ਜੰਗਲੀ ਜੀਵ ਸੁਰੱਖਿਆ ਅਤੇ ਤੇਂਦੁਏ ਨਾਲ ਹੁੰਦੇ ਮਨੁੱਖੀ ਮੁਕਾਬਲੇ
ਦੇਸ਼ ਵਿੱਚ ਗੁਲਦਾਰਾਂ (ਤੇਂਦੂਏ) ਦੀ ਗਿਣਤੀ ਵਿੱਚ ਚਾਰ ਸਾਲਾਂ ਦੌਰਾਨ 60 ਫ਼ੀਸਦੀ ਵਾਧਾ ਹੋਣ ਨਾਲ ਕੇਂਦਰ ਅਤੇ ਰਾਜਾਂ ਦੇ ਜੰਗਲ ਅਤੇ ਵਾਤਾਵਰਣ ਵਿਭਾਗ ਗਦਗਦ ਦਿਖ ਰਹੇ ਹਨ। ਬੇਸ਼ੱਕ ਵੱਡੀ ਬਿੱਲੀ ਪ੍ਰਜਾਤੀ ਦੇ ਬਾਘ ਜਾਂ ਗੁਲਦਾਰ ਵਰਗੇ ਮਾਂਸਾਹਾਰੀ ਜਾਨਵਰ ਤੰਦੁਰੁਸਤ ਜੰਗਲੀ ਜੀਵਨ ਅਤੇ ਚੰਗੇ ਵਾਤਾਵਰਣ ਦੇ ਸੰਕੇਤਕ ਹੁੰਦੇ ਹਨ, ਪਰ ਗੁਲਦਾਰਾਂ ਦੇ ਕੁਨਬੇ ਵਿੱਚ ਹੁੰਦਾ ਵਾਧਾ ਉਨ੍ਹਾਂ ਰਾਜਾਂ ਵਿੱਚ ਜੰਗਲਾਂ ਦੇ ਅੰਦਰ ਅਤੇ ਆਸਪਾਸ ਰਹਿਣ ਵਾਲੇ 27 ਕਰੋੜ ਲੋਕਾਂ ਲਈ ਖੁਸ਼ੀ ਦਾ ਨਹੀਂ, ਬਲਕਿ ਡਰ ਦਾ ਕਾਰਨ ਹੈ ਕਿਉਂਕਿ ਇਸ ਧਰਤੀ ਉੱਤੇ ਮਨੁੱਖੀ ਜੀਵਨ ਲਈ ਸਭਤੋਂ ਖਤਰਨਾਕ ਜੀਵ ਗੁਲਦਾਰ ਹੀ ਮੰਨਿਆ ਜਾਂਦਾ ਹੈ।
ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਗੁਲਦਾਰ ਜਾਂ ਤੇਂਦੁਏ ਦੀ ਗਿਣਤੀ 12,852 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸ ਤੋਂ ਪਹਿਲਾਂ 2014 ਵਿੱਚ ਹੋਈ ਗਣਨਾ ਦੇ ਅਨੁਸਾਰ 7,910 ਤੇਂਦੁਏ ਸਨ। ਗੁਲਦਾਰ ਹੋਰ ਮਾਸਾਹਾਰੀ ਜੀਵਾਂ ਦੀ ਤਰ੍ਹਾਂ ਜੰਗਲੀ ਜੀਵਨ ਦੇ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਜ਼ਰੂਰੀ ਹੈ। ਤ੍ਰਾਸਦੀ ਹੈ ਕਿ ਕੁਦਰਤ ਦਾ ਇਹ ਵਰਦਾਨ ਦੇਸ਼ ਦੀ 27 ਕਰੋੜ ਦੀ ਉਸ ਆਬਾਦੀ ਲਈ ਸਰਾਪ ਵੀ ਹੋ ਸਕਦਾ ਹੈ ਜੋ ਕਿ ਜੰਗਲਾਂ ਦੇ ਅੰਦਰ ਅਤੇ ਜੰਗਲਾਂ ਦੇ ਨੇੜਲੇ ਇਲਾਕੇ ਤੇ ਸਿੱਧੇ ਜਾਂ ਅਸਿੱਧੇ ਰੂਪ ਨਾਲ ਨਿਰਭਰ ਹੈ। ਇਨ੍ਹਾਂ ਦੇ ਲਈ ਇਹ ਗੁਲਦਾਰ ਯਮਦੂਤ ਬਣ ਕੇ ਪ੍ਰਗਟ ਹੋ ਜਾਂਦੇ ਹਨ। ਭਾਰਤ ਵਿੱਚ ਵੀ ਵੱਡੀ ਬਿੱਲੀ ਪ੍ਰਜਾਤੀ ਦੇ ਜਾਨਵਾਰਾਂ ਵਿੱਚ ਤੇਂਦੂਆ ਹੀ ਮਨੁੱਖਾਂ ਲਈ ਸਭ ਤੋਂ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।
ਭਾਰਤੀ ਜੰਗਲੀ ਜੀਵ ਸੰਸਥਾਨ ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਪੱਛਮ ਬੰਗਾਲ, ਉਤਰਾਖੰਡ, ਮਹਾਰਾਸ਼ਟਰ ਅਤੇ ਅਸਮ ਮਨੁੱਖਾਂ ਤੇ ਤੇਂਦੂਏ ਦੇ ਹਮਲੇ ਨਾਲ ਸਭਤੋਂ ਜਿਆਦਾ ਪ੍ਰਭਾਵਿਤ ਰਾਜ ਹਨ। ਇਹ ਜਾਨਵਰ ਸ਼ਿਕਾਰ ਲਈ ਉੱਚੇ ਉੱਚੇ ਦਰਖਤਾਂ ਉੱਤੇ ਚੜ੍ਹ ਜਾਂਦਾ ਹੈ। ਦਰਖਤਾਂ ਦੇ ਨਾਲ ਹੀ ਆਬਾਦੀ ਦੇ ਨੇੜੇ ਝਾੜੀਆਂ ਵਿੱਚ ਲੁੱਕਿਆ ਰਹਿੰਦਾ ਹੈ ਜਦੋਂਕਿ ਸ਼ੇਰ ਅਤੇ ਬਾਘ ਆਪਣੇ ਭਾਰ ਦੇ ਕਾਰਨ ਦਰਖਤ ਤੇ ਨਹੀਂ ਚੜ੍ਹ ਸਕਦੇ ਅਤੇ ਆਸਾਨੀ ਨਾਲ ਲੁਕ ਨਹੀਂ ਸਕਦੇ।
ਮਨੁੱਖ ਅਤੇ ਤੇਂਦੂਏ ਗੁਲਦਾਰ ਦੇ ਵਜੂਦ ਦਾ ਮੁਕਾਬਲਾ ਨਵਾਂ ਨਹੀਂ ਹੈ। ਲੋਕ ਜਿਮ ਕਾਰਬੈਟ ਨਾਮ ਦੇ ਸ਼ਿਕਾਰੀ ਨੂੰ ਭੁੱਲੇ ਨਹੀਂ ਹਨ। ਦਸੰਬਰ, 1910 ਵਿੱਚ ਉਤਰਾਖੰਡ ਦੇ ਚੰਪਾਵਤ ਜਿਲ੍ਹੇ ਦੀ ਪਨਾਰ ਘਾਟੀ ਖੇਤਰ ਵਿੱਚ 436 ਲੋਕਾਂ ਨੂੰ ਮਾਰ ਦੇਣ ਵਾਲੇ ਨਰਭਕਸ਼ੀ ਤੇਂਦੂਏ ਨੂੰ ਕਾਰਬੈਟ ਨੇ ਮਾਰਿਆ ਸੀ।
ਭਾਰਤ ਵਿੱਚ ਤੇਂਦੂਏ ਦੇ ਆਤੰਕ ਦੇ ਮਾਮਲੇ ਵਿੱਚ ਬਿਹਾਰ ਦਾ ਭਾਗਲਪੁਰ ਜਿਲ੍ਹਾ ਪਹਿਲੇ ਸਥਾਨ ਤੇ ਰਿਹਾ ਹੈ, ਜਿੱਥੇ 1959 ਤੋਂ 1962 ਤੱਕ ਤੇਂਦੂਏ ਦੇ ਹਮਲਿਆਂ ਵਿੱਚ ਲੱਗਭੱਗ 350 ਲੋਕ ਮਾਰੇ ਗਏ। ਉਤਰਾਖੰਡ ਦੂਜੇ ਨੰਬਰ ਤੇ ਹੈ, ਜਿੱਥੇ 2000 ਤੋਂ 2007 ਤੱਕ 239 ਲੋਕ ਤੇਂਦੂਏ ਗੁਲਦਾਰ ਦਾ ਸ਼ਿਕਾਰ ਬਣੇ। ਉਤਰਾਖੰਡ ਵਿੱਚ ਵੀ ਗੁਆਂਢੀ ਜਿਲ੍ਹਾ ਗੁਲਦਾਰ ਹਮਲਿਆਂ ਲਈ ਸਭਤੋਂ ਵੱਧ ਸੰਵੇਦਨਸ਼ੀਲ ਹੈ, ਜਿੱਥੇ 1988 ਤੋਂ 2000 ਤੱਕ ਗੁਲਦਾਰਾਂ ਵੱਲੋਂ 140 ਲੋਕ ਮਾਰੇ ਗਏ।
1918 ਤੋਂ 1926 ਤੱਕ ਪੂਰੇ ਗੜ੍ਹਵਾਲ ਡਿਵੀਜਨ ਵਿੱਚ 125 ਲੋਕਾਂ ਦੇ ਮਾਰੇ ਜਾਣ ਦਾ ਜਿਕਰ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਦਰਜ ਹੈ। ਆਬਾਦੀ ਵਿੱਚ ਵਾਧੇ ਅਤੇ ਰਹਿਣ ਲਈ ਜਗ੍ਹਾ ਦੀ ਕਮੀ ਕਾਰਨ ਮਨੁੱਖ ਅਤੇ ਜੰਗਲੀ ਜੀਵਾਂ ਵਿਚਾਲੇ ਹੋਣ ਵਾਲੇ ਮੁਕਾਬਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਵੱਧਦੇ ਜਾ ਰਹੇ ਹਨ। ਉਤਰਾਖੰਡ ਦੇ ਜੰਗਲਾਤ ਅਤੇ ਵਾਤਾਵਰਣ ਮੰਤਰੀ ਹਰਕ ਸਿੰਘ ਰਾਵਤ ਦੇ ਅਨੁਸਾਰ ਪ੍ਰਦੇਸ਼ ਵਿੱਚ ਮਨੁੱਖ ਅਤੇ ਜੰਗਲੀ ਜੀਵ ਮੁਕਾਬਲੇ ਵਿੱਚ ਔਸਤਨ 32 ਲੋਕ ਪ੍ਰਤੀ ਸਾਲ ਮਾਰੇ ਜਾਂਦੇ ਹਨ। ਇਹਨਾਂ ਵਿੱਚ ਵੀ ਸਭਤੋਂ ਜਿਆਦਾ ਲੋਕ ਤੇਂਦੂਏ ਦੇ ਸ਼ਿਕਾਰ ਹੁੰਦੇ ਹਨ। ਲਾਰਡ ਡਲਹੌਜੀ ਦੇ ‘ਚਾਰਟਰ ਆਫ ਇੰਡੀਅਨ ਫਾਰੈਸਟਸ -1855 ਅਤੇ ਉਸ ਤੋਂ ਬਾਅਦ 1864 ਵਿੱਚ ਇੰਪੀਰੀਅਲ ਫਾਰੈਸਟ ਡਿਪਾਰਟਮੈਂਟ ਦੀ ਸਥਾਪਨਾ ਤੋਂ ਪਹਿਲਾਂ ਅੰਗਰੇਜ਼ੀ ਸ਼ਾਸਨ ਦੀ ਜੰਗਲ ਜਾਂ ਜੰਗਲੀ ਜੀਵ ਸੁਰੱਖਿਆ ਦੇ ਪ੍ਰਤੀ ਯੋਜਨਾਬਧ ਨੀਤੀ ਨਹੀਂ ਸੀ। ਇਸ ਲਈ ਵਪਾਰਕ ਹਿਤਾਂ ਦੀ ਰੱਖਿਆ ਅਤੇ ਸਥਾਨਕ ਭਾਈਚਾਰੇ ਨੂੰ ਹਿੰਸਕ ਜੰਗਲੀ ਜੀਵਾਂ ਤੋਂ ਬਚਾਉਣ ਦੇ ਨਾਮ ਤੇ ਵੱਡੇ ਪੈਮਾਨੇ ਤੇ ਬਾਘ ਅਤੇ ਤੇਂਦੁਏ ਮਾਰ ਦਿੱਤੇ ਗਏ ਸਨ।
ਕੰਪਨੀ ਸਰਕਾਰ ਦੇ ਕਾਰਜਕਾਲ ਵਿੱਚ ਬਿ੍ਰਟਿਸ਼ ਅਫਸਰਾਂ ਵੱਲੋਂ ਜੰਗਲੀ ਜੀਵਾਂ ਦੇ ਸ਼ਿਕਾਰ ਲਈ ਗੇਮ ਪਰੰਪਰਾ ਵੀ ਸ਼ੁਰੂ ਕੀਤੀ ਗਈ। ‘ਦ ਹਿਸਟੋਰਿਕਲ ਜਰਨਲ ਵਿੱਚ ਪ੍ਰਕਾਸ਼ਿਤ ਵਿਜੇ ਰਾਮਦਾਸ ਮੰਡਲ ਦੇ ਸ਼ੋਧਪਤਰ ‘ਦ ਰਾਜ ਐਂਡ ਦ ਪੈਰਾਡਾਕਸ ਆਫ ਵਾਈਲਡ ਲਾਈਫ ਕੰਜਰਵੇਸ਼ਨ’ ਦੇ ਅਨੁਸਾਰ ਕੰਪਨੀ ਸਰਕਾਰ ਨੇ ਬੰਗਾਲ ਪ੍ਰੈਸੀਡੈਂਸੀ ਵਿੱਚ 1822 ਵਿੱਚ 38,483 ਰੁਪਏ ਖਰਚ ਕਰਕੇ ਜਨਤਾ ਨੂੰ ਬਚਾਉਣ ਲਈ 5,653 ਬਾਘ ਮਰਵਾਏ।
1875 ਵਿੱਚ ਮੇਜਰ ਟਵੀਡੀ ਨੇ ਆਪਣੇ ਨੋਟ ਵਿੱਚ ਕਿਹਾ ਸੀ ਕਿ ਹਰ ਸਾਲ ਸਰਕਾਰ ਤੋਂ ਇਨਾਮ ਪਾਉਣ ਲਈ ਬਿ੍ਰਟਿਸ਼ ਇੰਡੀਆ ਵਿੱਚ ਲਗਭਗ 20,000 ਬਾਘ ਅਤੇ ਗੁਲਦਾਰ ਵਰਗੇਹਿੰਸਕ ਜੀਵ ਮਰਵਾਏ ਜਾਂਦੇ ਹਨ। ਇੱਕ ਹੋਰ ਸ਼ੋਧ ਕਰਤਾ ਰੰਗਰਾਜਨ ਦੇ ਅਨੁਸਾਰ 1875 ਤੋਂ ਲੈ ਕੇ 1925 ਤੱਕ ਬਿ੍ਰਟਿਸ਼ ਰਾਜ ਵਿੱਚ ਜਨਜੀਵਨ ਨੂੰ ਬਚਾਉਣ ਲਈ 80 ਹਜਾਰ ਬਾਘ ਅਤੇ 1 ਲੱਖ ਤੇਂਦੂਏ ਮਾਰੇ ਗਏ। ਭਾਰਤ ਵਿੱਚ ਕੁਦਰਤੀ ਸੰਸਾਧਨਾਂ ਤੇ ਵੱਧ ਰਹੀ ਮਨੁੱਖੀ ਨਿਰਭਰਤਾ ਅਤੇ ਜੰਗਲੀ ਜੀਵ ਆਵਾਸਾਂ ਦੇ ਨਿਯਮਾਂ ਕਾਰਨ ਮਨੁੱਖ ਅਤੇ ਜੰਗਲੀ ਜੀਵਾਂ ਵਿਚਕਾਰ ਮੁਕਾਬਲੇ ਵਾਲੇ ਹਾਲਤ ਪੈਦਾ ਹੋਏ ਹਨ। ਵਾਤਾਵਰਣ ਸੁਰੱਖਿਆ ਵਿੱਚ ਜਨਤਾ ਦੀ ਭਾਗੀਦਾਰੀ ਵਧਾਉਣ ਲਈ ਅਜਿਹੀ ਕਾਰਜ-ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਣਾ ਚਾਹੀਦਾ ਹੈ ਜੋ ਸਥਾਨਕ ਲੋਕਾਂ ਦੀ ਆਰਥਿਕ ਨੁਕਸਾਨ ਦੀ ਪੂਰਤੀ ਕਰ ਸਕੇ ਤਾਂ ਕਿ ਮਨੁੱਖ ਅਤੇ ਜੰਗਲੀ ਜੀਵ ਨਾਲ-ਨਾਲ ਰਹਿ ਸਕਣ।
ਜਯਸਿੰਘ ਰਾਵਤ