2016 ਵਿੱਚ ਕੱਚੇ ਵਰਕਰਾਂ ਨੂੰ ਪੱਕਾ ਕਰਨ ਦੇ ਦੋ-ਦੋ ਨੋਟੀਫਿਕੇਸ਼ਨ ਕਰਨ ਦੇ ਬਾਵਜ਼ੂਦ ਵੀ ਜੰਗਲਾਤ ਵਿਭਾਗ ਵਿੱਚ 25-25 ਸਾਲਾਂ ਤੋਂ ਕੰਮ ਕਰ ਰਹੇ ਵਰਕਰ ਪੱਕੇ ਨਹੀਂ ਕੀਤੇ ਗਏ| ਇਸ ਦੌਰਾਨ ਜਿੱਥੇ ਅਨੇਕਾਂ ਵਰਕਰ ਓਵਰਏਜ ਹੋ ਗਏ ਹਨ ਉੱਥੇ ਅਨੇਕਾਂ ਵਰਕਰ ਇਸ ਜਹਾਨ ਤੋਂ ਕੂਚ ਕਰ ਗਏ ਹਨ| ਉਹਨਾਂ ਕਿਹਾ  ਕਿ ਜੰਗਲਾਤ ਵਿਭਾਗ ਵੱਲੋਂ ਕਈ ਡਵੀਜ਼ਨਾਂ ਵਿੱਚ ਵਰਕਰਾਂ ਦੇ ਮਸਟਰੋਲਾਂ ਦੇ ਪੁਰਾਣੇ ਰਿਕਾਰਡ ਨੂੰ ਸਾੜ ਦਿੱਤਾ ਗਿਆ ਸੀ, ਜਿਸ ਦਾ ਖਮਿਆਜਾ ਵਰਕਰਾਂ ਨੂੰ ਭੁਗਤਣਾ ਪਿਆ ਹੈ, ਕਿਉਂਕਿ ਰਿਕਾਰਡ ਨਾ ਹੋਣ ਕਾਰਨ ਉਹਨਾਂ  ਦੇ ਨਾਮ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਇਸੇ ਕਾਰਨ ਉਹ ਪੱਕੇ ਹੋਣ ਤੋਂ ਵੀ ਖੁੰਝ ਗਏ| ਉਹਨਾਂ ਕਿਹਾ ਕਿ ਇਸ ਸੰਬੰਧੀ ਵਾਰ ਵਾਰ ਮਗ ਕਰਨ ਦੇ ਬਾਵਜੂਦ ਪੰਜਾਬ  ਸਰਕਾਰ ਵੱਲੋਂ ਕੱਚੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ|
ਰੈਲੀ ਨੂੰ ਸੰਬੋਧਨ ਕਰਦਿਆ ਗੁਰਦੀਪ ਸਿੰਘ ਕਲੇਰ, ਜਗਸੀਰ ਸਿੰਘ ਮੁਕਤਸਰ, ਹਰਜੀਤ ਕੌਰ ਸਮਰਾਲਾ, ਗੁਰਪ੍ਰੀਤ ਸਿੰਘ ਮੋਗਾ, ਹਰਿੰਦਰ ਕੁਮਾਰ ਐਮਾਂ, ਜਗਦੀਸ ਸਿੰਘ ਫਾਜ਼ਿਲਕਾ, ਸ਼ਿੰਦਰ ਫਲੀਆਂਵਾਲਾ ਅਤੇ ਡੀ.ਐਮ.ਐਫ. ਦੇ ਆਗੂ ਗੁਰਜੀਤ ਸਿੰਘ ਘੱਗਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦੋ ਸਾਲ ਪਹਿਲਾਂ ਬਣਾਈ ਗਈ ‘ਮੁਲਾਜ਼ਮ ਭਲਾਈ ਕੈਬਨਿਟ ਸਬ ਕਮੇਟੀ’ ਦੁਆਰਾ ਕੱਚੇ/ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਤਿਆਰ ਕੀਤੀ ਗਈ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ ਅਤੇ ਮੁਲਾਜਮਾਂ ਦੀਆਂ ਮੰਗਾਂ ਮੰਨੀਆਂ ਜਾਣ| 
ਇਸ ਮੌਕੇ ਦੀਵਾਨ ਸਿੰਘ ਖਡੂਰ ਸਾਹਿਬ, ਰਾਮ ਸਿੰਘ ਮੋਗਾ, ਰਾਮ ਸਿੰਘ ਲੰਗੇਆਣਾ, ਬਲਵਿੰਦਰ ਸਿੰਘ ਗੰਡੀਵਿੰਡ, ਦਵਿੰਦਰ ਸਿੰਘ ਕਾਦੀਆਂ, ਬਲਜੀਤ ਸਿੰਘ ਦੋਰਾਹਾ, ਰਾਮ ਕੁਮਾਰ ਅਬੋਹਰ, ਗੁਰਮੇਲ ਸਿੰਘ ਪੱਟੀ, ਕੁਲਦੀਪ ਲਾਲ ਮੱਤੇਵਾੜਾ, ਬਲਜੀਤ ਸਿੰਘ ਦੋਰਾਹਾ, ਜਰਨੈਲ ਸਿੰਘ ਗੁਰਦਾਸਪੁਰ, ਮਿੰਟੂ ਖ਼ੈਰਦੀ, ਅਸ਼ਵਨੀ ਅਲੀਵਾਲ, ਜਤਿੰਦਰ ਸਿੰਘ ਮਲੋਟ, ਸੇਵਕ ਸਿੰਘ ਸਿਵੀਆਂ, ਪੂਰਨ ਸਿੰਘ ਫਾਜ਼ਿਲਕਾ, ਹਜ਼ਾਰਾ ਸਿੰਘ ਲੁਧਿਆਣਾ,ਰਾਜਕੁਮਾਰ ਲੁਧਿਆਣਾ,ਅਮਰੀਕ ਸਿੰਘ ਲੁਧਿਆਣਾ ਅਤੇ ਡੀ.ਐਮ.ਐਫ. ਵੱਲੋਂ ਵਿਕਰਮਜੀਤ ਰਾਜਪੁਰਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *