ਜੰਗਲਾਤ ਵਿਭਾਗ ਨੇ ਆਯੂਰਵੈਦਿਕ ਡਿਸਪੈਂਸਰੀਆਂ ਵਿੱਚ ਲਾਉਣ ਲਈ ਵੰਡੇ ਬੂਟੇ

ਐਸ.ਏ.ਐਸ. ਨਗਰ, 6 ਸਤੰਬਰ (ਸ.ਬ.) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ੁਰੂ ਕੀਤੀ ਗਈ ਘਰ-ਘਰ ਹਰਿਆਲੀ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਲੋਕ ਜੰਗਲਾਤ ਵਿਭਾਗ ਵੱਲੋਂ ਮੁਫਤ ਦਿੱਤੇ ਜਾ ਰਹੇ ਬੂਟੇ ਹਾਸਿਲ ਕਰ ਕੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾ ਰਹੇ ਹਨ| ਇਹ ਜਾਣਕਾਰੀ ਦਿੰਦਿਆਂ ਵਣ ਮੰਡਲ ਅਫਸਰ ਗੁਰਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿੱਥੇ ਇਸ ਪੂਰੀ ਮੁਹਿੰਮ ਨੂੰ ਵੱਡੀ ਗਿਣਤੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਮੁਫਤ ਬੂਟੇ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਆਈ ਹਰਿਆਲੀ ਐਪ’ ਦੀ ਵਰਤੋਂ ਵੀ ਵੱਡੀ ਗਿਣਤੀ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ| ਇਸੇ ਮੁਹਿੰਮ ਤਹਿਤ ਜੰਗਲਾਤ ਵਿਭਾਗ ਵਲੋਂ ਆਯੂਰਵੈਦਿਕ ਡਿਸਪੈਂਸਰੀਆਂ ਵਿਚ ਲਾਉਣ ਲਈ 400 ਮੈਡੀਸਨਲ ਬੂਟੇ ਵੰਡੇ ਗਏ, ਜਿਨ੍ਹਾਂ ਵਿਚ ਹਰੜ, ਬਹੇੜਾ, ਅਰਜਨ, ਔਲਾ, ਤੁਲਸੀ ਅਤੇ ਸੁਹੰਜਣਾ ਦੇ ਬੂਟੇ ਸ਼ਮਿਲ ਸਨ| ਇਸ ਮੌਕੇ ਆਯੂਰਵੈਦਿਕ ਡਿਸਪੈਂਸਰੀਆਂ ਦੇ ਨੁਮਾਂਇੰਦਿਆਂ ਵਲੋਂ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਹਨਾਂ ਦੀ ਸੰਭਾਲ ਦਾ ਅਹਿਦ ਕੀਤਾ ਗਿਆ|
ਉਹਨਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਵਿਭਾਗ ਵਲੋਂ ਆਈ-ਹਰਿਆਲੀ ਐਪ ਦੀ ਸ਼ੁਰੂਆਤ ਕੀਤੀ ਗਈ ਹੈ| ਇਸ ਐਪ ਨੂੰ ਡਾਊਨਲੋਡ ਕਰਨਾ ਤੇ ਵਰਤਣਾ ਬਹੁਤ ਹੀ ਸੌਖਾ ਹੈ ਤੇ ਇਸ ਸਦਕਾ ਘਰ ਬੈਠੇ ਹੀ ਬੂਟੇ ਬੁੱਕ ਕੀਤੇ ਜਾ ਸਕਦੇ ਹਨ| ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਐਪ ਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਸੋਸ਼ਲ ਮੀਡੀਆ ਜ਼ਰੀਏ ਹੀ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਵੀ ਕਰ ਰਹੇ ਹਨ| ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਰਵਾਇਤੀ ਬੂਟੇ ਹੀ ਵੰਡੇ ਜਾ ਰਹੇ ਹਨ ਜੋ ਕਿ ਪੰਜਾਬ ਦੇ ਵਾਤਾਵਰਨ ਵਿੱਚ ਚੰਗੀ ਤਰ੍ਹਾਂ ਵਧਦੇ ਫੁਲਦੇ ਹਨ ਅਤੇ ਵਾਤਾਵਰਨ ਦੀ ਬਿਹਤਰੀ ਵਿੱਚ ਭਰਵਾਂ ਯੋਗਦਾਨ ਪਾਉਂਦੇ ਹਨ|

Leave a Reply

Your email address will not be published. Required fields are marked *