ਝੋਨੇ ਦੀ ਪਰਾਲੀ ਨੂੰ ਨਾ ਜਲਾ ਕੇ ਇਸ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨੀ ਲਾਜ਼ਮੀ: ਡਾ. ਹਰਮੀਤ ਕੌਰ

ਐਸ.ਏ.ਐਸ. ਨਗਰ/ਬਨੂੜ, 31 ਅਗਸਤ (ਸ.ਬ.) ਕ੍ਰਿਸ਼ੀ ਵਿਗਿਆਨ ਕੇਂਦਰ ਐਸ. ਏ. ਐਸ. ਨਗਰ ਦੁਆਰਾ ਸ਼ਹੀਦ ਊਧਮ ਸਿੰਘ ਕਾਲਜ ਆਫ ਰਿਸਰਚ ਅਤੇ ਤਕਨਾਲੋਜੀ, ਤੰਗੋਰੀ ਵਿਖੇ ਡਿਪਟੀ ਡਾਇਰੈਕਟਰ ਡਾ. ਯਸ਼ਵੰਤ ਸਿੰਘ ਦੀ ਅਗਵਾਈ ਹੇਠ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਉਦੇਸ਼ ਝੋਨੇ ਦੀ ਪਰਾਲੀ ਨੂੰ ਨਾ ਜਲਾ ਕੇ ਇਸ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨਾ ਸੀ|
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਹਰਮੀਤ ਕੌਰ ਨੇ ਸਿਖਿਆਰਥੀਆਂ ਨੂੰ ਪਰਾਲੀ ਨੂੰ ਜਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਅਤੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਨਾ ਜਲਾ ਕੇ ਇਸ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰਨੀ ਲਾਜ਼ਮੀ ਹੈ| ਉਹਨਾਂ ਕੀੜੇ ਅਤੇ ਬਿਮਾਰੀਆਂ ਦੀ ਸਰਬਪੱਖੀ ਰੋਕਥਾਮ ਅਤੇ ਜੈਵਿਕ ਖੇਤੀ ਸੰਬੰਧੀ ਵਿਚਾਰ ਵੀ ਸਾਂਝੇ ਕੀਤੇ| ਡਾ. ਪ੍ਰਿਅੰਕਾ ਸੂਰੀਆਵੰਸ਼ੀ ਨੇ ਪਰਾਲੀ ਦੀ ਸਾਂਭ-ਸੰਭਾਲ ਅਤੇ ਇਸ ਦੀ ਖੇਤ ਵਿੱਚ ਮੁੜ ਵਰਤੋਂ ਕਰਨ ਲਈ ਲੋੜੀਂਦੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ| ਡਾ. ਮੁਨੀਸ਼ ਸ਼ਰਮਾ ਨੇ ਪਰਾਲੀ ਦੀ ਬਾਗਬਾਨੀ ਦੀਆਂ ਫਸਲਾਂ ਵਿੱਚ ਵਰਤੋਂ ਸੰਬੰਧੀ ਚਾਨਣਾ ਪਾਇਆ ਅਤੇ ਡਾ. ਸ਼ਸ਼ੀਪਾਲ ਨੇ ਪਸ਼ੂ ਪਾਲਣ ਲਈ ਪਰਾਲੀ ਦੇ ਮਹੱਤਵ ਬਾਰੇ ਦੱਸਿਆ|
ਇਸ ਤੋਂ ਇਲਾਵਾ ਕਾਲਜ ਦੇ ਸਿੱਖਿਆਰਥੀਆਂ ਲਈ ਪਰਾਲੀ ਨਾ ਜਲਾਉਣ ਅਤੇ ਇਸ ਦੀ ਵਰਤੋਂ ਕਰਨ ਸੰਬੰਧੀ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਵੀ ਪ੍ਰਬੰਧ ਕੀਤਾ ਗਿਆ| ਜਿਸ ਵਿੱਚ ਲੈਕਚਰ, ਪੋਸਟਰ ਅਤੇ ਮਾਡਲ ਤਿਆਰ ਕਰਨਾ ਆਦਿ ਸ਼ਾਮਿਲ ਸਨ| ਅੰਤ ਵਿੱਚ ਕੇ. ਵੀ. ਕੇ. ਟੀਮ ਨੇ ਕਾਲਜ ਪ੍ਰਿੰਸੀਪਲ, ਮਾਨਵਜੋਤ ਕੌਰ, ਡਾ. ਅਮਰਜੀਤ ਸਿੰਘ ਅਤੇ ਸਟਾਫ ਦਾ ਅਜਿਹੇ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਧੰਨਵਾਦ ਕੀਤਾ ਅਤੇ ਵਧੀਆ ਕਾਰਗੁਜ਼ਾਰੀ ਲਈ ਸਿਖਿਆਰਥੀਆਂ ਨੂੰ ਇਨਾਮ ਵੀ ਵੰਡੇ|

Leave a Reply

Your email address will not be published. Required fields are marked *