ਜੰਮੂ ਵਿੱਚ ਫੌਜ ਦੇ ਕੈਂਪ ਤੇ ਅੱਤਵਾਦੀਆਂ ਦਾ ਹਮਲਾ, 2 ਜਵਾਨ ਸ਼ਹੀਦ, ਜੇ.ਸੀ.ਓ. ਦੀ ਬੇਟੀ ਦੀ ਮੌਤ

ਜੰਮੂ ਵਿੱਚ ਫੌਜ ਦੇ ਕੈਂਪ ਤੇ ਅੱਤਵਾਦੀਆਂ ਦਾ ਹਮਲਾ, 2 ਜਵਾਨ ਸ਼ਹੀਦ, ਜੇ.ਸੀ.ਓ. ਦੀ ਬੇਟੀ ਦੀ ਮੌਤ
ਮੁਕਾਬਲਾ ਜਾਰੀ, ਪੈਰਾ-ਕਮਾਂਡੋਜ਼ ਨੇ ਅੱਤਵਾਦੀਆਂ ਨੂੰ ਘੇਰਿਆ
ਜੰਮੂ, 10 ਫਰਵਰੀ (ਸ.ਬ.) ਪਾਕਿਸਤਾਨ ਸਮਰਥਕ ਅੱਤਵਾਦੀਆਂ ਨੇ ਅੱਜ ਤੜਕੇ ਫੌਜ ਦੇ ਸੁੰਜਵਾਂ ਕੈਂਪ ਵਿੱਚ ਹਮਲਾ ਕਰ ਦਿੱਤਾ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 4-30 ਵਜੇ ਦੇ ਕਰੀਬ 4-5 ਹਥਿਆਰਬੰਦ ਅੱਤਵਾਦੀਆਂ ਨੇ ਫੌਜੀ ਕੈਂਪ ਦੇ ਰਿਹਾਇਸ਼ੀ ਕਵਾਟਰਾਂ ਵਾਲੇ ਪਾਸੇ ਪਹੁੰਚ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ| ਇਹ ਅੱਤਵਾਦੀ ਜੇ.ਸੀ.ਓ. ਕੁਆਟਰ ਵਿੱਚ ਵੀ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਦੇ ਸੰਜੁਵਾਨ ਆਰਮੀ ਕੈਂਪ ਵਿੱਚ ਅੱਜ ਤੜਕੇ ਅੱਤਵਾਦੀ ਗ੍ਰੇਨੇਡ ਸੁੱਟਦੇ ਹੋਏ ਅਤੇ ਗੋਲੀਬਾਰੀ ਕਰਦੇ ਹੋਏ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਜੇ ਸੀ ਓ ਕਵਾਟਰਾਂ ਵੱਲ ਦਾਖਿਲ ਹੋ ਗਏ| ਇਸ ਦੌਰਾਨ ਗੋਲਾਬਾਰੀ ਵਿੱਚ ਫੌਜ ਦੇ 2 ਜਵਾਨਾਂ ਅਤੇ ਇੱਕ ਜੇ ਸੀ ਓ ਦੀ ਬੇਟੀ ਦੀ ਗੋਲਾਬਾਰੀ ਕਾਰਨ ਮੌਤ ਹੋ ਗਈ|
ਅੱਤਵਾਦੀਆਂ ਦੇ ਹਮਲੇ ਦੇ ਤੁਰੰਤ ਬਾਅਦ ਫੌਜ ਵਲੋਂ ਇਸ ਪੂਰੇ ਖੇਤਰ ਨੂੰ ਸੀ ਕਰਕੇ ਅੱਤਵਾਦੀਆਂ ਦੀ ਘੇਰਾਬੰਦੀ ਕਰ ਲਈ ਗਈ ਅਤੇ ਦੋਵਾ ਪਾਸਿਆਂ ਤੋਂ ਆਹਮੋ ਸਾਮ੍ਹਣੇ ਗੋਲਾਬਾਰੀ ਆਰੰਭ ਹੋ ਗਈ| ਇਸ ਦੌਰਾਨ ਅੱਤਵਾਦੀਆਂ ਵਲੋਂ ਗੋਲਾਬਾਰੀ ਜਾਰੀ ਰੱਖੀ ਗਈ ਅਤੇ ਅੱਤਵਾਦੀਆਂ ਖਿਲਾਫ ਆਪਰੇਸ਼ਨ ਵਿੱਚ ਫੌਜ ਨਾਲ ਪੈਰਾ-ਕਮਾਂਡੋਜ਼ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ| ਹਮਲੇ ਤੋਂ ਤੁਰੰਤ ਬਾਅਦ ਉਧਮਪੁਰ ਤੋਂ ਆਈ.ਏ.ਐਫ. ਦੇ ਪੈਰਾ ਕਮਾਂਡੋਜ਼ ਨੂੰ ਜੰਮੂ ਏਅਰਲਿਫਟ ਕੀਤਾ ਗਿਆ| ਖਬਰ ਲਿਖੇ ਜਾਣ ਤਕ ਫੌਜ ਦਾ ਆਪਰੇਸ਼ਨ ਜਾਰੀ ਸੀ ਅਤੇ ਫੌਜ ਦੇ ਜਵਾਨ ਜੇ ਸੀ ਓ ਕਵਾਟਰਾਂ ਦੀ ਪੂਰੀ ਛਾਨਬੀਣ ਕਰ ਰਹੇ ਸਨ|
