ਜੰਗਲੀ ਅੱਗ ਕਾਰਨ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਪ੍ਰਦੂਸ਼ਿਤ ਹੋਈ ਹਵਾ, ਅਲਰਟ ਜਾਰੀ

ਅਲਬਰਟਾ, 17 ਅਗਸਤ (ਸ.ਬ.) ਕੈਨੇਡਾ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਬਹੁਤ ਸਾਰੇ ਸ਼ਹਿਰਾਂ ਵਿੱਚ ਪ੍ਰਦੂਸ਼ਿਤ ਹਵਾ ਚੱਲ ਰਹੀ ਹੈ ਅਤੇ ਇਸ ਦਾ ਲੋਕਾਂ ਦੀ ਸਿਹਤ ਉਤੇ ਬੁਰਾ ਪ੍ਰਭਾਵ ਪੈ ਸਕਦਾ ਹੈ| ਬਹੁਤ ਸਾਰੇ ਲੋਕਾਂ ਨੇ ਤਾਂ ਚਿਹਰਿਆਂ ਤੇ ਮਾਸਕ ਪਹਿਨੇ ਹੋਏ ਹਨ ਪਰ ਕਈਆਂ ਨੇ ਅਜੇ ਅਜਿਹਾ ਨਹੀਂ ਕੀਤਾ| ਜੰਗਲੀ ਅੱਗ ਨੇ ਹਰ ਪਾਸੇ ਪ੍ਰਦੂਸ਼ਣ ਦੀ ਚਾਦਰ ਵਿਛਾ ਦਿੱਤੀ ਹੈ ਜਿਸ ਕਾਰਨ ਸੂਰਜ ਦਾ ਰੰਗ ਵੀ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ| ਬੀਤੀ ਸਵੇਰ ਨੂੰ ਇੰਝ ਲੱਗ ਰਿਹਾ ਸੀ ਜਿਵੇਂ ਧੁੰਦ ਕਾਰਨ ਆਲਾ-ਦੁਆਲਾ ਧੁੰਦਲਾ ਦਿਖਾਈ ਦੇ ਰਿਹਾ ਹੋਵੇ| ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਕਿਹਾ ਕਿ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਕਾਰਨ ਸਭ ਤੋਂ ਵਧ ਕੈਲਗਰੀ ਸ਼ਹਿਰ ਪ੍ਰਭਾਵਿਤ ਹੋਇਆ ਹੈ| ਅਲਬਰਟਾ ਵਿੱਚ ਪਹਿਲਾਂ ਹੀ ਲੋਕਾਂ ਨੂੰ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਬਹੁਤੇ ਲੋਕਾਂ ਨੇ ਮਾਸਕ ਪਹਿਨੇ ਹੋਏ ਹਨ|
ਫੇਫੜਿਆਂ ਦੇ ਡਾਕਟਰਾਂ ਨੇ ਦੱਸਿਆ ਕਿ ਸਾਹ ਰਾਹੀਂ ਜਦ ਇਹ ਪ੍ਰਦੂਸ਼ਿਤ ਹਵਾ ਕਿਸੇ ਵਿਅਕਤੀ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਗੰਭੀਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ| ਬ੍ਰਿਟਿਸ਼ ਕੋਲੰਬੀਆ ਵਿੱਚ ਪਿਛਲੇ ਦਿਨੀਂ ਕਈ ਵਾਰ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ ਸੀ ਅਤੇ ਹੁਣ ਤਕ 3000 ਤੋਂ ਵਧੇਰੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਹੁਕਮ ਦੇ ਦਿੱਤਾ ਗਿਆ ਹੈ| ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਅਸਥਮਾ ਨਾ ਹੋ ਜਾਵੇ, ਇਸ ਲਈ ਉਹ ਵਧੇਰੇ ਧਿਆਨ ਰੱਖ ਰਹੇ ਹਨ| ਡਾਕਟਰਾਂ ਨੇ ਸਲਾਹ ਦਿੱਤੀ ਕਿ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਅਜਿਹੇ ਵਾਤਾਵਰਨ ਤੋਂ ਬਚਣ ਦੀ ਜ਼ਰੂਰਤ ਹੈ ਅਤੇ ਜਿੰਨਾ ਹੋ ਸਕੇ ਉਹ ਘਰਾਂ ਵਿੱਚ ਰਹਿਣ ਅਤੇ ਮਾਸਕ ਦੀ ਵਰਤੋਂ ਕਰਨ|

Leave a Reply

Your email address will not be published. Required fields are marked *