ਜੰਮੂ-ਕਸ਼ਮੀਰ ਵਿੱਚ ਰਾਜਪਾਲ ਰਾਜ ਲਾਗੂ, ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਜੰਮੂ-ਕਸ਼ਮੀਰ, 20 ਜੂਨ (ਸ.ਬ.) ਜੰਮੂ ਕਸ਼ਮੀਰ ਵਿੱਚ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉੱਥੇ ਰਾਜਪਾਲ (ਗਵਰਨਰ) ਸ਼ਾਸਨ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ| ਭਾਜਪਾ ਦੇ ਪੀ. ਡੀ. ਪੀ ਨਾਲ ਗੱਠਜੋੜ ਤੋੜਨ ਮਗਰੋਂ ਇੱਥੇ ਨਵੀਂ ਸਰਕਾਰ ਦੇ ਗਠਨ ਦੀ ਸੰਭਾਵਨਾ ਨਜ਼ਰ ਨਾ ਆਉਣ ਦੌਰਾਨ ਇਹ ਫੈਸਲਾ ਲਿਆ ਗਿਆ ਹੈ| ਜੰਮੂ-ਕਸ਼ਮੀਰ ਵਿੱਚ ਪਿਛਲੇ 3 ਸਾਲ ਤੋਂ ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਚੱਲ ਰਹੀ ਦੋਸਤੀ ਕੱਲ੍ਹ ਟੁੱਟ ਗਈ ਸੀ ਅਤੇ ਭਾਜਪਾ ਨੇ ਮਹਿਬੂਬਾ ਮੁਫਤੀ ਸਰਕਾਰ ਨੂੰ ਦਿੱਤੀ ਆਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ ਸੀ| ਭਾਜਪਾ ਵਲੋਂ ਹਮਾਇਤ ਵਾਪਸ ਲੈਣ ਦੇ ਐਲਾਨ ਪਿੱਛੋਂ ਮੁੱਖ ਵਿਰੋਧੀ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਵੀ ਸਰਕਾਰ ਬਣਾਉਣ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ| ਇਸ ਪਿੱਛੋਂ ਸੂਬੇ ਵਿੱਚ ਰਾਜਪਾਲ ਦਾ ਰਾਜ ਲਾਗੂ ਹੋਣਾ ਯਕੀਨੀ ਹੋ ਗਿਆ ਸੀ|
ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਰਤ ਦੇ ਹੋਰ ਸੂਬਿਆਂ ਦੀ ਤਰ੍ਹਾਂ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਦਾ ਹੈ| ਭਾਰਤ ਦੇ ਹੋਰ ਸੂਬਿਆਂ ਵਿੱਚ ਸੂਬਾ ਸਰਕਾਰ ਦੇ ਅਸਫਲ ਰਹਿਣ ਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਹੈ ਪਰ ਜੰਮੂ-ਕਸ਼ਮੀਰ ਵਿੱਚ ਰਾਜਪਾਲ ਦਾ ਸ਼ਾਸਨ ਲਗਾਇਆ ਜਾਂਦਾ ਹੈ| ਜੰਮੂ-ਕਸ਼ਮੀਰ ਦੇ ਸੰਵਿਧਾਨ ਦੀ ਧਾਰਾ 92 ਤਹਿਤ ਸੂਬੇ ਵਿੱਚ 6 ਮਹੀਨੇ ਲਈ ਰਾਜਪਾਲ ਦਾ ਸ਼ਾਸਨ ਲਾਗੂ ਕੀਤਾ ਜਾ ਸਕਦਾ ਹੈ ਪਰ ਅਜਿਹਾ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਾਅਦ ਹੀ ਹੋ ਸਕਦਾ ਹੈ| ਭਾਰਤ ਦਾ ਸੰਵਿਧਾਨ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦਾ ਹੈ ਅਤੇ ਇਹ ਦੇਸ਼ ਦਾ ਇਕੋ-ਇਕ ਅਜਿਹਾ ਸੂਬਾ ਹੈ ਜਿਸ ਕੋਲ ਵੱਖਰਾ ਸੰਵਿਧਾਨ ਅਤੇ ਨਿਯਮ ਹਨ| ਦੇਸ਼ ਦੇ ਹੋਰ ਸੂਬਿਆਂ ਵਿੱਚ ਸੰਵਿਧਾਨ ਦੀ ਧਾਰਾ 356 ਤਹਿਤ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਂਦਾ ਹੈ| ਮੌਜੂਦਾ ਸਮੇਂ ਜੰਮੂ-ਕਸ਼ਮੀਰ ਦੇ ਰਾਜਪਾਲ ਐਨ. ਐਨ. ਵੋਹਰਾ ਹਨ|
ਇਸੇ ਦੌਰਾਨ ਜੰਮੂ ਕਸ਼ਮੀਰ ਵਿੱਚ ਰਾਜਪਾਲ ਸ਼ਾਸਨ ਲਾਗੂ ਹੋਣ ਤੋਂ ਬਾਅਦ ਆਰਮੀ ਚੀਫ ਜਨਰਲ ਵਿਪਿਨ ਰਾਵਤ ਨੇ ਕਿਹਾ ਹੈ ਕਿ ਰਾਜਪਾਲ ਸ਼ਾਸਨ ਲਾਗੂ ਹੋਣ ਨਾਲ ਸੈਨਾ ਦੇ ਕੰਮ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਅੱਤਵਾਦ ਖਿਲਾਫ ਆਪਰੇਸ਼ਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ| ਉਹਨਾਂ ਕਿਹਾ ਕਿ ਅਸੀਂ ਸਿਰਫ ਰਮਜ਼ਾਨ ਦੌਰਾਨ ਕਾਰਵਾਈ ਰੋਕੀ ਸੀ ਪਰ ਅਸੀਂ ਦੇਖਿਆ ਕਿ ਉਥੇ ਕੀ ਹੋਇਆ| ਰਾਜਪਾਲ ਸ਼ਾਸਨ ਸਾਡੇ ਆਪਰੇਸ਼ਨ ਨੂੰ ਪ੍ਰਭਾਵਿਤ ਨਹੀਂ ਕਰੇਗਾ| ਅਸੀਂ ਅੱਤਵਾਦ ਦੇ ਖਿਲਾਫ ਉਸ ਤਰ੍ਹਾਂ ਹੀ ਆਪਣੇ ਆਪਰੇਸ਼ਨ ਜਾਰੀ ਰੱਖਾਂਗੇ, ਜਿਸ ਤਰ੍ਹਾਂ ਪਹਿਲੇ ਕਰਦੇ ਆਏ ਹਾਂ| ਉਨ੍ਹਾਂ ਨੇ ਇਹ ਵੀ ਕਿਹਾ ਕਿ ਸੈਨਾ ਕਿਸੇ ਤਰ੍ਹਾਂ ਦੀ ਰਾਜਨੀਤਿਕ ਦਖ਼ਲਅੰਦਾਜ਼ੀ ਦਾ ਸਾਹਮਣਾ ਨਹੀਂ ਕਰਦੀ|

Leave a Reply

Your email address will not be published. Required fields are marked *