ਇਸ ਹਮਲੇ ਵਿੱਚ 2 ਜੇ.ਸੀ.ਓ. ਦੇ ਜਵਾਨ ਸ਼ਹੀਦ ਹੋ ਗਏ ਅਤੇ ਲਗਭਗ 6 ਹੋਰ ਜਵਾਨ ਜ਼ਖਮੀ ਦੱਸੇ ਜਾ ਰਹੇ ਹਨ| ਇਸ ਤੋਂ ਪਹਿਲਾਂ ਇਕ ਜੇ.ਸੀ.ਓ. ਦੀ ਬੇਟੀ ਦੀ ਵੀ ਮੌਤ ਹੋ ਗਈ ਹੈ| ਜ਼ਾਹਿਰ ਹੈ ਕਿ ਅੱਤਵਾਦੀ ਕੈਂਪ ਦੇ ਅੰਦਰ ਰਿਹਾਇਸ਼ੀ ਇਲਾਕਿਆਂ ਵਿੱਚ ਭਾਰੀ ਜਾਨਮਾਲ ਦੇ ਨੁਕਸਾਨ ਦੇ ਇਰਾਦੇ ਬਣਾ ਕੇ ਆਏ ਸਨ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖੁਫੀਆਂ ਰਿਪੋਰਟ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਸੂਚਿਤ ਕੀਤਾ ਗਿਆ ਸੀ| ਇਸ ਗੱਲ ਦੇ ਸਬੂਤ ਵੀ ਮਿਲੇ ਸਨ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੰਸਦ ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਪੰਜਵੀ ਬਰਸੀ ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ| ਜ਼ਿਕਰਯੋਗ ਹੈ ਕਿ ਅਫਜਲ ਗੁਰੂ ਨੂੰ 9 ਫਰਵਰੀ ਨੂੰ ਤਿਹਾੜ ਜੇਲ ਵਿੱਚ ਫਾਸੀ ਦਿੱਤੀ ਗਈ ਸੀ|
ਜੰਮੂ-ਪਠਾਨਕੋਟ ਨੈਸ਼ਨਲ ਹਾਈਵੇ ਤੇ ਅਲਰਟ: ਸੁੰਜਵਾਂ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਪਠਾਨਕੋਟ ਰਾਸ਼ਟਰੀ ਹਾਈਵੇ ਤੇ ਸੁਰੱਖਿਆ ਦੇ ਵੱਡੇ ਸਖ਼ਤ ਇੰਤਜ਼ਾਮ ਕਰ ਦਿੱਤੇ ਗਏ ਹਨ ਅਤੇ ਪੂਰੇ ਸੂਬੇ ਵਿੱਚ ਹਾਈ ਅਲਰਟ ਤੇ ਕੀਤਾ ਗਿਆ ਹੈ| ਇਸ ਦੌਰਾਨ ਅੰਤਰਰਾਸ਼ਟਰੀ ਸਰਹੱਦ ਨੂੰ ਵੀ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ| ਰਾਜਮਾਰਗ ਤੇ ਹਰ ਆਉਣ-ਜਾਣ ਵਾਲੀ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਕਿ ਸੁਰੱਖਿਆ ਪੂਰੀ ਤਰ੍ਹਾਂ ਨਾਲ ਪੁਖਤਾ ਕੀਤੀ ਜਾਵੇ|

Leave a Reply

Your email address will not be published. Required fields are marked *