ਝੁੱਗੀ ਉੱਤੇ ਬੱਜਰੀ ਨਾਲ ਭਰਿਆ ਟਿੱਪਰ ਪਲਟਣ ਨਾਲ 10 ਸਾਲਾ ਬੱਚੀ ਦੀ ਮੌਤ

ਮਾਛੀਵਾੜਾ ਸਾਹਿਬ, 20 ਜਨਵਰੀ (ਸ.ਬ.) ਮਾਛੀਵਾੜਾ ਨੇੜਲੇ ਪਿੰਡ ਗੜ੍ਹੀ ਤਰਖਾਣਾ ਵਿਖੇ ਚੜ੍ਹਦੀ ਸਵੇਰ ਨੇ ਇੱਕ ਗਰੀਬ ਪਰਿਵਾਰ ਉੱਤੇ ਕਹਿਰ ਢਾਅ ਦਿੱਤਾ। ਇਸ ਪਰਿਵਾਰ ਦੀ ਝੁੱਗੀ ਉੱਤੇ ਟਿੱਪਰ ਪਲਟਣ ਕਾਰਣ ਉਸ ਵਿੱਚ ਸੁੱਤੀ ਪਈ ਲੜਕੀ ਸੁਲੇਖਾ (10) ਦੀ ਮੌਤ ਹੋ ਗਈ ਜਦਕਿ ਉਸਦੇ ਨਾਨਾ-ਨਾਨੀ ਜਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁੱਲ ਵੱਲ੍ਹ ਜਾ ਰਿਹਾ ਸੀ ਕਿ ਸੰਘਣੀ ਧੁੰਦ ਹੋਣ ਕਾਰਨ ਇਸਦਾ ਚਾਲਕ ਰਸਤੇ ਤੋਂ ਭਟਕ ਗਿਆ ਅਤੇ ਨਾਲ ਲੱਗਦੇ ਲਿੰਕ ਰੋਡ ਵੱਲ੍ਹ ਮੁੜ ਗਿਆ। ਧੁੰਦ ਕਾਰਨ ਉਸਦਾ ਟਿੱਪਰ ਦਰੱਖਤ ਨਾਲ ਟਕਰਾ ਕੇ ਸੰਤੁਲਨ ਗੁਆ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗਰੀਬ ਪਰਿਵਾਰ ਦੀ ਝੁੱਗੀ ਉੱਤੇ ਜਾ ਪਲਟਿਆ।

ਟਿੱਪਰ ਵਿੱਚ ਲੱਦੀ ਬੱਜਰੀ ਝੁੱਗੀ ਵਿੱਚ ਸੁੱਤੇ ਗਰੀਬ ਪਰਿਵਾਰ ਉੱਤੇ ਜਾ ਡਿੱਗੀ, ਜਿਸ ਕਾਰਨ ਉਸ ਵਿੱਚ ਸੁੱਤੀ ਪਈ ਲੜਕੀ ਸੁਲੇਖਾ ਸਮੇਤ ਉਸਦੇ ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਉਸ ਹੇਠਾਂ ਦੱਬੇ ਗਏ। ਟਿੱਪਰ ਪਲਟਣ ਕਾਰਨ ਉੱਥੇ ਹਾਹਾਕਾਰ ਮਚ ਗਈ ਅਤੇ ਨਾਲ ਹੀ ਝੁੱਗੀ ਵਿੱਚ ਰਹਿੰਦੇ ਹੋਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜ਼ਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ ਗਿਆ ਜਦਕਿ ਬੱਚੀ ਸੁਲੇਖਾ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।

ਜਖਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਪੁਲੀਸ ਵੱਲੋਂ ਮ੍ਰਿਤਕ ਸੁਲੇਖਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *